ਸਿਆਸੀ ਖਬਰਾਂ

ਦਿੱਲੀ ਦੇ ਉਪ ਰਾਜਪਾਲ ਵੱਲੋਂ ਭਾਜਪਾ ਨੂੰ ਸਰਕਾਰ ਬਣਾਉਣ ਲਈ ਦਿੱਤਾ ਜਾ ਸਕਦਾ ਹੈ ਸੱਦਾ

By ਸਿੱਖ ਸਿਆਸਤ ਬਿਊਰੋ

October 28, 2014

ਨਵੀਂ ਦਿੱਲੀ (28 ਅਕਤੂਬਰ, 2014): ਪਿੱਛਲੇ ਕਈ ਮਹੀਨਿਆਂ ਤੋਂ ਸਰਕਾਰ ਤੋਂ ਬਿਨਾਂ ਚੱਲ ਰਹੀ ਦਿੱਲੀ ਵਿੱਚ ਸਰਕਾਰ ਬਣਾਉਣ ਲਈ ਦਿੱਲੀ ਵਿਧਾਨ ਸਭਾ ਵਿੱਚ ਸਭ ਤੋਂ ਵੱਧ ਸੀਟਾ ਪ੍ਰਾਪਤ ਭਾਜਪਾ ਨੂੰ ਸਰਕਾਰ ਦਾ ਗਠਨ ਕਰਨ ਲਈ ਸੱਦਾ ਦਿੱਤਾ ਜਾ ਸਕਦਾ ਹੈ। ਮੌਜੂਦਾ ਸਮੇਂ ਦਿੱਲੀ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੈ ਅਤੇ ਦਿੱਲੀ ਦੇ ਪ੍ਰਸ਼ਾਸ਼ਨ ਦੀ ਜ਼ਿਮੇਵਾਰੀ ਦਿੱਲੀ ਦੇ ਉਪ ਰਾਜਪਾਲ ਨਜ਼ੀਬ ਜ਼ੰਗ ‘ਤੇ ਹੈ।

ਦਿੱਲੀ ‘ਚ ਸਰਕਾਰ ਬਣਾਉਣ ਨੂੰ ਲੈ ਕੇ ਇਕ ਵਾਰ ਫਿਰ ਹਲਚਲ ਤੇਜ਼ ਹੋ ਗਈ ਹੈ। ਇਸ ਬਾਬਤ ਉਪ ਰਾਜਪਾਲ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਤੋਂ ਇਜਾਜ਼ਤ ਮੰਗੀ ਸੀ। ਦੱਸਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਵਲੋਂ ਉੱਪ ਰਾਜਪਾਲ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਸੂਤਰਾਂ ਮੁਤਾਬਿਕ ਪ੍ਰਣਬ ਮੁਖਰਜੀ ਨੇ ਦਿੱਲੀ ‘ਚ ਸਰਕਾਰ ਬਣਾਉਣ ਦਾ ਸੱਦਾ ਭਾਜਪਾ ਨੂੰ ਦੇਣ ‘ਤੇ ਸਹਿਮਤੀ ਜਾਹਰ ਕਰ ਦਿੱਤੀ ਹੈ।

ਰਿਪੋਰਟ ਮੁਤਾਬਿਕ ਰਾਸ਼ਟਰਪਤੀ ਨੇ ਦਿੱਲੀ ਦੇ ਐਲ.ਜੀ. ਨਜੀਬ ਜੰਗ ਨੂੰ ਇਹ ਕਿਹਾ ਹੈ ਕਿ ਉਹ ਭਾਜਪਾ ਨੂੰ ਸੱਦਾ ਦੇ ਕੇ ਸਰਕਾਰ ਬਣਾਉਣ ਦੀਆਂ ਸੰਭਾਵਨਾਵਾਂ ਬਣਾਉਣ। ਗੌਰਤਲਬ ਹੈ ਕਿ ਦਿੱਲੀ ‘ਚ ਭਾਜਪਾ ਇਸ ਵਕਤ ਸਭ ਤੋਂ ਵੱਡੀ ਪਾਰਟੀ ਹੈ। ਫ਼ਿਲਹਾਲ 70 ਸੀਟਾਂ ਵਾਲੀ ਦਿੱਲੀ ਵਿਧਾਨ ਸਭਾ ‘ਚ 67 ਵਿਧਾਇਕ ਹਨ ਕਿਉਂਕਿ ਭਾਜਪਾ ਦੇ 3 ਐਮ.ਐਲ.ਏ. ਸੰਸਦ ਮੈਂਬਰ ਬਣ ਚੁੱਕੇ ਹਨ ਅਤੇ ਉਨ੍ਹਾਂ ਸੀਟਾਂ ‘ਤੇ ਉਪ ਚੋਣਾਂ ਹੋਣੀਆਂ ਹਨ।

ਇਸ ਸਮੇਂ ਦਿੱਲੀ ਵਿਧਾਨ ਸਭਾ ਦੀਆਂ ਕੁੱਲ 67 ਸੀਟਾਂ ਵਿੱਚੋਂ ਭਾਜਪਾ ਕੋਲ ਸਭ ਤੋਂ ਵੱਧ 28 ਸੀਟਾਂ ਹਨ, ਆਮ ਆਦਮੀ ਪਾਰਟੀ ਕੋਲ 28 ਅਤੇ ਕਾਂਗਰਸ ਕੋਲ ਸਿਰਫ 8 ਸੀਟਾਂ ਹਨ।

ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਇਸ ਦਾ ਵਿਰੋਧ ਕਰਦਿਆਂ ਭਾਜਪਾ ‘ਤੇ ਪਹਿਲਾਂ ਵੀ ਦੋਸ਼ ਲਾਏ ਸਨ ਕਿ ਭਾਜਪਾ ਦਿੱਲੀ ਵਿੱਚ ਹਾਰ ਦੇ ਡਰ ਤੋਂ ਚੋਣਾਂ ਕਰਵਾਉਣ ਤੋਂ ਭੱਜ ਰਹੀ ਹੈ। ਦਿੱਲੀ ਵਿੱਚ ਭਾਜਪਾ ਨੂੰ ਹਾਰ ਸਾਹਮਣੇ ਦਿੱਸ ਰਹੀ ਹੈ। ਇਸੇ ਕਰਕੇ ਹੀ ਭਾਜਪਾ ਚੋਣਾਂ ਲੜਨ ਤੋਂ ਕਿਨਾਰਾ ਕਰ ਰਹੀ ਹੈ।ਉਨ੍ਹਾਂ ਕਿਹਾ ਸੀ ਕਿ ਦਿੱਲੀ ਵਿਧਾਨਸਭਾ ਦੀਆਂ ਚੋਣਾ ਵਿੱਚ ਆਮ ਆਦਮੀ ਪਾਰਟੀ ਸਪੱਸ਼ਟ ਬਹੁਮਤ ਪ੍ਰਾਪਤ ਕਰਕੇ ਇਕੱਲਿਆਂ ਸਰਕਾਰ ਬਣਾਏਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: