ਚੰਡੀਗੜ੍ਹ: ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਸ. ਖੁਸ਼ਹਾਲ ਸਿੰਘ ਨੇ ਪੈ੍ਰਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਸਿੱਖਾਂ ਕੋਲੋਂ ਰਾਜਸੀ ਤਾਕਤ ਹਾਸਲ ਕਰਕੇ, ਮੁੜ ਸਿੱਖਾਂ ਨੂੰ ਹੀ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਬਣੀਆਂ ਸਰਕਾਰਾਂ ਮੌਕੇ ਇਕ ਦਰਜਨ ਅਜਿਹੇ ਗੋਲੀ ਕਾਂਡ ਵਾਪਰੇ ਜਿਨ੍ਹਾਂ ‘ਚ ਦਰਜਨਾਂ ਹੀ ਬੇਕਸੂਰ ਸਿੱਖਾਂ ਨੂੰ ਆਪਣੀਆਂ ਕੀਮਤੀ ਜਾਨਾਂ ਗਵਾਉਣੀਆਂ ਪਈਆਂ।
ਇਨ੍ਹਾਂ ਗੋਲੀ ਕਾਂਡਾਂ ‘ਚ ਅੰਮ੍ਰਿਤਸਰ, ਸੁਨਾਮ, ਲੁਧਿਆਣਾ, ਗੁਰਦਾਸਪੁਰ, ਤਰਨਤਾਰਨ, ਕੋਟਕਪੂਰਾ ਅਤੇ ਬਹਿਬਲ ਕਲਾਂ ਪ੍ਰਮੁੱਖ ਹਨ ਜਿੱਥੇ ਦਰਜਨਾਂ ਸਿੰਘ ਸ਼ਹੀਦ ਹੋਏ।ਸਿੰਘ ਸਭਾ ਦੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਲੁਧਿਆਣਾ ਗੋਲੀ ਕਾਂਡ ‘ਚ ਭਾਈ ਦਰਸ਼ਨ ਸਿੰਘ ਅਤੇ ਗੁੁਰਦਾਸਪੁਰ ਗੋਲੀ ਕਾਂਡ ‘ਚ ਸ਼ਹੀਦ ਹੋਏ ਭਾਈ ਜਸਪਾਲ ਸਿੰਘ ਸਬੰਧੀ ਬਣਾਏ ਗਏ ਜਾਂਚ ਕਮਿਸ਼ਨਾਂ ਦੀਆਂ ਰਿਪੋਰਟਾਂ ਵੀ ਤੁਰੰਤ ਜਾਰੀ ਕੀਤੀਆਂ ਜਾਣ।
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਆਗੂਆਂ ਨੇ ਕਿਹਾ ਕਿ ਲੁਧਿਆਣਾ ਤੇ ਗੁਰਦਾਸਪੁਰ ਗੋਲੀ ਕਾਂਡ ਦੇ ਦੋਸ਼ੀਆਂ ਵਿਰੁੱਧ ਧਾਰਾ 302 ਅਧੀਨ ਮੁਕੱਦਮਾ ਦਰਜ ਕੀਤਾ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ‘ਚ ਸ਼ਾਮਿਲ ਸਾਰੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ‘ਤੇ ਚੜ੍ਹਾਏ ਜਾਣ ਦੇ ਅਦਾਲਤੀ ਹੁਕਮ ਉਪਰੰਤ 29 ਮਾਰਚ 2012 ਨੂੰ ਪੰਜਾਬ ਭਰ ਵਿੱਚ ਚੱਲੀ ਕੇਸਰੀ ਲਹਿਰ ਦੌਰਾਨ ਸਿੱਖ ਜਥੇਬੰਦੀਆਂ ਨੇ ਗੁਰਦਾਸਪੁਰ ਵਿਚ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਸੀ, ਜਿਸ ਦੌਰਾਨ ਹਿੰਦੂ ਜੱਥੇਬੰਦੀਆਂ ਨੇ ਸਰਕਾਰ ਖਿਲਾਫ ਸਿੱਖਾਂ ਦੇ ਇਸ ਰੋਸ ਮਾਰਚ ਦਾ ਵਿਰੋਧ ਕੀਤਾ। ਬਾਅਦ ਵਿੱਚ ਪੰਜਾਬ ਪੁਲਿਸ ਵੱਲੋਂ ਸ਼ਾਤਮਈ ਰੋਸ ਜ਼ਾਹਿਰ ਕਰ ਰਹੇ ਸਿੱਖ ‘ਤੇ ਬਿਨ੍ਹਾ ਚੇਤਾਵਨੀ ਦਿੱਤਿਆਂ, ਬਿਨ੍ਹਾਂ ਲਾਠੀਚਾਰਜ ਕੀਤਿਆਂ, ਬਿਨ੍ਹਾਂ ਕੋਈ ਪਾਣੀ ਦੀਆਂ ਬੁਛਾੜਾਂ ਕੀਤਿਆਂ ਜਾਂ ਅੱਥਰੂ ਗੈਸ ਦੇ ਗੋਲੇ ਚਲਾਇਆਂ (ਜੋ ਕਿ ਆਮ ਤੌਰ ਤੇ ਕਿਸੇ ਵੀ ਭੀੜ ਨੂੰ ਖਿਲਾਰਨ ਲਈ ਵਰਤੇ ਜਾਂਦੇ ਹਨ) ਸਿੱਧੀ ਗੋਲੀਆਂ ਚਲਾਕੇ 29 ਮਾਰਚ 2012 ਨੂੰ ਸਿੱਖ ਨੌਜਵਾਨ ਭਾਈ ਜਸਪਾਲ ਸਿੰਘ ਨੂੰ ਪੰਜਾਬ ਪੁਲਿਸ ਵੱਲੋਂ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਲੁਧਿਆਣੇ ਸ਼ਹਿਰ ’ਚ ਪੰਥੀ ਵਿਰੋਧੀ ਅਤੇ ਸਿੱਖ ਗੁਰੂ ਸਾਹਿਬਾਨਾਂ ਖਿਲਾਫ ਕੂੜ ਪ੍ਰਚਾਰ ਕਰਨ ਵਾਲੇ ਨੂਰਮਹਿਲੀਏ ਆਸ਼ੂਤੋਸ਼ ਦੇ ਸਮਾਗਮ ਦੇ ਵਿਰੋਧ ’ਚ ਸ਼ਾਂਤਮਈ ਰੋਸ ਮਾਰਚ ਕਰਦੇ ਹੋਏ ਸਿੰਘਾਂ ਤੇ ਪੁਲਿਸ ਨੇ ਗੋਲੀ ਚਲਾ ਦਿੱਤੀ ਸੀ, ਜਿਸ ਵਿੱਚ ਭਾਈ ਦਰਸ਼ਨ ਸਿੰਘ ਲੁਹਾਰਾ ਜੀ ਸ਼ਹੀਦ ਹੋ ਗਏ ਅਤੇ ਦਰਜਨਾਂ ਸਿੰਘ ਸਖਤ ਜ਼ਖਮੀ ਹਨ।