ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਨੇ ਵੀਰਵਾਰ 12 ਜਨਵਰੀ ਨੂੰ 23 ਵਿਧਾਨ ਸਭਾ ਹਲਕਿਆਂ ਵਿੱਚੋਂ 17 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਨ੍ਹਾਂ ਉਮੀਦਵਾਰਾਂ ਸਬੰਧੀ ਫੈਸਲਾ ਬੁੱਧਵਾਰ ਨੂੰ ਨਵੀਂ ਦਿੱਲੀ ’ਚ ਹੋਈ ਸੰਸਦੀ ਬੋਰਡ ਦੀ ਮੀਟਿੰਗ ਦੌਰਾਨ ਲੈ ਲਿਆ ਗਿਆ ਸੀ। ਪਾਰਟੀ ਵੱਲੋਂ ਕੁਝ ਨਵੇਂ ਚਿਹਰੇ ਮੈਦਾਨ ’ਚ ਉਤਾਰੇ ਗਏ ਹਨ। ਪੰਜਾਬ ਦੀ ਗੱਠਜੋੜ ਸਰਕਾਰ ਵਿਚਲੇ ਚਾਰ ਮੰਤਰੀਆਂ ਭਗਤ ਚੁੰਨੀ ਲਾਲ, ਮਦਨ ਮੋਹਨ ਮਿੱਤਲ, ਅਨਿਲ ਜੋਸ਼ੀ ਅਤੇ ਸੁਰਜੀਤ ਕੁਮਾਰ ਜਿਆਣੀ, ਸੋਮ ਪ੍ਰਕਾਸ਼, ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੀਆਂ ਟਿਕਟਾਂ ’ਤੇ ਤਲਵਾਰ ਲਟਕ ਗਈ ਹੈ। ਭਗਤ ਤੇ ਮਿੱਤਲ ਖੁਦ ਨੂੰ ਲਾਂਭੇ ਕਰ ਕੇ ਆਪਣੇ ਪੁੱਤਰਾਂ ਨੂੰ ਟਿਕਟਾਂ ਦਿਵਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ। ਜੋਸ਼ੀ, ਕਾਲੀਆ ਅਤੇ ਸੋਮ ਪ੍ਰਕਾਸ਼ ਦੀਆਂ ਟਿਕਟਾਂ ਪਾਰਟੀ ਦੀ ਅੰਦਰੂਨੀ ਧੜੇਬੰਦੀ ਦਾ ਸ਼ਿਕਾਰ ਬਣੀਆਂ ਹੋਈਆਂ ਹਨ। ਫਾਜ਼ਿਲਕਾ ਹਲਕੇ ਤੋਂ ਰਾਜਸੀ ਸਮੀਕਰਨ ਬਦਲੇ ਹੋਣ ਕਾਰਨ ਸੁਰਜੀਤ ਜਿਆਣੀ ਦੀ ਟਿਕਟ ਵੀ ਲਮਕ ਗਈ ਹੈ। ਇਨ੍ਹਾਂ ਟਿਕਟਾਂ ਸਬੰਧੀ ਫ਼ੈਸਲਾ ਦੋ ਤੋਂ ਚਾਰ ਦਿਨਾਂ ਵਿਚਕਾਰ ਹੋਣ ਦੇ ਆਸਾਰ ਹਨ।
ਭਾਜਪਾ ਦੀ ਪਹਿਲੀ ਸੂਚੀ ਵਿੱਚ ਸੁਜਾਨਪੁਰ ਤੋਂ ਦਿਨੇਸ਼ ਸਿੰਘ ਬੱਬੂ, ਪਠਾਨਕੋਟ ਤੋਂ ਅਸ਼ਵਨੀ ਸ਼ਰਮਾ, ਦੀਨਾਨਗਰ (ਰਿਜ਼ਰਵ) ਤੋਂ ਬੀ ਡੀ ਧੁੱਪਰ, ਭੋਆ (ਰਿਜ਼ਰਵ) ਤੋਂ ਸੀਮਾ ਕੁਮਾਰੀ, ਮੁਕੇਰੀਆਂ ਤੋਂ ਅਰੁਣੇਸ਼ ਸ਼ਾਕਿਰ, ਦਸੂਹਾ ਤੋਂ ਸੁਖਜੀਤ ਕੌਰ ਸ਼ਾਹੀ, ਹੁਸ਼ਿਆਰਪੁਰ ਤੋਂ ਤੀਕਸ਼ਣ ਸੂਦ, ਜਲੰਧਰ (ਉੱਤਰੀ) ਤੋਂ ਕੇ ਡੀ ਭੰਡਾਰੀ, ਅੰਮ੍ਰਿਤਸਰ (ਕੇਂਦਰੀ) ਤੋਂ ਤਰੁਣ ਚੁੱਘ, ਅੰਮ੍ਰਿਤਸਰ (ਪੱਛਮੀ ਰਾਖਵੇਂ) ਤੋਂ ਰਾਕੇਸ਼ ਗਿੱਲ, ਅੰਮ੍ਰਿਤਸਰ (ਪੱਛਮੀ) ਤੋਂ ਰਾਜੇਸ਼ ਹਨੀ, ਲੁਧਿਆਣਾ (ਕੇਂਦਰੀ) ਤੋਂ ਗੁਰਦੇਵ ਸ਼ਰਮਾ ਦੇਬੀ, ਲੁਧਿਆਣਾ (ਪੱਛਮੀ) ਤੋਂ ਕਮਲ ਚੇਟਲੀ, ਲੁਧਿਆਣਾ (ਉੱਤਰੀ) ਤੋਂ ਪ੍ਰਵੀਨ ਬਾਂਸਲ, ਰਾਜਪੁਰਾ ਤੋਂ ਹਰਜੀਤ ਸਿੰਘ ਗਰੇਵਾਲ, ਅਬੋਹਰ ਤੋਂ ਅਰੁਣ ਨਾਰੰਗ ਅਤੇ ਫਿਰੋਜ਼ਪੁਰ ਤੋਂ ਸੁਖਪਾਲ ਸਿੰਘ ਨੰਨੂ ਦਾ ਨਾਮ ਸ਼ਾਮਲ ਹੈ। ਲੁਧਿਆਣਾ ਦੇ ਸਾਰੇ ਵਿਧਾਨ ਸਭਾ ਹਲਕਿਆਂ ਅਤੇ ਅਬੋਹਰ ਤੋਂ ਨਵੇਂ ਉਮੀਦਵਾਰ ਮੈਦਾਨ ’ਚ ਲਿਆਂਦੇ ਗਏ ਹਨ। ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਹਰਜੀਤ ਸਿੰਘ ਗਰੇਵਾਲ ਨੂੰ ਰਾਜਪੁਰਾ ਤੋਂ ਟਿਕਟ ਦਿੱਤੀ ਗਈ ਹੈ। ਕਾਂਗਰਸ ’ਚ ਸ਼ਾਮਲ ਹੋ ਗਈ ਨਵਜੋਤ ਕੌਰ ਸਿੱਧੂ ਦੀ ਥਾਂ ’ਤੇ ਰਾਜੇਸ਼ ਕੁਮਾਰ ਹਨੀ ਨੂੰ ਲਿਆਂਦਾ ਗਿਆ ਹੈ।
ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਜ਼ਿਮਨੀ ਚੋਣ ਲਈ ਭਾਜਪਾ ਨੇ ਰਾਜਿੰਦਰ ਮੋਹਨ ਛੀਨਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਛੀਨਾ ਇਸ ਸਮੇਂ ਪੰਜਾਬ ਨੈਸ਼ਨਲ ਬੈਂਕ ਦੇ ਆਲ ਇੰਡੀਆ ਡਾਇਰੈਕਟਰ ਹਨ ਅਤੇ ਭਾਜਪਾ ਵੱਲੋਂ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਹਨ। ਸੂਤਰਾਂ ਮੁਤਾਬਕ ਜ਼ਿਆਦਾਤਰ ਟਿਕਟਾਂ ਦਾ ਫ਼ੈਸਲਾ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਕੀਤਾ ਗਿਆ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: List of BJP Candidates for Punjab Elections 2017; First list released with 17 Names …