ਸਿਮਰਨਜੀਤ ਸਿੰਘ ਮਾਨ (ਫਾਈਲ ਫੋਟੋ)

ਪੱਤਰ

ਟ੍ਰਿਬਿਊਨ ਗਰੁੱਪ ਦੇ ਮੁੱਖ ਸੰਪਾਦਕ ਹਰੀਸ਼ ਖਰੇ ਵਲੋਂ ਲਿਖੇ ਲੇਖ ਦਾ ਸਿਮਰਨਜੀਤ ਸਿੰਘ ਮਾਨ ਵਲੋਂ ਜਵਾਬ

By ਸਿੱਖ ਸਿਆਸਤ ਬਿਊਰੋ

February 16, 2017

ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਟ੍ਰਿਬਿਊਨ ਗਰੁੱਪ ਦੇ ਮੁੱਖ ਸੰਪਾਦਕ ਸ੍ਰੀ ਹਰੀਸ਼ ਖਾਰੇ ਨੂੰ ਇਕ ਪੱਤਰ ਲਿਖਿਆ ਗਿਆ ਹੈ। ਪੱਤਰ ਮੁੱਖ ਸੰਪਾਦਕ ਵਲੋਂ 12 ਫਰਵਰੀ, 2017 ਨੂੰ ਲਿਖੇ ਲੇਖ ਦੇ ਜਵਾਬ ‘ਚ ਲਿਖਿਆ ਗਿਆ ਹੈ।

ਸ. ਮਾਨ ਨੇ ਲਿਖਿਆ, “12 ਫਰਵਰੀ 2017 ਦੇ ਐਤਵਾਰ ਦੇ ਅੰਗਰੇਜ਼ੀ ਟ੍ਰਿਬਿਊਨ ਵਿਚ ਜੋ “A Time to Seek Closure 1984” ਦੇ ਦਿੱਲੀ ਤੇ ਹੋਰ ਸਥਾਨਾਂ ‘ਤੇ ਹੋਏ ਸਿੱਖ ਕਤਲੇਆਮ ਬਾਰੇ ਲੇਖ ਲਿਖਿਆ ਗਿਆ ਹੈ ਅਤੇ ਜਿਸ ਵਿਚ ਆਪ ਜੀ ਨੇ ਸਮੁੱਚੀ ਸਿੱਖ ਕੌਮ ਤੇ ਹੋਰਨਾਂ ਨੂੰ 1984 ਵਿਚ ਭਾਰਤ ਦੀ ਹਿੰਦੂਤਵ ਹਕੂਮਤ ਵੱਲੋ ਡੂੰਘੀ ਸਾਜਿ਼ਸ ਤਹਿਤ ਸਿੱਖਾਂ ਦੇ ਕੀਤੇ ਗਏ ਕਤਲੇਆਮ, ਜਿਸ ਵਿਚ ਬਹੁਤ ਹੀ ਬੇਰਹਿਮੀ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਮਾਸੂਮ ਬੱਚੇ ਬੀਬੀਆਂ, ਨੌਜਵਾਨ ਅਤੇ ਬਜੁਰਗਾਂ ਨੂੰ ਕੋਹ-ਕੋਹ ਕੇ ਕਤਲ ਕਰ ਦਿੱਤਾ ਗਿਆ, ਗਲਾਂ ਵਿਚ ਟਾਇਰ ਪਾ ਕੇ ਪੈਟ੍ਰੋਲ ਛਿੜਕ ਕੇ ਸਿੱਖਾਂ ਨੂੰ ਅਤਿ ਅਣਮਨੁੱਖੀ ਤੇ ਗੈਰ-ਇਨਸਾਨੀ ਢੰਗਾਂ ਰਾਹੀਂ ਦਿੱਲੀ ਦੀਆਂ ਗਲੀਆਂ ਅਤੇ ਸੜਕਾਂ ਵਿਚ ਖ਼ਤਮ ਕੀਤਾ ਗਿਆ।

ਸਿੱਖਾਂ ਦੇ ਕਾਰੋਬਾਰਾਂ ਨੂੰ ਲੁੱਟਿਆ ਗਿਆ। ਬੀਬੀਆਂ ਦੀਆਂ ਬੇਪਤੀਆਂ ਕੀਤੀਆਂ ਗਈਆਂ। ਉਸ ਕਤਲੇਆਮ ਦੇ ਦੋਸ਼ੀਆਂ ਨੂੰ ਭਾਰਤ ਦੇ ਕਾਨੂੰਨ, ਅਦਾਲਤਾਂ, ਜੱਜਾਂ ਨੇ ਬਣਦੀਆਂ ਸਜ਼ਾਵਾਂ ਨਹੀਂ ਦਿੱਤੀਆਂ ਬਲਕਿ ਬਹੁਤੇ ਕਾਤਲਾਂ ਨੂੰ ਹੁਕਮਰਾਨਾਂ ਵਲੋਂ ਅੱਜ ਵੀ ਬਚਾਉਣ ਦੇ ਯਤਨ ਹੋ ਰਹੇ ਹਨ। ਉਸ ਅਤਿ ਦੁੱਖਦਾਇਕ ਅਤੇ ਦਰਿੰਦਗੀ ਵਾਲੇ ਅਣਮਨੁੱਖੀ ਹੋਏ ਜ਼ੁਲਮ ਨੂੰ ਆਪ ਜੀ ਆਪਣੇ ਲੇਖ ਵਿਚ ਸਿੱਖ ਕੌਮ ਨੂੰ ਸੰਬੋਧਿਤ ਹੁੰਦੇ ਹੋਏ ਕਹਿ ਰਹੇ ਹੋ ਕਿ 1984 ਦੇ ਕਤਲੇਆਮ ਅਤੇ ਦੁਖਾਂਤ ਵਾਲੇ ਚੈਪਟਰ ਨੂੰ ਹੁਣ ਬੰਦ ਕਰ ਦੇਣਾ ਚਾਹੀਦਾ ਹੈ। ਅਸੀਂ ਆਪ ਜੀ ਨੂੰ ਸਤਿਕਾਰ ਸਹਿਤ ਪੁੱਛਣਾ ਚਾਹਵਾਂਗੇ ਕਿ ਭਾਰਤ ਦੇ ਵਿਧਾਨ ਦੇ ਕਾਨੂੰਨ ਮੁਤਾਬਿਕ ਜੇ ਇਕ ਕਾਤਲ ਨੂੰ ਫ਼ਾਂਸੀ ਜਾਂ ਉਮਰ ਕੈਦ ਦੀ ਸਜ਼ਾ ਦਿੱਤੀ ਜਾਂਦੀ ਹੈ, ਤਾਂ ਸਿੱਖ ਕੌਮ ਦੇ ਕਾਤਲਾਂ ਨੂੰ ਉਸੇ ਕਾਨੂੰਨ ਤੇ ਵਿਧਾਨ ਅਨੁਸਾਰ ਬਰਾਬਰ ਦੀਆਂ ਬਣਦੀਆਂ ਸਜ਼ਾਵਾਂ ਦੇਣ ਤੋਂ ਹੁਕਮਰਾਨ, ਸਿਆਸਤਦਾਨ, ਹਿੰਦੂਤਵ ਸੰਗਠਨ ਤੇ ਆਪ ਜੈਸੇ ਵਿਦਵਾਨ ਕਿਉਂ ਭੱਜ ਰਹੇ ਹਨ?

ਇਹ ਕਿੱਥੋਂ ਦਾ ਇਨਸਾਫ਼ ਹੈ ਕਿ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਦੀ ਗੱਲ ਕਰਨ ਦੀ ਬਜਾਇ ਹੁਣ ਉਸ ਦੁਖਾਤਿਕ ਮੁੱਦੇ ਨੂੰ ਭੁੱਲ ਜਾਣ ਦੀਆਂ ਜਾਂ ਚੈਪਟਰ ਨੂੰ ਬੰਦ ਕਰਨ ਦੀਆਂ ਸਲਾਹਾਂ ਦਿੱਤੀਆਂ ਜਾ ਰਹੀਆਂ ਹਨ? ਉਹ ਵੀ ਇਕ ਆਪ ਜੈਸੇ ਮੁੱਖ ਸੰਪਾਦਕ ਦਾ ਟ੍ਰਿਬਿਊਨ ਗਰੁੱਪ ਅਤੇ ਹੋਰ ਕਈ ਲੇਖਕਾਂ ਤੇ ਜਰਨਲਿਸਟਾਂ ਵੱਲੋਂ। ਸਿੱਖ ਕੌਮ 1984 ਦੇ ਕਤਲੇਆਮ ਅਤੇ 1984 ਵਿਚ ਭਾਰਤੀ ਫੌਜ ਵਲੋਂ ਹੋਏ ਅਕਾਲ ਤਖ਼ਤ ਸਾਹਿਬ ‘ਤੇ ਹਮਲੇ ਨੂੰ ਕਤਈ ਨਹੀਂ ਭੁੱਲ ਸਕਦੀ। ਜਦੋਂ ਤੱਕ ਇਥੋਂ ਦੇ ਹੁਕਮਰਾਨ, ਸਿਆਸਤਦਾਨ, ਅਦਾਲਤਾਂ, ਕਾਨੂੰਨ ਦੇ ਵਿਦਵਾਨ ਇਨਸਾਫ਼ ਦੇ ਤਕਾਜ਼ੇ ਨੂੰ ਮੁੱਖ ਰੱਖਕੇ ਸਿੱਖ ਕੌਮ ਦੇ ਕਾਤਲਾਂ ਨੂੰ ਸਜ਼ਾਵਾਂ ਨਹੀਂ ਦਿਵਾਉਂਦੇ। ਉਸ ਸਮੇਂ ਤੱਕ ਸਿੱਖ ਕੌਮ ਕਤਈ ਵੀ ਸੰਤੁਸ਼ਟ ਨਹੀਂ ਹੋ ਸਕੇਗੀ।

ਦੂਸਰਾ ਯੋਗਾ ਗੁਰੂ ਰਾਮਦੇਵ ਵਰਗੇ ਜਿਨ੍ਹਾਂ ਵੱਲੋਂ ਸਮੁੱਚੇ ਭਾਰਤ ਨਿਵਾਸੀਆਂ ਤੋਂ ਭਾਰਤ ਮਾਤਾ ਦੀ ਜੈ ਕਹਾਉਣ ਤੋਂ ਨਾਂਹ ਕਰਨ ਵਾਲਿਆਂ ਦੇ ਸਿਰ ਕਲਮ ਕਰ ਦੇਣ ਜਾਂ ਫਿਰ ਮੋਹਨ ਭਾਗਵਤ ਵਲੋਂ ਸਾਰੇ ਭਾਰਤ ਨਿਵਾਸੀਆਂ ਨੂੰ ਜ਼ਬਰੀ ਹਿੰਦੂ ਕਰਾਰ ਦੇਣ ਦੇ ਮਾਮਲਿਆਂ ਦੀ ਗੰਭੀਰਤਾ ਨੂੰ ਮੁੱਖ ਰੱਖਦੇ ਹੋਏ ਅਜਿਹੀਆਂ ਕਾਰਵਾਈਆਂ ਵਿਰੁੱਧ ਆਪ ਜੈਸੇ ਲੇਖਕਾਂ ਅਤੇ ਵਿਦਵਾਨਾਂ ਵਲੋਂ ਨਿਰਪੱਖਤਾ ਨਾਲ ਆਵਾਜ਼ ਚੁੱਕਦੇ ਹੋਏ ਭਾਰਤ ਵਿਚ ਵੱਸਣ ਵਾਲੀਆਂ ਘੱਟਗਿਣਤੀ ਕੌਮਾਂ, ਕਬੀਲਿਆਂ, ਫਿਰਕਿਆਂ ਦੇ ਮਨ ਵਿਚ ਬਹੁਗਿਣਤੀ ਹਿੰਦੂ ਆਗੂਆਂ ਜਾਂ ਸਿਆਸਤਦਾਨਾਂ ਵਲੋਂ ਫਿਰਕੂ ਬਿਆਨਬਾਜ਼ੀ ਕਰਕੇ ਪਾਈ ਜਾ ਰਹੀ ਦਹਿਸਤ ਨੂੰ ਪੂਰੀ ਜ਼ਿੰਮੇਵਾਰੀ ਨਾਲ ਰੋਕਣਾ ਅਤੇ ਇਥੋਂ ਦੇ ਮਾਹੌਲ ਨੂੰ ਅਮਨਮਈ ਰੱਖਣਾ ਵੀ ਆਪ ਜੀ ਦੀ ਜ਼ਿੰਮੇਵਾਰੀ ਬਣਦੀ ਹੈ।”

ਸ. ਮਾਨ ਵਲੋਂ ਲਿਖਿਆ ਗਿਆ ਪੱਤਰ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: