ਆਪਣੀ ਮੌਤ ਤੋਂ ਕੁਝ ਮਹੀਨੇ ਪਹਿਲਾਂ ਜੁਲਾਈ 1928 `ਚ ਮੋਤੀ ਲਾਲ ਨਹਿਰੂ ਨੂੰ ਲਿਖੀ ਚਿੱਠੀ ਵਿਚ ਲਾਲਾ ਜੀ ਆਖਦੇ ਹਨ : ‘ਮੈਂ ਜ਼ਿੰਦਗੀ ਤੋਂ ਤੰਗ ਆ ਚੁੱਕਾ ਹਾਂ, ਮਾਨਸਿਕ ਪੱਖੋਂ ਵੀ ਅਤੇ ਸਰੀਰਕ ਪੱਖੋਂ ਵੀ ਮੇਰੀ ਪਹਿਲੀ ਗੱਲ ਵਿਚੋਂ ਹੀ ਦੂਜੀ ਗੱਲ ਨਿਕਲਦੀ ਹੈ। ਮੇਰੇ ਅੰਦਰ ਕੋਈ ਜੋਸ਼ੋ ਖਰੋਸ਼ ਨਹੀਂ ਰਿਹਾ, ਕੋਈ ਖਾਹਸ਼ ਨਹੀਂ ਰਹੀ, ਅਸਲ ਗੱਲ ਤਾਂ ਇਹ ਹੈ ਕਿ ਮੇਰਾ ਕਿਸੇ ਵੀ ਚੀਜ਼ ਵਿਚ ਵਿਸ਼ਵਾਸ਼ ਨਹੀਂ ਰਿਹਾ, ਆਪਣੇ ਆਪ ਵਿਚ ਵੀ ਨਹੀਂ, ਰੱਬ ਵਿਚ ਵੀ ਨਹੀਂ, ਮਨੁੱਖਤਾ ਵਿਚ ਵੀ ਨਹੀਂ,…., ਦੁਨੀਆ ਵਿਚ ਵੀ ਨਹੀਂ……। ਕੋਈ ਸਮਾਂ ਸੀ ਮੇਰਾ ਰੱਬ ਵਿਚ ਵਿਸ਼ਵਾਸ਼ ਹੁੰਦਾ ਸੀ, ਉਹ ਹੁਣ ਨਹੀਂ ਰਿਹਾ। ਮੇਰੀ ਬਹੁਤ ਬੁਰੀ ਹਾਲਤ ਹੈ ਮੈਂ ਇਕੱਲਤਾਵਿਚ ਹਾਂ, ਮੇਰੀਆਂ ਖੁਸ਼ੀਆਂ ਖਤਮ ਹੋ ਗਈਆਂ ਹਨ, ਮੈਂ ਫਿਰ ਵੀ ਇਸ ਦੁਖਦਾਈ ਸਥਿਤੀ ਨਾਲ ਚੁੰਬੜਿਆਂ ਹੋਇਆ ਹਾਂ। ਮੈਂ ਇਸ ਮਾਨਸਿਕ ਹਾਲਤ ਵਿਚੋਂ ਬਾਹਰ ਨਿਕਲਣਾ ਚਾਹੁੰਦਾ ਹਾਂ ਪਰ ਮੈਨੂੰ ਪਤਾ ਨਹੀਂ ਲੱਗਰਿਹਾ ਕਿ ਕਿਵੇਂ ਨਿਕਲਾਂ।` ਲਾਲਾ ਜੀ ਨੇ ਇਹ ਸ਼ਿਕਾਇਤ ਵੀ ਕੀਤੀ ਸੀ ਕਿ ਸਥਾਨਕ ਕਾਂਗਰਸੀਆਂ ਨੇ ਉਸ ਨੂੰ ਅਣਗੌਲਾ ਕਰ ਦਿੱਤਾ ਹੈ ਅਤੇ ਕੋਈ ਵੀ ਉਸ ਦੀ ਗੱਲ ਨਹੀਂ ਸੁਣਦਾ। |
– ਰਾਜਿੰਦਰ ਸਿੰਘ ਰਾਹੀ
ਮੇਰੇ ਵੱਲੋਂ ਲਾਲਾ ਲਾਜਪਤ ਰਾਏ ਜੀ ਬਾਰੇ ਲਿਖੇ ਗਏ ਲੇਖ `ਤੇ ਆਪਣਾ ਪ੍ਰਤੀਕਰਮ ਪ੍ਰਗਟਾਉਂਦਿਆਂ ਪ੍ਰਿੰਸੀਪਲ ਸਰਵਣ ਸਿੰਘ ਜੀ ਹੋਰਾਂ ਨੇ ਮੈਨੂੰ ਅਤੇ ਅਦਾਰਾ ‘ਅੰਮ੍ਰਿਤਸਰ ਟਾਈਮਜ਼` ਨੂੰ ਵਧਾਈ ਦਿੰਦਿਆਂ ਪ੍ਰਵਾਨ ਕੀਤਾ ਹੈ ਕਿ ਇਸ ਨਾਲ ‘ਲਾਲਾ ਜੀ ਦੀ ਦੇਸ਼ ਭਗਤੀ ਤੇ ਸ਼ਹਾਦਤ ਦਾ ਇਕ ਪਾਸਾ ਕਾਫ਼ੀ ਹੱਦ ਤੱਕ ਸਪੱਸ਼ਟ ਹੋ ਗਿਆ।’ ਉਨ੍ਹਾਂ ਇਹ ਵੀ ਮੰਨਿਆ ਹੈ ਕਿ ਇਹ ਕਾਰਜ ਮੈਂ ਇਤਿਹਾਸਕ ਹਵਾਲੇ ਦੇ ਕੇ ਦਲੀਲ ਨਾਲ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਤੋਂ ਪਹਿਲਾਂ ਆਪਣੇ ਵਲੋਂ ਲਿਖੇ ਗਏ ਲੇਖ ਦੇ ਮਕਸਦ ਬਾਰੇ ਸਪੱਸ਼ਟ ਕੀਤਾ ਹੈ। ਉਨ੍ਹਾਂ ਦਾ ਮਕਸਦ ਤਾ ਸਿਰਫ਼ ਗਾਇਕ ਬੱਬੂ ਮਾਨ ਦੇ ਕੈਨੇਡਾ ਵਿਚ ਹੋ ਰਹੇ ਸ਼ੋਆਂ ਨੂੰ ਨਿਰਵਿਘਨ ਚੱਲਦਾ ਰੱਖਣ ਲਈ ਢੁੱਡੀਕਿਆਂ ਦੇ ਕੁਝ ਮੰਡਿਆਂ ਨੂੰ ਪਲੋਸਣਾ ਹੀ ਸੀ। (ਲਾਲਾ ਜੀ ਨੂੰ ਸ਼ਹੀਦ ਮੰਨਣ ਜਾਂ ਉਸ ਦੀ ਪ੍ਰਸ਼ੰਸਾ ਕਰਨ ਦਾ ਉਨ੍ਹਾਂ ਦਾ ਕੋਈ ਮਕਸਦ ਨਹੀਂ ਸੀ)
ਇਸ ਦੇ ਨਾਲ ਹੀ ਪ੍ਰਿੰਸੀਪਲ ਸਾਹਿਬ ਨੇ ਮੇਰੇ ਲੇਖ `ਤੇ ਇਹ ਕਿੰਤੂ ਕੀਤਾ ਹੈ ਕਿ ਮੈਂ ਲਾਲਾ ਜੀ ਦੀ ਜ਼ਿੰਦਗੀ ਦਾ ਸਿਰਫ਼ ਇਕ ਪਾਸਾ ਹੀ ਦਿਖਾਇਆ ਹੈ। ਇਸ ਬਾਰੇ ਮੈਂ ਇੰਨਾ ਹੀ ਕਹਿਣਾ ਹੈ ਕਿ ਮੈਂ ਆਪਣੇ ਕੋਲੋਂ ਕੁਝ ਨਹੀਂ ਦਿਖਾਇਆ ਮੈਂ ਤਾਂ ਸਿਰਫ਼ ਉਨ੍ਹਾਂ ਲਹਿਰਾਂ ਦੇ ਨਾਇਕਾਂ ਦੇ ਲਾਲਾ ਜੀ ਬਾਰੇ ਵਿਚਾਰ ਦਿੱਤੇ ਹਨ, ਜਿਨ੍ਹਾਂ ਲਹਿਰਾਂ ਨਾਲ ਲਾਲਾ ਜੀ ਦਾ ਵਾਹ ਵਾਸਤਾ ਰਿਹਾ ਹੈ। ਜਿਵੇਂ ਗ਼ਦਰ ਲਹਿਰ `ਚੋਂ ਸ਼ਹੀਦ ਕਰਤਾਰ ਸਿੰਘ ਸਰਾਭਾ, ਲਾਲਾ ਹਰਦਿਆਲ, ਬਾਬਾ ਸੋਹਣ ਸਿੰਘ ਭਕਨਾ, ਬਾਬਾ ਗੁਰਮੁਖ ਸਿੰਘ ਲਲਤੋਂ, ਭਾਈ ਸੰਤੋਖ਼ ਸਿੰਘ ਆਦਿ, ਪਗੜੀ ਸੰਭਾਲ ਜੱਟਾ, ਲਹਿਰ ਦੇ ਸ. ਅਜੀਤ ਸਿੰਘ, ਨੌਜਵਾਨਾਂ ਦੀ ਲਹਿਰ ਵਿਚੋਂ ਸ਼ਹੀਦ ਭਗਤ ਸਿੰਘ, ਸ਼ਿਵ ਵਰਮਾ, ਸ਼ਹੀਦ ਸੁਖਦੇਵ ਆਦਿ। ਜਿਹੜਾ ਪਾਸਾ ਮੇਰੇ ਕੋਲੋਂ ਦਿਖਾਉਣ ਵੱਲੋਂ ਰਹਿ ਗਿਆ ਹੈ, ਉਹ ਹੁਣ ਪ੍ਰਿੰਸੀਪਲ ਸਾਹਿਬ ਖੁਦ ਦਿਖਾ ਦੇਣ, ਹੋ ਸਕਦਾ ਹੈ, ਲਾਲਾ ਜੀ ਦਾ ਕੋਈ ਵੱਡਾ ਰੋਲ ਜਾਂ ਵੱਡੀ ਕੁਰਬਾਨੀ ਹੀ ਸਾਹਮਣੇ ਆ ਜਾਵੇ।
ਪ੍ਰਿੰਸੀਪਲ ਸਰਵਣ ਸਿੰਘ ਜੀ ਨੇ ਲਿਖਿਆ ਹੈ ਕਿ, ਸੁਤੰਤਰਤਾ ਸੰਗਰਾਮੀਆਂ ਨੂੰ ਧਰਮ ਨਿਰਪੱਖ ਨਜ਼ਰਾਂ ਨਾਲ ਦੇਖਣਾ ਚਾਹੀਦੈ।` ਕਿਸੇ ਵੀ ਧਰਮ ਜਾਂ ਖਿੱਤੇ ਦੇ ਦੇਸ਼ ਭਗਤ ਨਾਲ ਦੁਰਾਂਝਗੀ ਨਹੀਂ ਹੋਣੀ ਚਾਹੀਦੀ ਤੇ ਸਿੱਖਾਂ ਜਿਹੀ ਘੱਟਗਿਣਤੀ ਨਾਲ ਤਾਂ ਬਿਲਕੁਲ ਹੀ ਨਹੀਂ ਹੋਣੀ ਚਾਹੀਦੀ। ਭਾਰਤ ਦੀ ਆਜ਼ਾਦੀ ਦੇ ਸਿੱਖ ਸੰਗਰਾਮੀਆਂ ਨੂੰ ਉਚਿਤ ਮਾਣ ਸਨਮਾਨ ਮਿਲਣਾ ਚਾਹੀਦੈ।“ ਪ੍ਰਿੰਸੀਪਲ ਸਾਹਿਬ ਦੇ ਵਿਚਾਰਾਂ ਤੋਂ ਇਹ ਸਪੱਸ਼ਟ ਨਹੀਂ ਹੁੰਦਾ ਕਿ ਉਹ ਇਹ ਨਸੀਹਤ ਕਿਸ ਨੂੰ ਦੇਣਾ ਚਾਹੁੰਦੇ ਹਨ?ਪਿੰਡ ਢੁੱਡੀਕੇ ਦੀ ਮਿਸਾਲ ਸਾਹਮਣੇ ਹੈ, ਜਿਥੇ ਲਾਲਾ ਲਾਜਪਤ ਰਾਏ ਦਾ ਨਾਂ ਸਥਾਪਤ ਕਰਨ ਲਈ ਤਾਂ ਕਰੋੜਾਂ ਰੁਪਿਆ ਲਗਾਇਆ ਜਾ ਰਿਹਾ ਹੈ ਪਰ ਫਾਂਸੀਆਂ ਚੜ੍ਹਨ ਵਾਲੇ ਤੇ ਕਾਲੇ ਪਾਣੀਆਂ `ਚ ਸੜਨ ਵਾਲੇ ਬਾਬੇ ਭੁਲਾਏ ਜਾ ਰਹੇ ਹਨ! ਕੀਹਦੇ ਵੱਲੋਂ? ਲੋਕਾਂ ਵੱਲੋਂ ਨਹੀਂ ਸਰਕਾਰਾਂ ਵੱਲੋਂ! ਕਿਸ ਕਸੂਰ ਬਦਲੇ? ਕਿਉਂਕਿ ਉਹ ਸਿੱਖ ਸਨ! ਸੋ ਪ੍ਰਿੰਸੀਪਲ ਸਾਹਿਬ ਨੂੰ ਇਹ ਨਸੀਹਤ ਦੇਣ ਦੀ ਬਜਾਏ ਆਢਾ ਸਰਕਾਰ ਨਾਲ ਲਾਉਣਾ ਚਾਹੀਦਾ ਹੈ।
ਪ੍ਰਿੰਸੀਪਲ ਸਾਹਿਬ ਹੋਰਾਂ ਨੇ ਆਪਣੀ ਚਿੱਠੀ ਦੇ ਅਖੀਰ ਵਿਚ ਲਾਲਾ ਜੀ ਨੂੰ ਵਧੀਆ ਮਨੁੱਖ ਅਤੇ ਲਾਠੀਚਾਰਜ ਨਾਲ ਹੋਇਆ ਸ਼ਹੀਦ ਸਾਬਤ ਕਰਨ ਲਈ ਸ਼ਹੀਦ ਭਗਤ ਸਿੰਘ ਹੋਰਾਂ ਵੱਲੋਂ ਸਾਂਡਰਸ ਦੇ ਕਤਲ ਦਾ ਸਹਾਰਾ ਲਿਆ ਹੈ। ਮੈਂ ਆਪਣੀ ਲਿਖਤਵਿਚ ਲਾਲਾ ਜੀ ਦੇ ‘ਮਨੁੱਖੀ ਗੁਣਾਂ` ਅਤੇ ਲਾਠੀਚਾਰਜ ਦੇ ਚਸ਼ਮਦੀਦ ਗਵਾਹਾਂ ਦੀਆਂ ਅਨੇਕਾਂ ਗਵਾਹੀਆਂ ਭੁਗਤਾਉਣ ਦੇ ਨਾਲ ਨਾਲ, ਲਾਲਾ ਜੀ ਦਾ ਖੁਦ ਦਾ ਬਿਆਨ ਵੀ ਦਿੱਤਾ ਹੈ ਜਿਸ ਤੋਂ ਸਿੱਧ ਹੁੰਦਾ ਹੈ ਕਿ ਲਾਲਾ ਜੀ ਦੀ ਮੌਤ ਲਾਠੀਚਾਰਜ ਨਾਲ ਦਿਲਦੀ ਧੜਕਣ ਬੰਦ ਹੋਣ ਕਾਰਨ ਹੋਈ ਹੈ। ਚਾਹੀਦਾ ਤਾਂ ਇਹ ਸੀ ਕਿ ਪ੍ਰਿੰਸੀਪਲ ਸਰਵਣ ਸਿੰਘ ਹੋਰੀਂ ਮੇਰੀਆਂ ਗਵਾਹੀਆਂ ਨੂੰ ਝੁਠਲਾਉਣ ਲਈ ਕਿਸੇ ਚਸ਼ਮਦੀਦ ਗਵਾਹ ਦੀ ਠੋਸ ਗਵਾਹੀ ਪੇਸ਼ ਕਰਦੇ, ਪਰ ਉਨ੍ਹਾਂ ਨੇ ਤਾਂ ਸ਼ਰਧਾਵਾਨ ਅਤੇ ਅੰਧਵਿਸ਼ਵਾਸੀ ਲੋਕਾਂ ਵਾਂਗ ਸਾਡੀਆਂ ਗਵਾਹੀਆਂ ਨੂੰ ਮੁੱਢੋਂ ਸੁੱਢੋਂ ਰੱਦ ਕਰਕੇ ਮੈਂ ਨਾ ਮਾਨੂ ਵਾਲੀ ਪ੍ਰਵਿਰਤੀ ਦਾ ਪ੍ਰਗਟਾਵਾ ਕੀਤਾ ਹੈ। ਪਰਪ੍ਰਿੰਸੀਪਲ ਸਾਹਿਬ ਨੂੰ ਤਾਂ ਇਸ ਸ਼੍ਰੇਣੀ ਵਿਚ ਨਹੀਂ ਰੱਖਿਆ ਜਾ ਸਕਦਾ? ਸ਼ਹੀਦ ਭਗਤ ਸਿੰਘ ਹੋਰਾਂ ਨੇ ਸਾਂਡਰਸ ਨੂੰ ਕਿਉਂ ਮਾਰਿਆ। ਇਸ ਬਾਰੇ ਮੇਰੇ ਲੇਖ ਵਿਚ ਹੀ ਉਨ੍ਹਾਂ ਦਾ ਸਾਥੀ ਸ਼ਿਵ ਵਰਮਾ ਅਖ਼ਦਾ ਹੈ : ‘ਭਗਤ ਸਿੰਘ ਅਤੇ ਸੁਖਦੇਵ ਵਾਸਤੇ ਤਾਂ ਉਨ੍ਹਾਂ (ਲਾਲਾ ਜੀ) ਨੇ ਆਪਣੇ ਬੰਗਲੇ ਦੇ ਫਾਟਕ ਹਮੇਸ਼ਾ ਲਈ ਬੰਦ ਕਰ ਦਿੱਤੇ ਸਨ। ਉਨ੍ਹਾਂ ਨੇ ਫਿਰਕੂਪੁਣੇ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਸੀ.….ਪਰ ਇਹ (ਮਤਭੇਦ) ਸਾਡੇ ਦੇਸ਼ ਦੇ ਅੰਦਰ ਦੀ ਗੱਲ ਹੈ। ਏਸ ਦੇ ਬਾਹਰ ਲੋਕ ਉਨ੍ਹਾਂ ਨੂੰ ਸਾਡੇ ਰਾਸ਼ਟਰੀ ਅੰਦੋਲਨ ਦੀ ਮੂਹਰਲੀ ਕਤਾਰ ਦੇ ਨੇਤਾ ਦੇ ਰੂਪ ਵਿਚ ਹੀ ਜਾਣਦੇ ਸੀ। ਇਸ ਨਾਤੇ ਲਾਲਾ ਜੀ `ਤੇ ਵਾਰ ਸਮੁੱਚੇ ਦੇਸ਼ `ਤੇ ਵਾਰ ਸੀ। ਉਹ ਸਾਡੀ ਮਰਦਾਨਗੀ ਨੂੰ ਲਲਕਾਰ ਸੀ ਤੇ ਅਸੀਂ ਉਸ ਨੂੰ ਮੰਨ ਲਿਆ। ਮਰਦਾਨਗੀ ਨੂੰ ਇਹ ਵੰਗਾਰ ਪਾਈ ਸੀ ਪ੍ਰਸਿੱਧ ਦੇਸ਼ਭਗਤ ਸ੍ਰੀ ਸੀ ਆਰ ਦਾਸ ਦੀ ਵਿਧਵਾ ਬਸੰਤੀ ਦੇਵੀ ਨੇ, ਪੰਜਾਬ ਆ ਕੇ। ਉਸਨੇ ਕਿਹਾ ਸੀ, ‘ਮੈਂ ਸ਼ਰਮ ਅਤੇ ਬੇਇੱਜ਼ਤੀ ਕਾਰਨ ਕੰਬ ਰਹੀ ਹਾਂ…. ਕੀ ਅਜੇ ਦੇਸ਼ ਵਿਚ ਜਵਾਨੀ ਅਤੇ ਮਰਦਊਪੁਣਾ ਬਾਕੀ ਹੈ? ਕੀ ਇਹ ਫੂਕ ਸੁੱਟਣ ਵਾਲੀ ਸ਼ਰਮ ਅਤੇ ਬੇਇੱਜ਼ਤੀ ਨੂੰ ਮਹਿਸੂਸ ਕਰਦੀ ਹੈ? ਦੇਸ਼ ਦੀ ਇਕ ਔਰਤ ਇਸ ਦਾ ਸਪੱਸ਼ਟ ਉਤਰ ਮੰਗਦੀ ਹੈ।“
ਜਦ 8 ਸਤੰਬਰ 1828 ਨੂੰ ਭਗਤ ਸਿੰਘ ਹੋਰਾਂ ਨੇ ‘ਹਿੰਦੁਸਤਾਨ ਸੋਸ਼ਲਿਸਟ ਰੀਪਬਲਿਕਨ ਐਸੋਸੀਏਸ਼ਨ ਬਣਾਈ ਸੀ ਤਾਂ ਭਗਤ ਸਿੰਘ ਦੀ ਭਤੀਜੀ ਵਰਿੰਦਰ ਸੰਧੂ ਦੇ ਸ਼ਬਦਾਂ `ਚ ਉਹ ਕੋਈ ਚਮਤਕਾਰੀ ਕੰਮ ਕਰਨਾ ਚਾਹੁੰਦੇ ਸਨ। ਇਸੇ ਕਰਕੇ ਉਨ੍ਹਾਂ ਨੇ ਸਾਈਮਨ ਕਮਿਸ਼ਨ ਦੀ ਗੱਡੀ `ਤੇ ਬੰਬ ਸੁੱਟਣ ਦੀ ਯੋਜਨਾ ਬਣਾਈ ਸੀ। ਭਗਤ ਸਿੰਘ ਨੇ ਜੁਲਾਈ 1928 ਦੇ ‘ਕਿਰਤੀ`ਵਿਚ ਜੋ ‘ਅਨਾਰਕਿਜ਼ਮ ਦਾ ਇਤਿਹਾਸ` ਨਾਮੀ ਲੇਖ ਲਿਖਿਆ ਸੀ ਤਾਂ ਉਸ ਵਿਚਲੀ ਇਕ ਟੁਕ `ਤੇ ਹੀ ਭਗਤ ਸਿੰਘ ਅਮਲ ਕਰ ਰਿਹਾ ਸੀ : ‘ਇਕ ਹੀ ਅਮਲੀ ਕੰਮ ਹਜ਼ਾਰਾਂ ਕਿਤਾਬਾਂ ਅਤੇ ਪਰਚਿਆਂ ਨਾਲੋਂ ਵਧੀਕ ਪ੍ਰਚਾਰ ਕਰ ਦਿੰਦਾ ਹੈ।` ਆਪਣੀ ਪਾਰਟੀ ਦੇ ਪ੍ਰਚਾਰ ਹਿੱਤ ਸਾਈਮਨ ਕਮਿਸ਼ਨ ਅਤੇ ਲਾਲਾ ਜੀ ਦੀ ਮੌਤ ਤੋਂ ਬਾਅਦ ਪੈਦਾ ਹੋਏ ਵਿਰੋਧ ਨੂੰ ਵਰਤਣ ਲਈ ਭਗਤ ਸਿੰਘ ਲਈ ਹੋਰ ਸੁਨਹਿਰੀ ਮੌਕਾ ਕਿਹੜਾ ਹੋ ਸਕਦਾ ਸੀ? ਸੋ ਉਸ ਨੇ ਸਿਆਣੇ ਲੀਡਰ ਵਾਂਗ ਮਿ. ਸਕਾਟ ਨੂੰ ਕਤਲ ਕਰਨ ਦਾ ਪ੍ਰੋਗਰਾਮ ਬਣਾ ਲਿਆ। ਭੁਲੇਖੇ ਨਾਲ ਮਾਰਿਆ ਸਾਂਡਰਸ ਗਿਆ। ਭਗਤ ਸਿੰਘ ਹੋਰਾਂ ਦੇ ਇਸ ਐਕਸ਼ਨ ਨਾਲ ਉਨ੍ਹਾਂ ਦੀ ਪਾਰਟੀ ਨੂੰ ਕਿੰਨਾ ਕੁ ਫਾਇਦਾ ਹੋਇਆ, ਇਹ ਹੈ ਜ਼ੇਰ-ਏ-ਬਹਿਸ ਹੈ, ਪਰ ਲਾਲਾ ਜੀ ਨੂੰ ਜ਼ਰੂਰ ਫਾਇਦਾ ਹੋਇਆ, ਜਿਹੜਾ ਇਕਦਮ ਜ਼ੀਰੋ ਤੋਂ ਹੀਰੋ ਬਣ ਗਿਆ। ਆਪਣੀ ਮੌਤ ਤੋਂ ਕੁਝ ਮਹੀਨੇ ਪਹਿਲਾਂ ਜੁਲਾਈ 1928 `ਚ ਮੋਤੀ ਲਾਲ ਨਹਿਰੂ ਨੂੰ ਲਿਖੀ ਚਿੱਠੀ ਵਿਚ ਲਾਲਾ ਜੀ ਆਖਦੇ ਹਨ : ‘ਮੈਂ ਜ਼ਿੰਦਗੀ ਤੋਂ ਤੰਗ ਆ ਚੁੱਕਾ ਹਾਂ, ਮਾਨਸਿਕ ਪੱਖੋਂ ਵੀ ਅਤੇ ਸਰੀਰਕ ਪੱਖੋਂ ਵੀ ਮੇਰੀ ਪਹਿਲੀ ਗੱਲ ਵਿਚੋਂ ਹੀ ਦੂਜੀ ਗੱਲ ਨਿਕਲਦੀ ਹੈ। ਮੇਰੇ ਅੰਦਰ ਕੋਈ ਜੋਸ਼ੋ ਖਰੋਸ਼ ਨਹੀਂ ਰਿਹਾ, ਕੋਈ ਖਾਹਸ਼ ਨਹੀਂ ਰਹੀ, ਅਸਲ ਗੱਲ ਤਾਂ ਇਹ ਹੈ ਕਿ ਮੇਰਾ ਕਿਸੇ ਵੀ ਚੀਜ਼ ਵਿਚ ਵਿਸ਼ਵਾਸ਼ ਨਹੀਂ ਰਿਹਾ, ਆਪਣੇ ਆਪ ਵਿਚ ਵੀ ਨਹੀਂ, ਰੱਬ ਵਿਚ ਵੀ ਨਹੀਂ,ਮਨੁੱਖਤਾ ਵਿਚ ਵੀ ਨਹੀਂ,…., ਦੁਨੀਆ ਵਿਚ ਵੀ ਨਹੀਂ.…..। ਕੋਈ ਸਮਾਂ ਸੀ ਮੇਰਾ ਰੱਬ ਵਿਚ ਵਿਸ਼ਵਾਸ਼ ਹੁੰਦਾ ਸੀ, ਉਹ ਹੁਣ ਨਹੀਂ ਰਿਹਾ। ਮੇਰੀ ਬਹੁਤ ਬੁਰੀ ਹਾਲਤ ਹੈ ਮੈਂ ਇਕੱਲਤਾ ਵਿਚ ਹਾਂ, ਮੇਰੀਆਂ ਖੁਸ਼ੀਆਂ ਖਤਮ ਹੋ ਗਈਆਂ ਹਨ, ਮੈਂ ਫਿਰ ਵੀ ਇਸ ਦੁਖਦਾਈ ਸਥਿਤੀ ਨਾਲ ਚੁੰਬੜਿਆਂ ਹੋਇਆ ਹਾਂ। ਮੈਂ ਇਸ ਮਾਨਸਿਕ ਹਾਲਤ ਵਿਚੋਂ ਬਾਹਰ ਨਿਕਲਣਾ ਚਾਹੁੰਦਾ ਹਾਂ ਪਰ ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਕਿਵੇਂ ਨਿਕਲਾਂ।` ਲਾਲਾ ਜੀ ਨੇ ਇਹ ਸ਼ਿਕਾਇਤ ਵੀ ਕੀਤੀ ਸੀ ਕਿ ਸਥਾਨਕ ਕਾਂਗਰਸੀਆਂ ਨੇ ਉਸ ਨੂੰ ਅਣਗੌਲਾ ਕਰ ਦਿੱਤਾ ਹੈ ਅਤੇ ਕੋਈ ਵੀ ਉਸ ਦੀ ਗੱਲ ਨਹੀਂ ਸੁਣਦਾ।
(9 ਮਈ 2000 ਨੂੰ ਪੰਜਾਬ ਯੂਨੀਵਰਸਿਟੀ ਵਿਚ ਲਾਲਾ ਲਾਜਪਤ ਰਾਏ ਬਾਰੇ ਹੋਏ ਇਕ ਸੈਮੀਨਾਰ ਵਿਚ ਅਮਨਦੀਪਕੌਰਵੱਲੋਂ ਪੜ੍ਹੇ ਗਏ ਪੇਪਰ ‘Communitarian Politics in the Punjab : Understanding Lal Lajpar Rai’s Role’ `ਚੋਂ)
ਸੋ ਜਿਹੜੇ ਬੰਦੇ ਰੂਪੋਸ਼ ਗਰੁੱਪਾਂ ਦੀ ਉਣਤਰ ਬਣਤਰ, ਕਾਰਜਸ਼ੈਲੀ ਅਤੇ ਰਾਜਸੀ ਵਿਆਕਰਣ ਤੋਂ ਅਣਜਾਣ ਹਨ, ਉਨ੍ਹਾਂ ਲਈ ਭਗਤ ਸਿੰਘ ਹੋਰਾਂ ਦਾ ਸਾਂਡਰਸ ਵਾਲਾ ਐਕਸ਼ਨ ਸਮਝ ਨਹੀਂ ਆ ਸਕਦਾ। ਕਹਿ ਨਹੀਂ ਸਕਦੇ ਕਿ ਪ੍ਰਿੰਸੀਪਲ ਸਰਵਣ ਸਿੰਘ ਨੂੰ ਰੂਪੋਸ਼ ਗੁਰਪਾਂ ਦੇ ਕਾਰਜਾਂ, ਨਿਸ਼ਾਨਿਆਂ ਬਾਰੇ ਕਿੰਨਾ ਕੁ ਪਤਾ ਹੈ। ਹਾਂ ਖੇਡਾਂ ਅਤੇ ਖਿਡਾਰੀਆਂ ਬਾਰੇ ਉਨ੍ਹਾਂ ਦੀ ਸੂਝ ਅਤੇ ਟੋਟਕਿਆਂ ਦਾ ਪੰਜਾਬੀ ਪਾਠਕ ਸਿੱਕਾ ਮੰਨਦੇ ਹਨ। ਪਰ ਇਤਿਹਾਸ ਦੀਆਂ ਰਾਜਸੀ ਖੇਡਾਂ ਅਤੇ ਰਾਜਸੀ ਖਿਡਾਰੀਆਂ ਬਾਰੇ ਜਾਣਨ ਅਤੇ ਲਿਖਣ ਲਈ ਵੱਧ ਸੰਜੀਦਾ ਅਤੇ ਜੁੰਮੇਵਾਰ ਹੋਣਾ ਪੈਂਦਾ ਹੈ। ਪ੍ਰਾਪਤ ਤੱਥਾਂ ਨੂੰ ਅੱਖੋਂ ਪ੍ਰੋਖੇ ਕਰ ਕੇ ਲਿਖਣ ਨਾਲ ਜਿੱਥੇ ਇਤਿਹਾਸਕ ਘਟਨਾਵਾਂ ਅਤੇ ਵਿਅਕਤੀਆਂ ਸਬੰਧੀ ਗਲਤ ਬਿਆਨੀ ਹੋਣ ਜਾਂ ਕਰਨ ਦੀਆਂ ਸੰਭਾਵਨਾਵਾਂ ਹੁੰਦੀਆਂ ਹਨ ਉੱਥੇ ਅਪਣੇ ਬਾਰੇ ਵੀ ਭਰਮ ਭੁਲੇਖੇ ਪੈਦਾ ਹੋਣ ਤੋਂ ਬਚਣਾ ਮੁਸ਼ਕਲ ਹੁੰਦਾ ਹੈ। ਲਾਲਾ ਲਾਜਪਤ ਰਾਏ ਸਬੰਧੀ ਵਾਦ ਵਿਵਾਦ ਨੇ ਪ੍ਰਿਸੀਪਲ ਸਰਵਨ ਸਿੰਘ ਵਰਗੇ ਭਲਵਾਨ ਖੇਡ ਲੇਖਕ ਨੂੰ ਜਿਸ ਕਦਰ ਉਲਝਾਇਆ ਹੈ, ਹਰਮਨਪਿਆਰੇ ਗਾਇਕ ਬੱਬੂ ਮਾਨ ਨੂੰ ਮੱਤਾਂ ਦੇਣ ਲਈ ਲਿਖਣ ਸਮੇਂ ਸ਼ਾਇਦ ਉਨ੍ਹਾਂ ਨੂੰ ਇਸਦਾ ਚਿੱਤ ਚੇਤਾ ਨਹੀਂ ਸੀ। ਇਹ ਵਾਦ ਵਿਵਾਦ ਅਪਣੇ ਆਪ ਵਿੱਚ ਇਤਿਹਾਸ ਬਣ ਗਿਆ ਹੈ ।
ਅਖ਼ੀਰ ਵਿੱਚ ਮੈਂ ਫਿਰ ਪ੍ਰਿਸੀਪਲ ਸਿੰਘ ਵਲੋਂ ਪੰਜਾਬੀ ਖੇਡ ਲੇਖਣੀ ਨੂੰ ਦਿੱਤੀ ਵੱਡੀ ਦੇਣ ਅੱਗੇ ਸੱਜਦਾ ਕਰਦਾ ਹੋਇਆ, ਇਹੋ ਕਹਿਣਾ ਚਾਹਾਂਗਾ ਕਿ ਉਹ ਮੇਰੀ ਰਿਪੋਰਟ ‘ਸੱਕੀ ਸ਼ਹਾਦਤ’ ਨੂੰ ਇੱਕ ਵਾਰ ਫਿਰ ਪੜ੍ਹ ਕੇ ਵੇਖਣ, ਮੈਂ ਅਪਣੇ ਵਲੋਂ ਕੁਝ ਵੀ ਸਥਾਪਤ ਕਰਨ ਦਾ ਯਤਨ ਨਹੀਂ ਕੀਤਾ । ਇਸਦੇ ਵਿਚੋਂ ਹੀ ਭਗਤ ਸਿੰਘ ਅਤੇ ਸਾਥੀਆਂ ਵਲੋਂ ਕੀਤੀ ਕਾਰਵਾਈ ਦੇ ਕਾਰਨ ਅਤੇ ਮਕਸਦ ਕਾਫ਼ੀ ਹੱਦ ਤੱਕ ਸਪੱਸ਼ਟ ਉਜਾਗਰ ਹੁੰਦੇ ਹਨ। ਹਾਂ ਉਨ੍ਹਾਂ ਕੋਲ ਜੇ ਅਪਣੇ ਸਵਾਲ ਦਾ ਜਵਾਬ ਜਾਂ ਇਤਿਹਾਸਕ ਤੱਥ ਹਨ ਤਾਂ ਜਰੂਰ ਸਭਨਾਂ ਨਾਲ ਸਾਂਝੇ ਕਰਨ ।
* ਉਪਰੋਕਤ ਰਚਨਾ ਹਫਤਾਵਾਰੀ ਅੰਮ੍ਰਿਤਸਰ ਟਾਈਮਜ਼ ਵਿੱਚੋਂ ਧੰਨਵਾਦ ਸਹਿਤ ਲਈ ਗਈ ਹੈ: ਸੰਪਾਦਕ (ਵਧੀਕ ਮਾਮਲੇ)।