ਖਾਸ ਖਬਰਾਂ

ਖੱਬੇ-ਪੱਖੀਆਂ ਕਾਮਾਗਾਟਾਮਾਰੂ ਦੇ ਇਤਿਹਾਸ ਨਾਲ ਸੰਬੰਧਤ ਕਿਤਾਬ ਦੇ ਅਨੁਵਾਦ ‘ਚ ਸਿੱਖਾਂ ਦਾ ਜ਼ਿਕਰ ਹਟਾਇਆ

By ਸਿੱਖ ਸਿਆਸਤ ਬਿਊਰੋ

November 18, 2016

ਚੰਡੀਗੜ੍ਹ: “ਕਾਮਾਗਾਟਾਮਾਰੂ ਦਾ ਅਸਲੀ ਸੱਚ” ਕਿਤਾਬ ਦੇ ਲਿਖਾਰੀ ਤੇ ਰਾਜਵਿੰਦਰ ਸਿੰਘ ਰਾਹੀ ਨੇ ਖੱਬੇ-ਪੱਖੀ ਲਿਖਾਰੀਆਂ/ਅਨੁਵਾਦਕਾਂ ਵੱਲੋਂ ਭਾਰਤੀ ਰਾਸ਼ਟਰਵਾਦ ਦੇ ਏਜੰਡੇ ਤਹਿਤ ਕਾਮਾਗਾਟਾਮਾਰੂ ਦੇ ਘਟਨਾਕ੍ਰਮ ਨਾਲ ਸੰਬੰਧਤ ਕਿਤਾਬ ਦੇ ਅਨੁਵਾਦ ਸਮੇਂ ਕੀਤੀ ਗਈ ਛੇੜ-ਛਾੜ ਦਾ ਸਖਤ ਨੋਟਿਸ ਲਿਆ ਹੈ।

ਜ਼ਿਕਰਯੋਗ ਹੈ ਕਿ ਖੱਬੇ-ਪੱਖੀਆਂ ਵੱਲੋਂ ਹਿਊ ਜੌਹਨਸਟਨ ਦੀ ਕਿਤਾਬਾਂ The Voyage of Komagatamaru (The Sikh Challenge to Canada’s Color Bar) ਕਿਤਾਬ ਪੰਜਾਬੀ ਵਿਚ ਅਨੁਵਾਦ ਕੀਤੀ ਗਈ ਹੈ। ਸ. ਰਾਹੀ ਨੇ ਦੱਸਿਆ ਕਿ ਅਨੁਵਾਦ ਕਰਦੇ ਸਮੇਂ ਇਸ ਵਿਚੋਂ ਸਿੱਖਾਂ ਦਾ ਜ਼ਿਕਰ ਹਟਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ “ਅਸੀਂ ਇਹ ਗੱਲ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਹਾਂ ਕਿ 1947 ਤੋਂ ਬਾਅਦ ਭਾਰਤੀ ਸਟੇਟ ਨੇ ਸਿਖਾਂ ਦੀ ਨਿਆਰੀ ਹਸਤੀ ਤੇ ਵੱਖਰੀ ਪਛਾਣ ਨੂੰ ਖਤਮ ਕਰਨ ਦਾ ਜੋ ਕੰਮ ਵਿੱਢਿਆ ਹੈ, ਕਾਮਰੇਡ ਕਲਮਾਂ ਨੇ ਉਸ ਵਿਚ ਵਧ ਚੜ੍ਹ ਕੇ ਆਪਣਾ ਯੋਗਦਾਨ ਪਾਇਆ”।

READ THIS NEWS in ENGLISH :- 

ਸ. ਰਾਜਵਿੰਦਰ ਸਿੰਘ ਰਾਹੀ ਨੇ ਕਿਹਾ ਕਿ ਹਿਊ ਜੌਹਨਸਟਨ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਕਨੇਡਾ ਦਾ ਪ੍ਰੋਫੈਸਰ ਹੈ ਉਸ ਨੇ ਕਾਮਾਗਾਟਾ ਮਾਰੂ ਬਾਰੇ ਬਹੁਤ ਹੀ ਖੋਜ ਭਰਪੂਰ ਕਿਤਾਬ ਲਿਖੀ ਹੈ। ਉਨ੍ਹਾਂ ਕਿਹਾ ਕਿ ਕਾਮਾਗਾਟਾਮਾਰੂ ਦਾ ਅਸਲੀ ਸੱਚ ਕਿਤਾਬ ਲਿਖਣ ਸਮੇਂ ਹਿਊ ਜੌਹਨਸਟਨ ਦੀ ਕਿਤਾਬ ਤੋਂ ਕਾਫੀ ਮਦਦ ਲਈ ਸੀ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਇਹ ਕਿਤਾਬ 1979 ਵਿਚ ਆਕਸਫੋਰਡ ਯੂਨੀਵਰਸਿਟੀ ਨੇ ਛਾਪੀ ਸੀ। ਸੋਧੀ ਹੋਈ ਐਡੀਸਨ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਨੇ ਛਾਪੀ ਹੈ।

ਸ. ਰਾਹੀ ਨੇ ਕਿਤਾਬਾਂ ਦੇ ਸਰਵਰਕ ਦਿਖਾਉਂਦਿਆਂ ਕਿਹਾ ਕਿ ਪਹਿਲਾਂ ਛਪੀਆਂ ਦੋਵੇਂ ਛਾਪਾਂ ‘ਚ ਉਪ-ਸਿਰਲੇਖ ਹੈ ‘ਦਾ ਸਿੱਖ ਚੈਲੰਜ ਟੂ ਕੈਨੇਡਾਜ਼ ਕਲਰ ਬਾਰ’ (ਕਨੇਡਾ ਦੀ ਰੰਗ ਭੇਦ ਰੋਕ ਨੂੰ ਸਿੱਖਾਂ ਵੱਲੋਂ ਚਣੌਤੀ)।

ਉਨ੍ਹਾਂ ਕਿਹਾ ਅਨੁਵਾਦਕ ਪ੍ਰੋਫੈਸਰ ਅਜੈਬ ਸਿੰਘ ਟਿਵਾਣਾ ਤੇ ਹਰਚਰਨ ਸਿੰਘ ਚਾਹਲ ਨੇ ਇਸ ਕਿਤਾਬ ਦਾ ਪੰਜਾਬੀ ਤਰਜ਼ਮਾ ਕੀਤਾ ਹੈ ਅਤੇ ਇਸ ਨੂੰ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਨਰਭਿੰਦਰ ਨੇ ਸੰਪਾਦਤ ਕੀਤਾ ਹੈ। ਪੰਜਾਬੀ ਛਾਪ ਦੇ ਪ੍ਰਕਾਸ਼ਕ ਨੇ ‘ਸਰੋਕਾਰਾਂ ਦੀ ਅਵਾਜ਼’ ਮੈਗਜ਼ੀਨ ਪਟਿਆਲਾ, ਦੇਸ ਭਗਤ ਯਾਦਗਾਰ ਕਮੇਟੀ ਜਲੰਧਰ ਅਤੇ ਭਗਤ ਸਿੰਘ ਸੈਂਚਰੀ ਫਾਂਊਡੇਸਨ ਖਟਕੜ ਕਲਾਂ ਹਨ।

ਰਾਜਵਿੰਦਰ ਸਿੰਘ ਰਾਹੀ ਨੇ ਕਿਹਾ ਕਿ ਅਨੁਵਾਦਕਾਂ ਤੇ ਸੰਪਾਦਕਾਂ ਨੇ ਕਿਤਾਬ ਦੇ ਸਰਵਰਕ ਤੋਂ ‘ਸਿੱਖ ਚੈਲੰਜ’ ਦਾ ਜ਼ਿਕਰ ਹੀ ਉਡਾ ਦਿੱਤਾ ਹੈ ਅਤੇ ਲਿਖ ਦਿੱਤਾ ਹੈ ‘ਕਨੇਡਾ ਦੇ ਨਸਲੀ ਵਿਤਕਰੇ ਦੇ ਵਿਰੁੱਧ ਤੇ ਅਜ਼ਾਦੀ ਲਈ’।

ਰਾਹੀ ਮੁਤਾਬਕ ਕਿਤਾਬ ਦੇ ਅੰਦਰ ਵੀ ਜਿਥੇ ਕਿਤੇ ‘ਸਿਖ’ ਸ਼ਬਦ ਆਉਂਦਾ ਹੈ ਉਸ ਨੂੰ ਭਾਰਤੀ ਜਾਂ ਹਿੰਦੁਸਤਾਨੀ ਸ਼ਬਦ ਨਾਲ ਬਦਲ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਅਨੁਵਾਦ ਕਰਦੇ ਸਮੇਂ ਕਿਤਾਬ ਦੇ ਵਿਸ਼ੇ ਅਤੇ ਵੇਰਵਿਆਂ ਨਾਲ ਕੀਤੀ ਗਈ ਛੇੜ-ਛਾੜ ਖੱਬੇ-ਪੱਖੀਆਂ ਦੀ ਸਿੱਖ ਵਿਰੋਧੀ ਮਾਨਸਿਕਤਾ ਦੇ ਨਾਲ ਨਾਲ ਬੌਧਿਕ ਬੇਈਮਾਨੀ ਦਾ ਵੀ ਪ੍ਰਗਟਾਵਾ ਹੈ ਅਤੇ ਕਿਤਾਬ ਨਾਲ ਕੀਤੀ ਗਈ ਅਜਿਹੀ ਛੇੜਛਾੜ ਲੇਖਕ ਨਾਲ ਵੀ ਘੋਰ ਅਨਾਚਾਰ ਹੈ।

ਉਨ੍ਹਾਂ ਕਿਹਾ ਕਿ ਹਿਊ ਜੌਹਨਸਟਨ ‘ਤੇ ਵੀ ਹੁਣ ਤਕ ਕਾਮਰੇਡਾਂ ਨੇ ਬਹੁਤ ਦਬਾਓ ਪਾਇਆ ਸੀ ਕਿ ਤੂੰ ‘ਸਿਖ ਚੈਲੰਜ’ ਦੀ ਥਾਂ ‘ਇੰਡੀਅਨ’ ਲਿਖ ਪਰ ਜੌਹਨਸਟਨ ਦਾ ਇਕੋ ਜਵਾਬ ਸੀ ਕਿ ਸਾਰੇ ਦਸਤਾਂਵੇਜ਼ਾਂ ਵਿਚ ਸਿੱਖਾਂ ਦਾ ਨਾਂ ਬੋਲਦਾ ਹੈ, ਖੂਨ ਸਿੱਖਾਂ ਨੇ ਡੋਲ੍ਹਿਆ, ਕੁਰਬਾਨੀਆਂ ਸਿੱਖਾਂ ਨੇ ਕੀਤੀਆਂ, ਫਾਂਸੀ ਸਿੱਖ ਚੜ੍ਹੇ, ਮੈਂ ਇੰਡੀਅਨ ਕਿਵੇਂ ਲਿਖ ਦਵਾਂ?

ਸ. ਰਾਜਵਿੰਦਰ ਸਿੰਘ ਰਾਹੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਗਦਰ ਲਹਿਰ ਦੇ ਇਤਿਹਾਸ ਦੇ ਮਾਮਲੇ ਵਿਚ ਵੀ ਅਜਿਹੀ ਛੇੜ-ਛਾੜ ਸਾਹਮਣੇ ਆਈ ਹੈ ਕਿ ਕਿਵੇਂ ਇਸ ਲਹਿਰ ਦੇ ਸਿੱਖ ਤੱਤ ਨੂੰ ਮਿੱਥ ਕੇ ਕੱਢ ਦਿੱਤਾ ਗਿਆ ਅਤੇ ਸਮੁੱਚੇ ਵਰਤਾਰੇ ਨੂੰ ਭਾਰਤੀ ਰਾਸ਼ਟਰਵਾਦੀ ਰੰਗਤ ਦਿੱਤੀ ਗਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: