ਵੀਡੀਓ

ਆਓ ਪੰਜਾਬ ਦੇ ਵਾਤਾਵਰਨ ਦੀ ਸੰਭਾਲ ਲਈ ਉਪਰਾਲੇ ਕਰੀਏ: ਵਿਦੇਸ਼ ਰਹਿੰਦੇ ਨੌਜਵਾਨ ਨੇ ਪੰਜਾਬ ਚ ਆਪਣੇ ਖੇਤਾਂ ਚ ਜੰਗਲ ਲਵਾਇਆ

By ਸਿੱਖ ਸਿਆਸਤ ਬਿਊਰੋ

July 30, 2022

ਪੰਜਾਬ ਇਸ ਸਮੇਂ ਪਾਣੀ ਅਤੇ ਵਾਤਾਵਰਨ ਦੇ ਗੰਭੀਰ ਸੰਕਟ ਵਿਚ ਘਿਰਿਆ ਹੋਇਆ ਹੈ। ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜੀ ਨਾਲ ਹੇਠਾਂ ਡਿੱਗ ਰਿਹਾ ਹੈ ਅਤੇ ਇੱਥੇ ਜੰਗਲਾਤ ਹੇਠ ਰਕਬਾ ਸਿਰਫ 3.67% ਹੈ। ਪੰਜਾਬ ਦਾ ਸਿਰਫ 6% ਹਿੱਸਾ ਹੀ ਰੁੱਖਾਂ ਦੀ ਛਤਰੀ ਹੇਠ ਹੈ। ਅੱਜ ਹਰ ਪੰਜਾਬ ਵਾਸੀ ਤੇ ਪੰਜਾਬ ਦਾ ਦਰਦੀ ਦਾ ਇਹ ਫਰਜ਼ ਬਣਦਾ ਹੈ ਕਿ ਉਹ ਪੰਜਾਬ ਦੇ ਜਲ ਤੇ ਵਾਤਾਵਰਨ ਦੇ ਸੰਕਟ ਦੀ ਰੋਕਥਾਮ ਲਈ ਬਣਦਾ ਉੱਦਮ ਕਰੇ। ਕੁਰਾਲੀ ਦੇ ਨੌਜਵਾਨ ਗੁਰਜਸਪਾਲ ਸਿੰਘ ਦੇ ਪਰਿਵਾਰ, ਜੋ ਅੱਜ ਕੱਲ ਵਿਦੇਸ਼ ਵਿਚ ਰਹਿੰਦੇ ਹਨ, ਵੱਲੋਂ ਕੁਝ ਮਹੀਨੇ ਪਹਿਲਾਂ ਆਪਣੀ ਪੁਸ਼ਤੈਨੀ ਜਮੀਨ ਝੋਨਾ ਮੁਕਤ ਕਰਨ ਦਾ ਐਲਾਨ ਕੀਤਾ ਗਿਆ ਸੀ। ਕਾਰਸੇਵਾ ਸੰਸਥਾ ਖਡੂਰ ਸਾਹਿਬ ਵੱਲੋਂ 550 ਗੁਰੂ ਨਾਨਕ ਯਾਦਗਾਰੀ ਜੰਗਲ ਲਾਉਣ ਦੀ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਪਿੰਡ ਸੰਤਪੁਰ ਚੁੱਪਕੀ (ਨੇੜੇ ਕੁਰਾਲੀ) ਵਿਖੇ ਪੈਂਦੀ ਗੁਰਜਸਪਾਲ ਸਿੰਘ ਹੋਰਾਂ ਦੇ ਪਰਿਵਾਰ ਦੀ ਜਮੀਨ ਵਿਚ ਕਰੀਬ 2 ਕਨਾਲ ਰਕਬੇ ਵਿਚ 25 ਜੁਲਾਈ 2022 ਨੂੰ 184ਵੇਂ ਗੁਰੂ ਨਾਨਕ ਯਾਦਗਾਰੀ ਜੰਗਲ ਲਈ ਬੂਟੇ ਲਗਾਏ ਗਏ। ਇਸ ਝਿੜੀ ਵਿਚ ਫਲਦਾਰ, ਫੁੱਲਦਾਰ, ਛਾਂ-ਦਾਰ, ਸੁਗੰਧੀਦਾਰ ਅਤੇ ਦਵਾ-ਦਾਰ ਵਨਗੀਆਂ ਦੀਆਂ 50 ਕਿਸਮਾਂ ਦੇ ਰੁੱਖਾਂ ਦੇ 550 ਬੂਟੇ ਲਗਾਏ ਗਏ। ਬੂਟੇ ਲਗਾਉਣ ਦੀ ਸਮੁੱਚੀ ਸੇਵਾ ਕਾਰਸੇਵਾ ਖਡੂਰ ਸਾਹਿਬ ਦੇ ਸੇਵਾਦਾਰਾਂ ਵਲੋਂ ਬਾਬਾ ਦਵਿੰਦਰ ਸਿੰਘ ਦੀ ਅਗਵਾਈ ਵਿਚ ਕੀਤੀ ਗਈ। ਇਸ ਝਿੜੀ ਲਈ

#ਖੇਤੀਬਾੜੀ_ਅਤੇ_ਵਾਤਾਵਰਨ_ਜਾਗਰੂਕਤਾ_ ਕੇਂਦਰ ਵਲੋਂ ਤਾਲਮੇਲ ਕੀਤਾ ਗਿਆ ਸੀ। ਵਿਦੇਸ਼ ਤੋਂ ਗੱਲਬਾਤ ਕਰਦਿਆਂ ਗੁਰਜਸਪਾਲ ਸਿੰਘ ਨੇ ਕਿਹਾ ਕਿ ਉਹਨਾ ਦਾ ਪਰਿਵਾਰ ਹੁਣ ਖੇਤੀ ਦੀ ਆਮਦਨ ਉੱਤੇ ਨਿਰਭਰ ਨਹੀਂ ਹੈ ਇਸ ਲਈ ਉਹਨਾ ਕੁਝ ਰਕਬੇ ਵਿਚ ਝਿੜੀ ਲਵਾ ਦਿੱਤੀ ਹੈ ਅਤੇ ਰਹਿੰਦੀ ਥਾਂ ਵਿਚ ਫਲਦਾਰ ਰੁੱਖ ਲਗਾਉਣ ਦਾ ਫੈਸਲਾ ਕੀਤਾ ਹੈ।

ਪੰਜਾਬ ਦੇ ਸਮਰੱਥ ਹਿੱਸੇ- ਖਾਸ ਕਰ ਵਿਦੇਸ਼ੀਂ ਰਹਿੰਦੇ ਜੀਆਂ ਨੂੰ, ਜੋ ਕਿ ਖੇਤੀ ਦੀ ਆਮਦਨ ਉੱਤੇ ਨਿਰਭਰ ਨਹੀਂ ਹਨ, ਆਪਣੀ ਜਮੀਨ ਝੋਨਾ ਮੁਕਤ ਕਰਨ ਅਤੇ ਕੁਝ ਤਾਂ ਉੱਤੇ ਝਿੜੀਆਂ ਲਵਾ ਕੇ ਰੁੱਖਾਂ ਹੇਠ ਰਕਬਾ ਵਧਾਉਣ ਦਾ ਉਪਰਾਲਾ ਕਰਨਾ ਚਾਹੀਦਾ ਹੈ। ਇਸ ਬਾਰੇ ਵਿਚ ਖੇਤੀਬਾੜੀ ਅਤੇ ਵਾਤਾਵਰਨ ਜਾਗਰੂਕਤਾ ਕੇਂਦਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: