ਪੱਤਰ » ਸਿੱਖ ਖਬਰਾਂ

ਰਾਸ਼ਟਰੀ ਸਿੱਖ ਸੰਗਤ ਵੱਲੋਂ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਕੀਤੀ ਜਾ ਰਹੀ ਹੁਕਮ-ਅਦੂਲੀ ਲਈ ਜ਼ਿੰਮੇਵਾਰ ਕੌਣ?

July 5, 2018 | By

ਸਿੱਖ ਪੰਥ ਦੀ ਸਰਬਉੱਚ ਸੰਸਥਾ ਸ੍ਰੀ ਅਕਾਲ ਤੱਖਤ ਸਾਹਿਬ ਤੇ ਸ਼੍ਰੋਮਣੀ ਅਕਾਲੀ ਦਲ ਦੇ ਰਾਹੀਂ ਆਰ. ਐਸ. ਐਸ. ਦਾ ਦਬਾਅ ਇੰਨਾ ਵੱਧ ਗਿਆ ਹੈ ਕਿ ਉਹ ਸਿੱਖ ਪੰਥ ਦੇ ਮੁੱਦੇ ਮਸਲਿਆਂ ਨੂੰ ਹੱਲ ਕਰਨ ਦੀ ਬਜਾਇ ਸਿੱਖ ਪੰਥ ਦੀਆਂ ਪ੍ਰੰਪਰਾਵਾਂ ਅਤੇ ਅਕਾਲ ਤੱਖਤ ਦੀ ਸਰਬਉੱਚਤਾ ਦੀ ਅਹਿਮੀਅਤ ਨੂੰ ਖੋਰਾ ਲਾ ਰਹੇ ਹਨ। ਪੰਥਕ ਸੰਸਥਾਵਾਂ ਦੇ ਮੁਖੀ ਸਮੁਚੀ ਸਿੱਖ ਕੌਮ ਦੀਆਂ ਭਾਵਨਾਵਾਂ ਮੁਤਾਬਿਕ ਫੈਸਲੇ ਕਰਨ ਦੀ ਬਜਾਇ ਪੱਖਪਾਤੀ ਨਜ਼ਰ ਆਉਂਦੇ ਹਨ, ਪੱਖਪਾਤੀ ਨਿਰਣਿਆਂ ਕਾਰਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਭਰੋਸੇਯੋਗਤਾ ਸਵਾਲਾਂ ਦੇ ਘੇਰੇ ਵਿੱਚ ਹੈ। ਲੰਘੇ ਦਿਨੀਂ ਇਹ ਖਬਰ ਸਾਹਮਣੇ ਆਈ ਕਿ ‘ਰਾਸ਼ਟਰੀ ਸਿੱਖ ਸੰਗਤ ਵਲੋਂ ਪ੍ਰਕਾਸ਼ਤ ਗੁਰੂ ਗੋਬਿੰਦ ਸਿੰਘ ਬਾਰੇ ਪੁਸਤਕ ਰਾਸ਼ਟਰਪਤੀ ਨੇ ਜਾਰੀ ਕੀਤੀ’। ਇਸ ਖਬਰ ਦਾ ਸਾਰਅੰਸ਼ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਮੌਕੇ ਵੱਖ ਵੱਖ ਥਾਵਾਂ ਤੇ ਸਮਾਗਮਾਂ ਨਾਲ ਸਬੰਧਤ ਇੱਕ ਪੁਸਤਕ ਰਾਸ਼ਟਰੀ ਸਿੱਖ ਸੰਗਤ ਵਲੋਂ ਤਿਆਰ ਕੀਤੀ ਗਈ ਹੈ, ਇਹਨਾਂ ਸਮਾਗਮਾਂ ਸਬੰਧੀ ਵਿਸਥਾਰਤ ਜਾਣਕਾਰੀ ਅਤੇ ਸਚਿੱਤਰ (ਫੋਟੋਆਂ ਸਮੇਤ) ਪੁਸਤਕ ਤਿਆਰ ਕੀਤੀ ਗਈ ਹੈ। ਇਸ ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਰਾਸ਼ਟਰੀ ਸਿੱਖ ਸੰਗਤ ਵਲੋਂ ਗੁਰੂ ਜੀ ਦੇ 350ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਦੇਸ਼ ਵਿੱਚ ਵੱਖ ਵੱਖ ਥਾਵਾਂ ਤੇ ਸਮਾਗਮ ਕੀਤੇ ਗਏ ਸਨ। ਕੁਝ ਸਮਾਗਮ ਧਾਰਮਿਕ ਸਥਾਨਾ ਤੇ ਵੀ ਕੀਤੇ ਗਏ ਸਨ।

ਇਨ੍ਹਾਂ ਵਿੱਚੋਂ ਮੁਖ ਸਮਾਗਮ ਰਾਸ਼ਟਰੀ ਸਿੱਖ ਸੰਗਤ (ਆਰ. ਐਸ. ਐਸ) ਵਲੋਂ 5 ਜਨਵਰੀ 2017 ਨੂੰ ਤਖਤ ਪਟਨਾ ਸਾਹਿਬ ਵਿਖੇ ਕੇਂਦਰ ਸਰਕਾਰ ਕੋਲੋਂ 100 ਕਰੌੜ ਰੁਪਏ ਦੀ ਗਰਾਂਟ ਲੈ ਕੇ ਮਨਾਇਆ ਗਿਆ ਤੇ ਨਾਲ ਹੀ ਸੰਘ ਅਤੇ ਰਾਸ਼ਟਰੀ ਸਿੱਖ ਸੰਗਤ ਨੇ ਇਹ ਵੀ ਐਲਾਨ ਕੀਤਾ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਚਿਨ੍ਹਆਤਮਿਕ ਤੌਰ ਤੇ ਮੰਨਦੇ ਹਨ, ਭਾਵ ਉਨ੍ਹਾਂ ਨੇ ਕਿਸੇ ਤਸਵੀਰ ਜਾਂ ਮੂਰਤੀ ਜੋ ਗੁਰੂ ਸਾਹਿਬ ਦੀ ਸ਼ਖ਼ਸ਼ੀਅਤ ਦਾ ਪ੍ਰਗਟਾਵਾ ਕਰਦੀ ਹੋਵੇ ਨੂੰ ਪ੍ਰਵਾਨ ਕਰ ਲਿਆ ਹੈ।

ਹੁਣ ਵਿਚਾਰਨਯੋਗ ਤੱਥ ਇਹ ਹੈ ਕਿ ਸਿੱਖ ਪੰਥ ਗੁਰੂ ਸਾਹਿਬ ਦੀ ਤਸਵੀਰ ਜਾਂ ਮੂਰਤੀ ਨੂੰ ਨਹੀਂ ਸਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਸਾਂ ਪਾਤਿਸ਼ਾਹੀਆਂ ਦੀ ਆਤਮਿਕ ਜੋਤਿ ਮੰਨਦਾ ਹੈ ਗੁਰੂ ਨਾਨਕ, ਗੁਰੂ ਗੋਬੰਦ ਸਿੰਘ ਤੇ ਗੁਰੂ ਗ੍ਰੰਥ ਸਾਹਿਬ ਇੱਕ ਹੀ ਹਨ ਭਾਵ ਸਮਰੂਪ ਹਨ, ਇਨ੍ਹਾਂ ਨੂੰ ਅਲੱਗ ਅਲੱਗ ਨਹੀਂ ਕੀਤਾ ਜਾ ਸਕਦਾ।

ਇਸ ਲਿਖਤ ਦਾ ਮਕਸਦ ਇਹ ਹੈ ਕਿ ਜਦ 23/7/2004 ਨੂੰ ਰਾਸ਼ਟਰੀ ਸਿੱਖ ਸੰਗਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਵਿਰੋਧੀ ਸੰਸਥਾ ਐਲਾਨਿਆ ਗਿਆ ਹੈ। ਫਿਰ ਉਨ੍ਹਾਂ ਨੂੰ 5 ਜਨਵਰੀ 2017 ਨੂੰ ਤਖਤ ਪਟਨਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਮਨਾਉਣ ਦਾ ਅਧਿਕਾਰ ਕਿਸ ਨੇ ਦਿੱਤਾ? ਉਸ ਸਮਾਗਮ ਦਾ ਬਾਈਕਾਟ ਕਰਨ ਦੀ ਬਜਾਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬੰਡੂਗਰ, (ਸ਼੍ਰੋਮਣੀ ਕਮੇਟੀ ਵੱਲੋਂ ਲਾਏ) ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿ. ਗੁਰਬਚਨ ਸਿੰਘ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਸੰਤ ਸਮਾਜ ਤੇ ਦਮਦਮੀ ਦਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਕੁਝ ਨਿਹੰਗ ਸਿੰਘ ਜਥੇਬੰਦੀਆਂ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੁਖੀਆਂ ਆਦਿ ਨੇ ਢੋਲ ਢਮੱਕਿਆਂ ਨਾਲ ਹਾਜਰੀ ਭਰੀ। ਪ੍ਰੋ. ਕ੍ਰਿਪਾਲ ਸਿੰਘ ਬੰਡੂਗਰ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਕਲਪਿਤ ਤਸਵੀਰ ਨਤੀਸ਼ ਕੁਮਾਰ ਤੇ ਨਰਿੰਦਰ ਮੋਦੀ ਨੂੰ ਭੇਟ ਕੀਤੀ। ਇਥੇ ਇਹ ਵੀ ਦੱਸਣਯੋਗ ਹੈ ਕਿ ਉਨ੍ਹਾਂ ਦਿਨਾਂ ਵਿੱਚ ਹੀ ਪਟਨੇ ਦੇ ਬਜ਼ਾਰਾਂ ਵਿੱਚ ਸਿੱਖ ਕੌਮ ਦੀ ਹੇਠੀ ਕਰਨ ਲਈ ਵੱਡੇ ਵੱਡੇ ਇਸ਼ਤਿਹਾਰ ਲਗਾਏ ਗਏ ਜਿਸ ਵਿੱਚ ਮੋਦੀ ਤੇ ਉਸਦੇ ਮੰਤਰੀਆਂ ਦੀਆਂ ਫੋਟੋਆਂ ਉਪਰ ਅਤੇ ਗੁਰੂ ਗੋਬਿੰਦ ਸਿੰਘ ਜੀ ਕਲਪਿਤ ਤਸਵੀਰ ਹੇਠਾਂ ਛਪਵਾਈ ਗਈ, ਹੈਰਾਨੀ ਦੀ ਗੱਲ ਹੈ ਕਿ ਆਰ. ਐਸ. ਐਸ, ਤੇ ਨਰਿੰਦਰ ਮੋਦੀ ਵਲੋਂ ਇਸ ਗੱਲ ਦੀ ਨਾ ਲਿਖਤੀ ਮੁਆਫੀ ਮੰਗੀ ਗਈ ਤੇ ਨਾਹੀ ਆਪਣੀ ਇਸ ਗਲਤੀ ਦਾ ਕੋਈ ਪਛਤਾਵਾ ਕੀਤਾ ਗਿਆ ਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ (ਬਾਦਲ), ਸ਼੍ਰੋ.ਗੁ.ਪ੍ਰ.ਕ., ਦਿ.ਸਿ.ਗੁ.ਪ੍ਰ.ਕ., ਤੇ ਨਾ ਹੀ ਤਖਤ ਸਾਹਿਬਾਨਾਂ ਦੇ “ਜਥੇਦਾਰਾਂ” ਨੇ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਵਾਲੇ ਇਸ਼ਤਿਹਾਰ ਵੱਲ ਧਿਆਨ ਦਿੱਤਾ ਤੇ ਨਾ ਹੀ ਆਰ. ਐਸ. ਐਸ. ਤੇ ਨਰਿੰਦਰ ਮੋਦੀ ਅਤੇ ਨਤੀਸ਼ ਕੁਮਾਰ ਨੂੰ ਸਿੱਖ ਕੌਮ ਦੀ ਹੋਈ ਹੇਠੀ ਲਈ ਲਿਖਤੀ ਤੌਰ ਤੇ ਮੁਆਫੀ ਮੰਗਣ ਲਈ ਕਿਹਾ।

ਮਿਤੀ 23/7/2004 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸਿੱਖ ਪੰਥ ਨੂੰ ਹੇਠ ਲਿਖੇ ਅਨੁਸਾਰ ਆਦੇਸ਼ ਦਿੱਤਾ ਗਿਆ ਸੀ:- ‘ਪੰਥ ਵਿਰੋਧੀ ਆਰ. ਐਸ. ਐਸ. (ਰਾਸ਼ਟਰੀ ਸਿੱਖ ਸੰਗਤ) ਜਥੇਬੰਦੀ ਵਲੋਂ ਪਿਛਲੇ ਲੰਮੇ ਸਮੇਂ ਤੋਂ ਸਿੱਖ ਪੰਥ ਵਿਰੋਧੀ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ। ਇਸ ਵਲੋਂ ਆਪਣੀ ਇਸ ਹੋਈ ਹਰਕਤ ਨੂੰ ਅਮਲੀ ਜਾਮਾ ਪਹਿਨਾਉਣ ਅਤੇ ਸਿੱਖ ਸੰਗਤਾਂ ਤੇ ਸਿੱਖ ਜਥੇਬੰਦੀਆਂ ਦਾ ਸਹਿਯੋਗ ਹਾਸਲ ਕਰਨ ਲਈ ਸ੍ਰੀ ਅਕਾਲ ਤੱਖਤ ਸਾਹਿਬ ਤੇ ਹੋਰ ਤੱਖਤ ਸਾਹਿਬਾਨਾਂ ਦੇ ਸਹਿਯੋਗ ਪ੍ਰਾਪਤ ਹੋਣ ਦਾ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ, ਸਿੱਖ ਪੰਥ ਦੀ ਆਨ ਸ਼ਾਨ ਸ੍ਰੀ ਅਕਾਲ ਤੱਖਤ ਸਾਹਿਬ ਵਲੋਂ ਪੰਥ ਵਿਰੋਧੀ ਕਿਸੇ ਜਥੇਬੰਦੀ ਨੂੰ ਕਦਾਚਿੱਤ ਵੀ ਕਿਸੇ ਕਿਸਮ ਦਾ ਸਹਿਯੋਗ ਨਹੀਂ ਦਿੱਤਾ ਗਿਆ ਤੇ ਨਹੀ ਦਿੱਤਾ ਜਾਵੇਗਾ। ਸਮੂਹ ਸਿੱਖ ਸੰਗਤਾਂ, ਸਿੰਘ ਸਭਾਵਾਂ, ਸਿੱਖ ਜਥੇਬੰਦੀਆਂ, ਧਾਰਮਿਕ ਸਭਾ ਸੋਸਾਇਟੀਆਂ ਤੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਇਸ ਅਖੌਤੀ, ਪੰਥ ਵਿਰੋਧੀ ਰਾਸ਼ਟਰੀ ਸਿੱਖ ਸੰਗਤ ਜਥੇਬੰਦੀ ਦੇ ਪ੍ਰਚਾਰ ਤੋਂ ਸੁਚੇਤ ਰਹਿਣ ਅਤੇ ਇਸ ਜਥੇਬੰਦੀ ਨੂੰ ਕਿਸੇ ਕਿਸਮ ਦਾ ਸਹਿਯੋਗ ਨਾ ਦੇਣ।

ਅਕਾਲ ਤਖਤ ਵਲੋਂ ਰਾਸ਼ਟਰੀ ਸਿੱਖ ਸੰਗਤ ਨੂੰ ਪੰਥ ਵਿਰੋਧੀ ਐਲਾਨਣ ਵਾਲੇ ਆਦੇਸ਼ ਦੀ ਨਕਲ – 1/2

ਅਕਾਲ ਤੱਖਤ ਵਲੋਂ ਰਾਸ਼ਟਰੀ ਸਿੱਖ ਸੰਗਤ ਨੂੰ ਪੰਥ ਵਿਰੋਧੀ ਐਲਾਨਣ ਵਾਲੇ ਆਦੇਸ਼ ਦੀ ਨਕਲ – 2/2

ਰਾਸ਼ਟਰੀ ਸਿੱਖ ਸੰਗਤ ਨੇ ਗੁਰੂ ਗੋਬਿੰਦ ਸਿੰਘ ਦਾ 350ਵਾਂ ਪ੍ਰਕਾਸ਼ ਉਤਸਵ ਮਨਾ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਸ੍ਰੀ ਅਕਾਲ ਤੱਖਤ ਦੀ ਸਰਬਉੱਚਤਾ ਨੂੰ ਨਹੀਂ ਮੰਨਦੇ, ਕਿਉਂ ਨਹੀਂ ਮੰਨਦੇ ਇਸ ਸਵਾਲ ਦਾ ਜਵਾਬ ਸਿੱਖ ਪੰਥ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਥੇਦਾਰ ਅਕਾਲ ਤੱਖਤ ਸਾਹਿਬ ਦੇ ਜਥੇਦਾਰ ਕੋਲੋਂ ਪੁੱਛਣਾ ਬਣਦਾ ਹੈ। ਹੈਰਾਨੀ ਦੀ ਗੱਲ ਹੈ ਕਿ ਹਾਲੇ ਤੱਕ ਸ੍ਰੀ ਅਕਾਲ ਤੱਖਤ ਸਾਹਿਬ ਦੀ ਸੰਸਥਾ ਵਲੋਂ ਰਾਸ਼ਟਰੀ ਸਿੱਖ ਸੰਗਤ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਨਾ ਹੀ ਪੰਥਕ ਸੰਸਥਾਵਾਂ ਨੇ ਗੰਭੀਰਤਾ ਨਾਲ ਇਸ ਬਾਰੇ ਪੰਥ ਵਿੱਚ ਵਿਚਾਰ ਚਰਚਾ ਛੇੜੀ ਹੈ। ਹੁਣ ਦੁਬਾਰਾ ਫਿਰ ਰਾਸ਼ਟਰੀ ਸਿੱਖ ਸੰਗਤ ਗੁਰੂ ਨਾਨਕ ਸਾਹਿਬ ਦਾ 2019 ਵਿੱਚ 550ਵਾਂ ਪ੍ਰਕਾਸ਼ ਉਤਸਵ ਮਨਾਉਣ ਦੀ ਤਿਆਰੀ ਕਰ ਰਹੀ ਹੈ। ਕਿਉਂਕਿ 21/6/2018 ਦੇ ਪੰਜਾਬ ਟਾਈਮਜ਼ ਦੀ ਖਬਰ ਅਨੁਸਾਰ ਰਾਸ਼ਟਰੀ ਸਿੱਖ ਸੰਗਤ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਉਤਸਵ ਮਨਾਉਣ ਦੇ ਲਈ ਰਾਸ਼ਟਰੀ ਸਿੱਖ ਸੰਗਤ ਦਾ ਵਫਦ ਕੇਂਦਰੀ ਗ੍ਰਹਿਮੰਤਰੀ ਨੂੰ ਮਿਿਲਆ ਹੈ। ਨਰਿੰਦਰ ਮੋਦੀ ਨੇ ਵੀ ਰੇਡੀਓ ਤੇ ‘ਮਨ ਕੀ ਬਾਤ’ ਵਿੱਚ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜਿਕ, ਜਾਤ ਤੇ ਧਰਮ ਦੇ ਅਧਾਰ ਤੇ ਹੁੰਦੇ ਭੇਦ ਭਾਵ ਨੂੰ ਖਤਮ ਕੀਤਾ, ਇਸ ਕਰਕੇ ਨਰਿੰਦਰ ਮੋਦੀ ਨੇ ਕਿਹਾ ਕਿ ਅਗਲੇ ਸਾਲ 2019 ਵਿੱਚ ਅਸੀਂ ਸਾਰੇ ਰਲਕੇ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਮਨਾਵਾਂਗੇ, ਹੁਣ ਇਥੇ ਵਿਚਾਰਨਯੋਗ ਤੱਥ ਇਹ ਹੈ ਕਿ ਗੁਰੂ ਨਾਨਕ ਸਾਹਿਬ ਨੇ ਮੰਨੂ ਸਿਮਰਤੀ ਨੂੰ ਮੁਢੋ ਰੱਦ ਕਰਕੇ ਸਿੱਖ ਧਰਮ ਦੀ ਸਥਾਪਨਾ ਕੀਤੀ, ਸਮਾਜਿਕ ਤੇ ਜਾਤ-ਪਾਤ ਦੇ ਭੇਦ ਭਾਵ ਨੂੰ ਖਤਮ ਕਰ ਕੇ ਰੱਬੀ ਏਕਤਾ ਤੇ ਮਨੁੱਖੀ ਏਕਤਾ ਦਾ ਪ੍ਰਚਾਰ ਕੀਤਾ। ਨਰਿੰਦਰ ਮੋਦੀ ਤੇ ਆਰ.ਐਸ. ਐਸ. ਵਾਲੇ ਹਿੰਦੂਤਵੀਏ ਜਿਹੜਾ ਮੰਨੂ ਸਿਮਰਤੀ ਦਾ ਵਿਧਾਨ ਲਾਗੂ ਕਰਕੇ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹਨ, ਉਹ ਤਾਂ ਮਨੁਖੀ ਏਕਤਾ ਵਿੱਚ ਵੰਡੀਆਂ ਪਾਉਣ ਵਾਲਾ ਹੈ ਅਤੇ ਦੇਸ ਦੀ ਏਕਤਾ ਤੇ ਅਖੰਡਤਾ ਲਈ ਸਭ ਤੋਂ ਵੱਡਾ ਖਤਰਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਆਰ. ਐਸ. ਐਸ. ਤੇ ਨਰਿੰਦਰ ਮੋਦੀ ਗੁਰੂ ਨਾਨਕ ਸਾਹਿਬ ਦੀ ਸਿੱਖ ਧਰਮ ਦੀ ਇਨਕਲਾਬੀ ਵਿਚਾਰਧਾਰਾ ਦੇ ਵਿਰੁਧ ਮੰਨੂ ਸਿਮਰਤੀ ਦਾ ਵਿਧਾਨ ਲਾਗੂ ਕਰਨਾ ਚਾਹੁੰਦੇ ਹਨ ਤਾਂ ਫਿਰ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਉਤਸਵ ਮਨਾਉਣ ਦਾ ਪਖੰਡ ਕਿਉਂ ਕਰਦੇ ਹਨ!

ਸਿੱਖ ਪੰਥ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ ਕਿ ਸੰਘ ਤੇ ਰਾਸ਼ਟਰੀ ਸਿੱਖ ਸੰਗਤ ਵਲੋਂ ਗੁਰੂ ਗੋਬਿੰਦ ਸਿੰਘ ਤੇ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਉਤਸਵ ਸਿੱਖ ਕੌਮ ਦੀ ਅੱਡਰੀ ਹੋਂਦ ਨੂੰ ਖਤਮ ਕਰ ਕੇ ਸਿੱਖ ਧਰਮ ਦਾ ਹਿੰਦੂ ਧਰਮ ਵਿੱਚ ਮਿਲਗੌਭਾ ਕਰਨ ਲਈ ਗਿਣੀ ਮਿਥੀ ਸਾਜਿਸ਼ ਦੇ ਅਧੀਨ ਮਨਾਏ ਜਾ ਰਹੇ ਹਨ।‘ਆਰ. ਐਸ. ਐਸ. ਜਿਸ ਨੂੰ ਰਾਸ਼ਟਰੀ ਸ੍ਵੈਮ ਸੇਵਕ ਸੰਘ ਕਿਹਾ ਜਾਂਦਾ ਹੈ ਗੰਗੂ ਦੇ ਵਾਰਿਸ ਹਨ। ਇਨ੍ਹਾਂ ਨੇ ਅੱਗੋਂ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਦੀ ਇੱਕ ਸੰਸਥਾ ਤਿਆਰ ਕਰ ਲਈ ਉਸ ਦਾ ਨਾਂਅ ਵੀ ਆਰ. ਐਸ. ਐਸ (ਰਾਸ਼ਟਰੀ ਸਿੱਖ ਸੰਗਤ) ਹੀ ਰੱਖਿਆ, ਪਰ ਉਹ ਰਾਸ਼ਟਰੀ ਸਿੱਖ ਸੰਗਤ ਦੇ ਨਾਂਅ ਹੇਠ ਚਲਾਈ। ਇਹ ਇਸ ਤਰ੍ਹਾਂ ਦੋ ਭੈਣਾਂ ਸੀਤਾ ਤੇ ਗੀਤਾ ਵਾਂਗ ਇੱਕੋ ਸ਼ਕਲ ਸੂਰਤ ਦੀਆਂ ਬਣਾ ਕੇ ਪੰਜਾਬ ਦੇ ਰੰਗ ਮੰਚ ਤੇ ਲਿਆਂਦੀਆਂ ਗਈਆਂ। ਇੱਕ ਲੱਤ ਮਾਰਦੀ ਹੈ ਦੂਜੀ ਪਲੋਸ ਕੇ ਖੁਸ਼ ਹੁੰਦੀ ਹੈ, ਇਨ੍ਹਾਂ ਦੋਨਾਂ ਭੈਣਾਂ ਵਿੱਚ ਛੋਟੀ ਦੇ ਹੱਥ ਵਿੱਚ ਤ੍ਰਿਸ਼ੂਲ ਤੇ ਮਾਰੂ ਹਥਿਆਰਾਂ ਦੀ ਥਾਂ ਇੱਕ ਹੱਥ ਵਿੱਚ ਗੁਲਾਬ ਦਾ ਫੱੁਲ ਤੇ ਦੂਜੇ ਹੱਥ ਵਿੱਚ ਦਸਮ ਗ੍ਰੰਥ ਹੈ। 1984 ਨੂੰ ਸਿੱਖਾਂ ਤੇ ਸਮੂਹਿਕ ਕਤਲੇਆਮ ਤੋਂ ਡਰੇ ਹੋਏ ਸਿੱਖ ਫੱਟ ਇਸ ਰਾਸ਼ਟਰੀ ਸਿੱਖ ਸੰਗਤ ਵਿੱਚ ਸ਼ਾਮਲ ਹੋ ਗਏ ਹਨ ਜਾਂ ਦੂਜੇ ਅਰਥਾਂ ਵਿੱਚ ਇਨ੍ਹਾਂ ਸਿੱਖਾਂ ਦਾ ਸ਼ੁੱਧ ਰੂਪ ਵਿੱਚ ਭਾਰਤੀਕਰਨ ਕਰ ਦਿੱਤਾ ਗਿਆ ਹੈ। ਅਰਥਾਤ ਸਿੱਖ ਹਿੰਦੂਆਂ ਦਾ ਇੱਕ ਅੰਗ ਹਨ ਤੇ ਜਿਹੜੇ ਸਿੱਖ ਇਸ ਗੱਲ ਨੂੰ ਨਹੀਂ ਮੰਨਦੇ ਉਹ ਅਤਿਵਾਦੀ ਤੇ ਵੱਖਵਾਦੀ ਤੇ ਦੇਸ਼ ਧਰੋਹੀ ਹਨ।

‘ਜਿਹੜੇ ਗੁਰੂ ਜੀ ਦੇ ਹੁਕਮ ਦੀ ਅਦੂਲੀ ਕਰ ਕੇ ਵਡਭਾਗ ਸਿੰਘ ਦੇ ਡੇਰੇ, ਤੇ ਕਰਤਾਰਪੁਰ ਦੇ ਧੀਰਮਲੀਆਂ ਦੇ ਗੰਦੇ ਛੱਪੜ ਵਿੱਚ ਫੋੜੇ ਫਿਨਸੀਆਂ ਹਟਾਉਣ ਲਈ ਇਸ਼ਨਾਨ ਕਰਨ ਜਾਂਦੇ ਸਨ ਅਤੇ ਮੀਣਿਆਂ ਨਾਲ ਸਬੰਧ ਰੱਖਣ ਵਾਲੇ ਸਿੱਖ ਸਨ, ਉਹ ਆਪਣੇ ਆਪ ਹੀ ਇਸ ਨਵੀਂ ਬਣੀ ਰਾਸ਼ਟਰੀ ਸਿੱਖ ਸੰਗਤ ਦੀ ਟੋਲੀ ਨਾਲ ਤੁਰਨ ਲੱਗ ਪਏ ਹਨ, ਰਾਸ਼ਟਰੀ ਸਿੱਖ ਸੰਗਤ ਦੇ ਸਾਬਕਾ ਪ੍ਰਧਾਨ ਸੁਦਰਸ਼ਨ ਦੀ ਟਕਸਾਲ ਨਾਲ ਗੱਲ ਕਰਾਉਣ ਵਾਲੇ ਤਿੰਨਾਂ ਵਿੱਚੋਂ ਦੋ ਸੱਜਣ ਟਕਸਾਲੀ ਵੀ ਸਨ, ਸ਼੍ਰੋਮਣੀ ਅਕਾਲੀ ਦੱਲ ਵੀ ਇਨ੍ਹਾਂ ਦੇ ਨਾਲ ਹੈ। ਇਹ ਮੋਹਰਾ ਐਸਾ ਖੰਡ ਵਿੱਚ ਲਪੇਟਿਆ ਹੋਇਆ ਹੈ ਕਿ ਖਾਣ ਵਾਲੇ ਨੂੰ ਉੱਕਾ ਹੀ ਸ਼ੱਕ ਨਹੀਂ ਪੈਂਦੀ ਤੇ ਸਿੱਖ ਇਸ ਨੂੰ ਚਾਕਲੇਟ ਸਮਝ ਕੇ ਸ਼ਕੀ ਜਾ ਰਹੇ ਹਨ। ਪੰਜਾਬ ਦੇ ਗੁੱਠੇ ਲਗੇ ਸਾਧ ਇਨ੍ਹਾਂ ਨੇ ਨਾਲ ਲਾ ਲਏ ਹਨ। ਅਗੋਂ ਇਨ੍ਹਾਂ ਸਾਧਾਂ ਨੇ ਆਪਣੇ ਚੇਲੇ ਚਾਟੜਿਆਂ ਰਾਹੀਂ ਤੰਦੂਏ ਵਾਂਗ ਜਾਲ ਫੈਲਾ ਲਿਆ ਹੈ। ਕਹਿੰਦੇ ਹਨ ਕਿ ਖਾਲਸਾ ਪੰਥ ਦੇ 300 ਸਾਲ੍ਾ ਸਾਜਨਾ ਦਿਵਸ ਮਨਾਉਣ ਲਈ ਨੀਅਤ ਕੀਤੇ ਗਏ 300 ਕਰੌੜ ਵਿੱਚੋਂ 100 ਕਰੌੜ ਰੁਪਈਆ ਜਿਹੜਾ ਦਿੱਤਾ ਸੀ ਉਹ ਇਸ ਕੰਮ ਵਾਸਤੇ ਹੀ ਦਿੱਤਾ ਗਿਆ ਸੀ, ਇਸ ਰੁਪਏ ਵਿੱਚੋਂ ਸਿੱਖ ਮੁੰਡਿਆਂ ਨੂੰ ਵੀ ਕੁਝ ਸਹੂਲਤਾਂ ਮਿਲ ਗਈਆਂ ਹਨ, ਉਹ ਹੁਣ ਲੂੰਡੀ ਹਵਾਈ ਵਾਂਗ ਭੱਜੇ ਫਿਰਦੇ ਹਨ, ਚੈਨਲਾਂ ਦੇ ਜੁਗ ਵਿੱਚ ਹਿੰਦੂ ਧਰਮ ਦਾ ਪ੍ਰਚਾਰ ਜੋਰਾਂ ਵਿੱਚ ਹੋ ਰਿਹਾ ਹੈ। ਪੰਜਾਬ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਵੀ ਉਹ ਹੀ ਚੈਨਲ ਹਨ ਜਿਹੜੇ ਹਿੰਦੂ ਦੇ ਕਬਜ਼ੇ ਥੱਲੇ ਹਨ ਤੇ ਸਿੱਖਾਂ ਨੂੰ ਦਿੱਲੋਂ ਨਫ਼ਰਤ ਕਰਦੇ ਹਨ। ਸਿੱਖੀ ਨੂੰ ਖੋਰਾ ਤਾਂ ਲਗ ਹੀ ਰਿਹਾ ਹੈ। ਜਿਸ ਤਰੀਕੇ ਨਾਲ ਸਿੱਖ ਧਰਮ ਦਾ ਇਤਿਹਾਸ ਵਿਖਾਇਆ ਜਾ ਰਿਹਾ ਹੈ। ਸ਼ਾਇਦ ਸਿੱਖਾਂ ਨੂੰ ਵੀ ਸਿੱਖੀ ਤੋਂ ਨਫ਼ਰਤ ਹੋ ਜਾਵੇ। ਰਾਸ਼ਟਰੀ ਸਿੱਖ ਸੰਗਤ ਦੇ ਮੈਂਬਰ ਸ਼ਹਿਰਾਂ ਵਿੱਚ ਗੁਰਦੁਆਰਿਆਂ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਅਹੁਦਿਆਂ ਤੱਕ ਪਹੁੰਚ ਚੁੱਕੇ ਹਨ, ਅਗੇ ਕੁਝ ਸਾਲ੍ਾਂ ਤੱਕ ਰਾਸ਼ਟਰੀ ਸਿੱਖ ਸੰਗਤ ਪੰਜਾਬ ਦੇ ਗੁਰਦੁਆਰਿਆਂ ਤੇ ਕੰਟਰੋਲ ਕਰ ਲਵੇਗੀ। ਸਿੱਖਾਂ ਦੀ ਕਮਜੋਰੀ ਉਨ੍ਹਾਂ ਨੇ ਲੱਭ ਲਈ ਹੈ। ਸਿੱਖ ਕਹਿੰਦੇ ਹਨ ਕਿ ਫਲਾਣਾ ਬੰਦਾ ਗੁਰੂ ਘਰ ਦੀ ਬਹੁਤ ਸੇਵਾ ਕਰਦਾ ਹੈ। ਮਾਇਆ ਸਹਾਇਤਾ ਵੀ ਬਹੁਤ ਦਿੰਦਾ ਹੈ, ਤੜਕੇ ਉਠ ਕੇ ਬਾਣੀ ਪੜ੍ਹਦਾ ਹੈ, ਨਸ਼ਿਆਂ ਤੋਂ ਰਹਿਤ ਹੈ, ਮਾਸ ਨੂੰ ਘਰ ਨਹੀਂ ਵੜਨ ਦਿੰਦਾ, ਇਸੇ ਨੂੰ ਹੀ ਪ੍ਰਧਾਨ ਬਣਾਉਣਾ ਚਾਹੀਦਾ ਹੈ, ਇਹ ਸਾਰੀਆਂ ਖੂਬੀਆਂ ਇਨ੍ਹਾਂ ਨਵੇਂ ਬਣੇ ਸਿੱਖਾਂ ਨੇ ਆਪਣੇ ਭੇਖ ਵਿੱਚ ਧਾਰਨ ਕਰ ਲਈਆਂ ਹਨ (ਇਸ ਦੇ ਉਲਟ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁ ਗਿਣਤੀ ਮੈਂਬਰਾਂ ਨੇ ਸ਼ਰਾਬ ਸ਼ਰੇਆਮ ਪੀਣੀ ਸ਼ੁਰੂ ਕਰ ਦਿੱਤੀ ਹੈ (ਸਾਰਿਆਂ ਨੇ ਨਹੀਂ) ਹਵਾਲਾ ਪੁਸਤਕ ‘ਤੇ ਸਿੱਖ ਵੀ ਨਿਗਲਿਆ ਗਿਆ’ ਪੰਨਾ 294, 295, 296 ।

ਸੰਘ ਵਾਲੇ ਤੇ ਰਾਸ਼ਟਰੀ ਸਿੱਖ ਸੰਗਤ ਦੇ ਬੈਨਰ ਹੇਠ ਸਿੱਖੀ ਦਾ ਘਾਣ ਕਰਕੇ ‘ਸਾਂਝੀਵਾਲਤਾ ਦੇ ਨਾਮ ਤੇ ਸਿੱਖ ਕੌਮ ਦੀ ਨਵੀਂ ਪਨੀਰੀ ਦਾ ਹਿੰਦੂਕਰਨ ਕਰ ਰਹੇ ਹਨ, ਰਾਸ਼ਟਰੀ ਸਿੱਖ ਸੰਗਤ ਦੀ ਰਹਿਤ ਮਰਯਾਦਾ/ ਨਿਯਮਾਵਲੀ ਜੋ ਹਿੰਦੀ ਵਿੱਚ ਯੂ. ਪੀ. ਵਿੱਚ ਬਹੁਤ ਵੱਡੇ ਪੱਧਰ ਤੇ 2002 ਵਿੱਚ ਵੰਡੀ ਗਈ, ਜਿਸ ਵਿੱਚ ਬੱਚਿਆਂ ਨੂੰ ਸਮਝਾਇਆ ਜਾਂਦਾ ਹੈ ਕਿ ਸਿੱਖ ਹਿੰਦੂ ਧਰਮ ਦਾ ਹੀ ਇੱਕ ਅਨਿੱਖੜਵਾਂ ਹਿੱਸਾ ਹੈ, ਰਾਸ਼ਟਰੀ ਸਿੱਖ ਸੰਗਤ (ਆਰ. ਐਸ. ਐਸ.) ਦੀ ਰਹਿਤ ਮਰਯਾਦਾ ਪੜ੍ਹ ਕੇ ਰੌਂਗਟੇ ਖੜੇ ਹੋ ਜਾਂਦੇ ਹਨ, ਇਨ੍ਹਾਂ ਦੀ ਹਿੰਦੀ ਵਿੱਚ ਬਣਾਈ ਰਹਿਤ ਮਰਯਾਦਾ ਦੇ ਪੰਨਾ 10,11,12/13 ਤੇ 14 ਵਿੱਚ ਸਾਫ ਤੌਰ ਤੇ ਲਿਿਖਆ ਗਿਆ ਹੈ ਜੇ ਅਰਦਾਸ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਨਾ ਹੋਵੇ ਤਾਂ ਸਿੱਖ ਸੰਗਤ ਅਰਦਾਸ ਤੋਂ ਪਹਿਲਾਂ ‘ਵੰਦੇ ਮਾਤਰਮ’ ਦਾ ਪਾਠ ਕਰੇ, ਤੇ ਰਾਮ ਚੰਦਰ ਤੇ ਕ੍ਰਿਸ਼ਨ ਦੀਆਂ ਮੂਰਤੀਆਂ ਰੱਖ ਕੇ ਉਸ ਉੱਤੇ ਫੁੱਲ ਮਾਲਾ ਚੜ੍ਹਾਈ ਜਾਵੇ ਆਦਿਕ, (ਹਵਾਲਾ ਇੰਡੀਆ ਅਵੇਅਰਨੈਸ ਅੰਕ ਜੂਨ 2011 ਪੰਨਾ 19, 20)

ਭੁਲਾਂ ਚੁੱਕਾਂ ਦੀ ਖਿਮਾਂ।

ਗੁਰੂ ਪੰਥ ਦਾ ਦਾਸ:-

ਮਹਿੰਦਰ ਸਿੰਘ ਖਹਿਰਾ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,