ਲ਼ੁਧਿਆਣਾ (16 ਜਨਵਰੀ, 2012 – ਸਿੱਖ ਸਿਆਸਤ): ਲੁਧਿਆਣਾ ਕਚਹਿਰੀਆਂ ਵਿਚ ਅੱਜ ਸਵੇਰ ਤੋਂ ਹੀ ਪੁਲਿਸ ਵਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਸਨ ਕਿਉਂਕਿ ਅੱਜ ਲੁਧਿਆਣਾ ਵਿਚ ਭਾਈ ਦਲਜੀਤ ਸਿੰਘ ਬਿੱਟੂ, ਭਾਈ ਜਗਤਾਰ ਸਿੰਘ ਹਵਾਰਾ ਅਤੇ ਹੋਰਨਾਂ ਸਿੰਘਾਂ ਦੀਆਂ ਤਰੀਕ ਪੇਸ਼ੀਆਂ ਸਨ। ਭਾਈ ਦਲਜੀਤ ਸਿੰਘ ਬਿੱਟੂ ਨੂੰ ਕੇਂਦਰੀ ਜੇਲ੍ਹ ਗੁਮਟਾਲਾ (ਅੰਮ੍ਰਿਤਸਰ) ਤੋਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਤਿਹਾੜ ਜੇਲ੍ਹ ਦਿੱਲੀ ਤੋਂ ਅਤੇ ਭਾਈ ਗੁਰਪ੍ਰੀਤ ਸਿੰਘ ਖ਼ਾਲਸਾ ਨੂੰ ਸਕਿਊਰਿਟੀ ਜੇਲ੍ਹ ਨਾਭਾ ਤੋਂ ਸਖਤ ਸੁਰੱਖਿਆ ਪ੍ਰਬੰਧਾਂ ਅਧੀਨ ਲਿਆ ਕੇ ਪੇਸ਼ ਕੀਤਾ ਗਿਆ। ਇਹ ਜਾਣਕਾਰੀ ਸਿੰਘਾਂ ਦੇ ਵਕੀਲ ਤੇ ਅਕਾਲੀ ਦਲ ਪੰਚ ਪਰਧਾਨੀ ਦੇ ਮੀਡੀਆ ਕਮੇਟੀ ਮੈਂਬਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦਿੱਤੀ।
ਭਾਈ ਦਲਜੀਤ ਸਿੰਘ ਬਿੱਟੂ ਨੂੰ ਵਧੀਕ ਸੈਸ਼ਨ ਜੱਜ ਕਰਮਜੀਤ ਸਿੰਘ ਦੀ ਕੋਰਟ ਵਿਚ 1987 ਦੇ ਪੰਜਾਬ ਨੈਸ਼ਨਲ ਬੈਂਕ ਲੁਧਿਆਣਾ ਦੀ ਬੈਂਕ ਡਕੈਤੀ ਦੇ ਕੇਸ ਵਿਚ ਪੇਸ਼ ਕੀਤਾ ਗਿਆ। ਇਸ ਕੇਸ ਦੇ ਹੁਕਮ ਦੀਆਂ ਜੁਲਾਈ 2011 ਤੋਂ ਤਰੀਕਾਂ ਪੈ ਰਹੀਆਂ ਹਨ। ਪਰ ਅਜੇ ਤਕ ਫੈਸਲਾ ਸੁਣਾਇਆ ਨਹੀਂ ਗਿਆ। ਇਸ ਕੇਸ ਵਿਚ ਭਾਈ ਦਲਜੀਤ ਸਿੰਘ ਤੋਂ ਇਲਾਵਾ ਭਾਈ ਗੁਰਸ਼ਰਨ ਸਿੰਘ ਗਾਮਾ ਤੇ ਹੋਰ ਸਿੱਖਾਂ ਦੀ ਤਰੀਕ ਪੇਸ਼ੀ ਸੀ। ਇਸ ਕੇਸ ਦੇ ਅਗਲੀ ਤਰੀਕ ਪੇਸ਼ੀ 27 ਜਨਵਰੀ 2012 ਪੈ ਗਈ ਹੈ।
ਭਾਈ ਜਗਤਾਰ ਸਿੰਘ ਹਵਾਰਾ ਨੂੰ 1996 ਦੇ ਦੋ ਕੇਸਾਂ ਵਿਚ ਕਰਮਵਾਰ ਸੈਸ਼ਨ ਜੱਜ ਐਸ.ਪੀ. ਬੰਗੜ, ਤੇ ਮੁੱਖ ਜੁਡੀਸ਼ੀਅਲ ਮੈਜਿਸਟ੍ਰੇਟ ਬਲਵਿੰਦਰ ਕੁਮਾਰ ਸ਼ਰਮਾ ਦੀਆਂ ਅਦਾਲਤਾਂ ਵਿਚ ਪੇਸ਼ ਕੀਤਾ ਗਿਆ। ਦੋਨਾਂ ਕੇਸਾਂ ਵਿਚ ਸਰਕਾਰੀ ਗਵਾਹੀਆਂ ਭੁਗਤ ਰਹੀਆਂ ਹਨ ਅਤੇ ਦੋਨਾਂ ਕੇਸਾਂ ਦੇ ਅਗਲੀ ਤਰੀਕ ਪੇਸ਼ੀ 2 ਮਾਰਚ 2012 ਪੈ ਗਈ ਹੈ।