ਲੰਡਨ ਪੁਲੀਸ ਦੇ ਮੁਲਾਜ਼ਮ ਦਹਿਸ਼ਤੀ ਹਮਲੇ ਵਾਲੀ ਥਾਂ ਦਾ ਮੁਆਇਨਾ ਕਰਦੇ ਹੋਏ

ਕੌਮਾਂਤਰੀ ਖਬਰਾਂ

ਬਰਤਾਨੀਆ: ਸੰਸਦ ਹਮਲੇ ਦੇ ਸਬੰਧ ‘ਚ 8 ਗ੍ਰਿਫਤਾਰੀਆਂ; ਹਮਲਾਵਰ ਬਾਰੇ ਪੁਲਿਸ ਪਹਿਲਾਂ ਤੋਂ ਜਾਣਦੀ ਸੀ

By ਸਿੱਖ ਸਿਆਸਤ ਬਿਊਰੋ

March 24, 2017

ਲੰਡਨ: ਬਰਤਾਨਵੀ ਸੰਸਦ ਦੇ ਬਾਹਰ ਹੋਏ ਹਮਲੇ ਮਗਰੋਂ ਲੰਡਨ ਤੇ ਬਰਮਿੰਘਮ ਵਿੱਚ ਅਤਿਵਾਦ ਵਿਰੋਧੀ ਅਧਿਕਾਰੀਆਂ ਵੱਲੋਂ ਮਾਰੇ ਛਾਪਿਆਂ ਦੌਰਾਨ ਕੱਲ੍ਹ (ਵੀਰਵਾਰ) ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਹਮਲੇ ਵਿੱਚ ਹਮਲਾਵਰ ਸਣੇ ਚਾਰ ਜਣੇ ਮਾਰੇ ਗਏ ਅਤੇ 40 ਹੋਰ ਜ਼ਖ਼ਮੀ ਹੋ ਗਏ। ਇਸ ਹਮਲੇ ਦੀ ਜ਼ਿੰਮੇਵਾਰੀ ਆਈਐਸਆਈਐਸ ਨੇ ਲਈ ਹੈ। ਜਥੇਬੰਦੀ ਵੱਲੋਂ ਆਪਣੇ ਪ੍ਰਚਾਰ ਲਈ ਬਣਾਈ ਖ਼ਬਰ ਏਜੰਸੀ ‘ਅਮਾਕ’ ਨੇ ਕਿਹਾ ਕਿ “ਖਲੀਫ਼ਾ ਦੇ ਸਿਪਾਹੀ” ਨੇ ਬਰਤਾਨਵੀ ਸੰਸਦ ਉਤੇ ਹਮਲੇ ਨੂੰ ਅੰਜ਼ਾਮ ਦਿੱਤਾ।

ਸਕਾਟਲੈਂਡ ਯਾਰਡ ਦੇ ਕਾਰਜਕਾਰੀ ਡਿਪਟੀ ਕਮਿਸ਼ਨਰ ਅਤੇ ਅਤਿਵਾਦ ਵਿਰੋਧੀ ਦਸਤੇ ਦੇ ਮੁਖੀ ਮਾਰਕ ਰਾਓਲੇ ਨੇ ਕਿਹਾ ਕਿ ਜਾਂਚ ਅਹਿਮ ਪੜਾਅ ਵਿੱਚ ਹੈ ਅਤੇ ਹਮਲਾਵਰ ਦੀ ਪਛਾਣ ਖਾਲਿਦ ਮਸੂਦ (52 ਸਾਲ) ਵਜੋਂ ਹੋਈ ਹੈ। ਬੀਤੀ ਰਾਤ ਤੋਂ ਮਿਡਲੈਂਡ ਪੁਲਿਸ ਅਧਿਕਾਰੀਆਂ ਨੇ ਸ਼ਹਿਰ ਦੇ ਇਕ ਫਲੈਟ ਵਿੱਚ ਛਾਪਾ ਮਾਰਿਆ। ਮੰਨਿਆ ਜਾ ਰਿਹਾ ਹੈ ਕਿ ਇਹ ਫਲੈਟ ਹਮਲਾਵਰ ਦਾ ਸੀ। ਇੱਥੋਂ ਕਈ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਹਮਲਾਵਰ ਕਾਰ ਨੂੰ ਤੇਜ਼ੀ ਨਾਲ ਭਜਾ ਕੇ ਲਿਆਇਆ ਅਤੇ ਸੰਸਦ ਦੇ ਗੇਟ ਉਤੇ ਇਕ ਪੁਲੀਸ ਅਫ਼ਸਰ ਨੂੰ ਚਾਕੂ ਮਾਰ ਦਿੱਤਾ। ਇਸ ਮਗਰੋਂ ਸਕਾਟਲੈਂਡ ਯਾਰਡ ਦੇ ਅਫ਼ਸਰਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਪਤਾ ਚੱਲਿਆ ਹੈ ਕਿ ਸ਼ੱਕੀ ਅਤਿਵਾਦੀ ਨੇ ਵੈਸਟਮਿੰਸਟਰ ਬ੍ਰਿਜ ਉਤੇ ਰਾਹਗੀਰਾਂ ਨੂੰ ਕੁਚਲਣ ਲਈ ਜਿਸ 4×4 ਕਾਰ ਦੀ ਵਰਤੋਂ ਕੀਤੀ ਸੀ, ਉਹ ਬਰਮਿੰਘਮ ਦੇ ਸੋਲੀਹਲ ਇਲਾਕੇ ਤੋਂ ਕਿਰਾਏ ’ਤੇ ਲਈ ਗਈ ਸੀ। ਹਮਲੇ ਵਿੱਚ ਪੁਲਿਸ ਅਫ਼ਸਰ ਪੀਸੀ ਕੀਥ ਪਾਲਮਰ ਦੀ ਮੌਤ ਦੇ ਸੋਗ ਵਜੋਂ ਲੰਡਨ ਦੇ ਨਿਊ ਸਕਾਟਲੈਂਡ ਯਾਰਡ ਵਿੱਚ ਝੰਡਾ ਅੱਧਾ ਝੁਕਾਇਆ ਗਿਆ।

ਸਬੰਧਤ ਖ਼ਬਰ: Sikh Federation UK Condemns Attack on British Parliament …

ਹਮਲੇ ਦੇ ਮੱਦੇਨਜ਼ਰ ਕੈਨੇਡਾ ਨੇ ਆਪਣੀ ਸੰਸਦ ਦੁਆਲੇ ਸੁਰੱਖਿਆ ਪੁਖ਼ਤਾ ਕਰ ਦਿੱਤੀ। ਸਿੱਖ ਫੈਡਰੇਸ਼ਨ (ਯੂਕੇ) ਨੇ ਹਮਲੇ ਦੀ ਨਿਖੇਧੀ ਕਰਦਿਆਂ ਸਭ ਤਰ੍ਹਾਂ ਦੀ ਹਿੰਸਾ ਤੇ ਅਤਿਵਾਦ ਵਿਰੁੱਧ ਇਕਜੁੱਟ ਹੋਣ ਦਾ ਸੱਦਾ ਦਿੱਤਾ। ਫੈਡਰੇਸ਼ਨ ਨੇ ਸਿੱਖਾਂ ਨੂੰ ਸ਼ਾਂਤ ਤੇ ਜ਼ਿਆਦਾ ਚੌਕਸ ਰਹਿਣ ਦੀ ਅਪੀਲ ਕੀਤੀ।

ਸਬੰਧਤ ਖ਼ਬਰ: ISIS Claims Responsibility For The Westminster Attack In London, Says Media Reports …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: