ਲੁਧਿਆਣਾ: ਲੁਧਿਆਣਾ ਦੇ ਪੀਰੂ ਬੰਦਾ ਇਲਾਕੇ ‘ਚ ‘ਦਾ ਟੈਂਪਲ ਆਫ਼ ਗੌਡ ਚਰਚ’ ਦੇ ਬਾਹਰ ਮੋਟਰਸਾਈਕਲ ‘ਤੇ ਸਵਾਰ ਤਿੰਨ ਨੌਜਵਾਨਾਂ ਨੇ ਪਾਸਟਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ। ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਪਾਸਟਰ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਪਾਸਟਰ ਸੁਲਤਾਨ ਮਸੀਹ (50) ਵਜੋਂ ਕੀਤੀ ਗਈ ਹੈ।
ਘਟਨਾ ਸ਼ਨੀਵਾਰ (15 ਜੁਲਾਈ) ਦੇਰ ਰਾਤ ਦੀ ਹੈ। ਇਸ ਸਬੰਧੀ ਗਿਰਜਾ ਘਰ ਦੀ ਇਕ ਸੇਵਾਦਾਰ ਰਾਜੇਸ਼ਵਰੀ ਨੇ ਦੱਸਿਆ ਕਿ ਉਹ ਤੇ ਕੇਹਰ ਸਿੰਘ ਨਾਮਕ ਵਿਅਕਤੀ ਕਾਫ਼ੀ ਸਾਲਾਂ ਤੋਂ ‘ਦਾ ਟੈਂਪਲ ਆਫ਼ ਗੌਡ ਚਰਚ’ ‘ਚ ਸੇਵਾ ਨਿਭਾਅ ਰਹੇ ਹਨ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਰਾਤ ਜਦੋਂ ਪਾਸਟਰ ਸੁਲਤਾਨ ਮਸੀਹ ਦੀ ਪਤਨੀ ਸਰਬਜੀਤ ਤੇ ਉਸ ਦਾ 24 ਸਾਲਾ ਲੜਕਾ ਅਲੀਸ਼ਾ ਦਵਾਈ ਲੈਣ ਲਈ ਹਸਪਤਾਲ ਗਏ ਹੋਏ ਸਨ ਤਾਂ ਗਿਰਜਾ ਘਰ ‘ਚ ਪਾਸਟਰ ਸੁਲਤਾਨ ਮਸੀਹ ਮੌਜੂਦ ਸੀ। ਇਸ ਮੌਕੇ ਉਨ੍ਹਾਂ ਨੂੰ ਕਿਸੇ ਅਣਪਛਾਤੇ ਵਿਅਕਤੀ ਦਾ ਫੋਨ ਆਇਆ ਤੇ ਉਹ ਫੋਨ ਸੁਣਦੇ-ਸੁਣਦੇ ਗਿਰਜਾ ਘਰ ਦੇ ਬਾਹਰ ਆ ਗਏ। ਉਨ੍ਹਾਂ ਦੱਸਿਆ ਕਿ ਜਦੋਂ ਉਹ ਗੇਟ ਦੇ ਬਾਹਰ ਪਹੁੰਚੇ ਤਾਂ ਮੋਟਰਸਾਈਕਲ ‘ਤੇ ਆਏ ਤਿੰਨ ਨੌਜਵਾਨਾਂ ਨੇ ਪਾਸਟਰ ‘ਤੇ ਗੋਲੀਆਂ ਚਲਾ ਦਿੱਤੀਆਂ। ਰਾਜੇਸ਼ਵਰੀ ਨੇ ਦੱਸਿਆ ਕਿ ਗੋਲੀਆਂ ਦੀ ਆਵਾਜ਼ ਸੁਣ ਕੇ ਉਹ ਬਾਹਰ ਆਈ ਤਾਂ ਪਾਸਟਰ ਸੁਲਤਾਨ ਮਸੀਹ ਜ਼ਮੀਨ ‘ਤੇ ਡਿੱਗੇ ਪਏ ਸਨ। ਰਾਜੇਸ਼ਵਰੀ ਦੇ ਰੌਲਾ ਪਾਉਣ ‘ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਫੌਰੀ ਪਾਸਟਰ ਨੂੰ ਡੀ.ਐਮ.ਸੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਕਮਿਸ਼ਨਰ ਆਰ.ਐਨ. ਢੋਕੇ, ਡੀ.ਸੀ.ਪੀ. ਇਨ. ਗਗਨ ਅਜੀਤ ਸਿੰਘ, ਏ.ਡੀ.ਸੀ.ਪੀ. ਕ੍ਰਾਈਮ ਸਤਨਾਮ ਸਿੰਘ, ਏ.ਡੀ.ਸੀ.ਪੀ-1 ਰਤਨ ਸਿੰਘ ਬਰਾੜ ਸਮੇਤ ਪੰਜ ਥਾਣਿਆਂ ਦੇ ਮੁਖੀ ਸਮੇਤ ਸੀ.ਆਈ.ਏ. ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪਾਸਟਰ ਦੀ ਮੌਤ ਤੋਂ ਬਾਅਦ ਚਰਚ ਵਿਖੇ ਕਾਫੀ ਗਿਣਤੀ ‘ਚ ਲੋਕ ਪਹੁੰਚ ਗਏ।