ਪਟਿਆਲਾ: ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਨੇ ਅੱਜ ਮੰਗ ਕੀਤੀ ਕਿ 17 ਮਈ ਨੂੰ ਲੁਧਿਆਣਾ ਵਿਖੇ ਉਨ੍ਹਾਂ ਦੇ ਕਾਫਲੇ ’ਤੇ ਹੋਏ ਹਮਲੇ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਈ ਜਾਵੇ। ਉਹ ਅੱਜ ਭਾਈ ਭੁਪਿੰਦਰ ਸਿੰਘ ਖਾਸੀ ਕਲਾਂ ਵਾਲਿਆਂ ਦੇ ਭੋਗ ਮੌਕੇ ਬੋਲ ਰਹੇ ਸਨ, ਜਿਹੜੇ ਕਿ 17 ਮਈ ਦੇ ਹਮਲੇ ਵਿਚ ਅਕਾਲ ਚਲਾਣਾ ਕਰ ਗਏ ਸਨ।
ਉਨ੍ਹਾਂ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਹਮਲੇ ਦੀ ਸੀ.ਬੀ.ਆਈ. ਜਾਂਚ ਦੀ ਮੰਗ ਲੈ ਕੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ ਜਾਣ।
ੳਨ੍ਹਾਂ ਕਿਹਾ, “ਸੀ.ਬੀ.ਆਈ. ਦੀ ਜਾਂਚ ਦੀ ਮੰਗ ਨੂੰ ਲੈ ਕੇ ਜਦੋਂ ਸੰਗਤ ਡਿਪਟੀ ਕਮਿਸ਼ਨਰ ਕੋਲ ਜਾਵੇ ਤਾਂ ਕਿਸੇ ਕਿਸਮ ਦੀ ਨਾਅਰੇਬਾਜ਼ੀ ਨਾ ਕਰੇ”।
ਭਾਈ ਢੱਡਰੀਆਂਵਾਲਿਆਂ ਨੇ ਕਿਹਾ, “ਮੈਂ ਪੰਜ ਪਿਆਰਿਆਂ ਦਾ ਧੰਨਵਾਦ ਕਰਦਾਂ ਜਿਨ੍ਹਾਂ ਨੇ ਭਾਈ ਭੁਪਿੰਦਰ ਸਿੰਘ ਨੂੰ ‘ਸਿੱਖ ਕੌਮ ਦਾ ਸ਼ਹੀਦ’ ਐਲਾਨਿਆ”। ਭੋਗ ਸਮੇਂ ਵੱਡੀ ਗਿਣਤੀ ਵਿਚ ਸੰਗਤਾਂ ਅਤੇ ਪੰਜ ਪਿਆਰੇ ਸਾਹਿਬਾਨ ਹਾਜ਼ਰ ਸਨ।
ਉਨ੍ਹਾਂ ਕਿਹਾ ਕਿ ਉਹ ਅਕਾਲ ਤਖ਼ਤ ਸਾਹਿਬ ਨੂੰ ਸਮਰਪਤ ਹਨ ਪਰ ਗਿਆਨੀ ਗੁਰਬਚਨ ਸਿੰਘ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਕਰਦੇ ਕਿਉਂਕਿ ਡੇਰਾ ਸਿਰਸਾ ਦੇ ਮੁਖੀ ਨੂੰ ਮਾਫ ਕਰਕੇ ਇਹ ਪੰਥ ਵਲੋਂ ਨਕਾਰੇ ਹੋਏ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਨਿਮਰਤਾ ਅਤੇ ਅਪੀਲ ਨੂੰ ਪ੍ਰਸ਼ਾਸਨ ਨੇ ਨਜ਼ਰਅੰਦਾਜ਼ ਕੀਤਾ ਅਤੇ ਮੁੱਖ ਸਾਜਸ਼ਕਰਤਾ ਨੂੰ ਲੱਭ ਕੇ ਲੁਕੋ ਲਿਆ ਹੈ।