ਲੁਧਿਆਣਾ (22 ਸਤੰਬਰ, 2011): ਅੱਜ ਭਾਈ ਦਲਜੀਤ ਸਿੰਘ ਨੂੰ ਲੁਧਿਆਣਾ ਦੀ ਆਦਲਤ ਵਿਚ ਪੁਲਿਸ ਵੱਲੋਂ ਅੰਮ੍ਰਿਤਸਰ ਜੇਲ੍ਹ ਤੋਂ ਲਿਆ ਕੇ ਪੇਸ਼ ਕੀਤਾ ਗਿਆ। ਜੇਲ੍ਹ ਗਾਰਦ ਵੱਲੋਂ ਇਸ ਪੇਸ਼ੀ ਲਈ ਅੰਮ੍ਰਿਤਸਰ ਤੋਂ ਘੰਟਿਆਂ ਬੱਧੀ ਸਫਰ ਕਰਕੇ ਭਾਈ ਦਲਜੀਤ ਸਿੰਘ ਨੂੰ ਅਦਾਲਤ ਵਿਚ ਪੇਸ਼ ਕੀਤਾ ਪਰ ਜੱਜ ਸਾਹਿਬ ਨੇ ਪੰਜ ਮਿਨਟ ਤੋਂ ਵੀ ਘੱਟ ਸਮੇਂ ਵਿਚ 8 ਅਕਤੂਬਰ ਅਗਲੀ ਤਰੀਕ ਮਿੱਥ ਦਿੱਤੀ।
ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਜੋ ਪੰਚ ਪ੍ਰਧਾਨੀ ਦੇ ਮੀਡੀਆ ਕਮੇਟੀ ਮੈਂਬਰ ਹਨ, ਤੇ ਭਾਈ ਦਲਜੀਤ ਸਿੰਘ ਦੇ ਨਾਲ ਇਸ ਕੇਸ ਵਿਚ ਪੁਲਿਸ ਨੇ ਉਨ੍ਹਾਂ ਨੂੰ ਵੀ ਨਾਮਜਦ ਕੀਤਾ ਹੈ, ਨੇ ਜਾਣਕਾਰੀ ਦਿੱਤੀ ਕਿ ਅਗਸਤ 2009 ਦੇ ਇਸ ਕੇਸ ਵਿਚ ਫਰਵਰੀ 2011 ਵਿਚ ਵਿਚ ਪਹਿਲੀ ਗਵਾਹੀ ਸ਼ੁਰੂ ਹੋਈ ਸੀ, ਜੋ ਇਕ-ਦੋ ਤਰੀਕਾਂ ਤੋਂ ਬਾਅਦ ਹੀ ਰੁਕ ਗਈ ਅਤੇ ਹੁਣ ਇਸ ਕੇਸ ਵਿਚ ਅੱਗੇ ਤਰੀਕਾਂ ਪਾਉਣ ਤੋਂ ਇਲਾਵਾ ਹੋਰ ਕੋਈ ਕਾਰਵਾਈ ਨਹੀਂ ਹੋ ਰਹੀ। ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿਖੇ ਭਾਈ ਦਲਜੀਤ ਸਿੰਘ ਉੱਤੇ ਇਹ ਕੇਸ ਬਾਦਲ ਸਰਕਾਰ ਵੱਲੋਂ ਸਿਆਸੀ ਵਿਰੋਧ ਕਾਰਨ ਅਗਸਤ 2009 ਵਿਚ ਪਾਇਆ ਸੀ। ਪੁਲਿਸ ਨੇ ਇਸ ਕੇਸ ਵਿਚ ਕੁੱਲ 53 ਗਵਾਹ ਰੱਖੇ ਹਨ ਪਰ ਦੋ ਸਾਲ ਬੀਤ ਜਾਣ ਉੱਤੇ ਵੀ ਇਸ ਕੇਸ ਵਿਚ ਇਕ ਵੀ ਗਵਾਹੀ ਪੂਰੀ ਨਹੀਂ ਹੋ ਸਕੀ।