ਖਾਸ ਖਬਰਾਂ

ਭਾਈ ਪਰਮਜੀਤ ਸਿੰਘ ਪੰਜਵੜ ਨਮਿਤ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ

By ਸਿੱਖ ਸਿਆਸਤ ਬਿਊਰੋ

May 12, 2023

ਚੰਡੀਗੜ੍ਹ – ਅੱਜ ਪੰਥਕ ਪੱਧਰ ਉੱਤੇ ਗੁਰ-ਸੰਗਤਿ ਅਤੇ ਖਾਲਸਾ ਪੰਥ ਵੱਲੋਂ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਨਮਿਤ ਅੰਤਿਮ ਅਰਦਾਸ ਸ੍ਰੀ ਹਰਿਮੰਦਰ ਸਾਹਿਬ ਸਮੂਹ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੀਤੀ ਗਈ। ਸ੍ਰੀ ਅਕਾਲ ਤਖਤ ਸਾਹਿਬ ਨੇੜੇ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਭਾਈ ਪਰਮਜੀਤ ਸਿੰਘ ਪੰਜਵੜ ਨਮਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।

ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਰੂਪ ਸਿੰਘ ਰੂਪ ਦੇ ਜਥੇ ਵੱਲੋਂ ਬੀਰ ਰਸੀ ਗੁਰਬਾਣੀ ਸ਼ਬਦਾਂ ਦਾ ਗਾਇਨ ਕੀਤਾ ਗਿਆ। ਜਿਸ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਦੇ ਅਰਦਾਸੀਏ ਭਾਈ ਬਲਜੀਤ ਸਿੰਘ ਪੰਜਵੜ ਵੱਲੋਂ ਭਾਈ ਪਰਮਜੀਤ ਸਿੰਘ ਪੰਜਵੜ ਨਮਿਤ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕੀਤੀ ਗਈ।

ਇਸ ਮੌਕੇ ਭਾਈ ਪਰਮਜੀਤ ਸਿੰਘ ਪੰਜਵੜ ਦੇ ਭਰਾ ਭਾਈ ਬਲਦੇਵ ਸਿੰਘ, ਭਾਈ ਅਮਰਜੀਤ ਸਿੰਘ ਅਤੇ ਹੋਰ ਪਰਿਵਾਰਕ ਜੀਆਂ ਤੋਂ ਇਲਾਵਾ ਵੱਖ-ਵੱਖ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।

ਇਸ ਮੌਕੇ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜੀ ਵੱਲੋਂ ਸ਼ਹੀਦ ਪਰਿਵਾਰ ਦੇ ਜੀਆਂ ਨੂੰ ਸਿਰੋਪਾਓ ਭੇਟ ਕੀਤੇ ਗਏ।

ਇਸ ਮੌਕੇ ਭਾਈ ਦਲਜੀਤ ਸਿੰਘ (ਪੰਥ ਸੇਵਕ) ਨੇ ਆਖਿਆ ਕਿ ਖਾਲਸਾ ਪੰਥ ਲਈ ਇਹ ਗੱਲ ਤਸੱਲੀ ਤੇ ਦ੍ਰਿੜਤਾ ਦਾ ਸਬੱਬ ਹੈ ਕਿ ਉਹਨਾ ਖਾਲਿਸਤਾਨ ਦੀ ਅਜ਼ਾਦੀ ਦੇ ਸੰਘਰਸ਼ ਦੀ ਜੋ ਜਿੰਮੇਵਾਰੀ ਭਾਈ ਪਰਮਜੀਤ ਸਿੰਘ ਪੰਜਵੜ ਨੇ ਓਟੀ ਸੀ ਉਹ ਉਹਨਾ ਨੇ ਆਖਰੀ ਸਾਹਾਂ ਤੱਕ ਆਪਣੇ ਖੂਨ-ਪਸੀਨੇ ਨਾਲ ਨਿਭਾਈ ਹੈ।

ਖਾੜਕੂ ਸੰਘਰਸ਼ ਰਸਤੇ ਉੱਤੇ ਚੱਲਦਿਆਂ ਭਾਈ ਪੰਜਵੜ ਤੇ ਉਹਨਾ ਦੇ ਪਰਿਵਾਰ ਦੀ ਘਾਲਣਾ ਦਾ ਸਿਲਸਿਲਾ ਪਰਿਵਾਰਕ ਜੀਆਂ ਦੀਆਂ ਸ਼ਹੀਦੀਆਂ ਰਾਹੀਂ ਹੁੰਦਾ ਹੋਇਆ ਅੱਜ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੀ ਸ਼ਹੀਦੀ ਨਾਲ ਜਿਸ ਮੁਕਾਮ ਉੱਤੇ ਪੁੱਜਾ ਹੈ ਉਹ ਸੰਘਰਸ਼ ਦਾ ਰਾਹ ਅਖਤਿਆਰ ਕਰਨ ਵਾਲੇ ਨੌਜਵਾਨਾਂ ਅਤੇ ਅਗਲੀਆਂ ਪੀੜ੍ਹੀਆ ਲਈ ਪ੍ਰੇਰਣਾ ਦਾ ਸਰੋਤ ਰਹੇਗਾ।

 

ਕੁੱਝ ਹੋਰ ਤਸਵੀਰਾਂ ਵੇਖੋ 

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: