ਖੁਸ਼ਵੰਤ ਸਿੰਘ ਹੁਣੇ ਅੰਮ੍ਰਿਤਸਰ ਤੋਂ ਵਾਪਸ ਆਇਆ ਹੈ। ਉਹਦੇ ਸਾਹਾਂ ਵਿੱਚ ਗੁੱਸੇ ਦੀਆਂ ਲਪਟਾਂ ਉੱਠ ਰਹੀਆਂ ਨੇ। “ਤਿੰਨ ਸੌ ਗੋਲੀਆਂ ਲੱਗੀਆਂ ਨੇ ਦਰਬਾਰ ਸਾਹਿਬ ’ਤੇ। ਇਕ ਅੰਨ੍ਹਾ ਰਾਗੀ ਅਮਰੀਕ ਸਿੰਘ ਅੰਦਰ ਬੈਠਾ ਸੀ, ਉਹਨੂੰ ਉਥੇ ਹੀ ਗੋਲੀ ਲੱਗੀ। ਲਾਸ਼ ਤਾਂ ਧਰੀਕ ਕੇ ਬਾਕੀ ਲਾਸ਼ਾਂ ਨਾਲ ਹੀ ਸਾੜ ਦਿੱਤੀ ਗਈ, ਪਰ ਉਹਦਾ ਲਹੂ ਜਿਸ ਕਾਲੀਨ ”ਤੇ ਡੁਲ੍ਹਿਆ, ਉਹ ਸਾਫ ਨਹੀਂ ਹੋ ਸਕਿਆ। ਪੰੂਝਿਆ, ਧੋਤਾ, ਰਗੜਿਆ ਪਰ ਮੱਖੀਆਂ ਆ ਕੇ ਉੱਥੇ ਹੀ ਬਹਿੰਦੀਆਂ ਹਨ। ਤੇ ਲਹੂ ਦੀ ਹਵਾੜ ਵੀ ਦਿਨੋ ਦਿਨ ਤਿੱਖੀ ਹੋਈ ਜਾਂਦੀ ਸੀ। ਸੋ ਮਿਲਟਰੀ ਵਾਲਿਆਂ ਨੇ ਉਸ ਕਾਲੀਨ ਦੀ ਉਨੀ ਟਾਕੀ ਹੀ ਕੱਟ ਕੇ ਲਾਹ ਲਈ ਤੇ ਓਡਾ ਹੀ ਹੋਰ ਟੁਕੜਾ ਉਸ ਕਾਲੀਨ ਵਿੱਚ ਜੋੜ ਦਿੱਤਾ ਏ।”
ਮੈਂ ਸੋਚਦੀ ਹਾਂ, ਸਾਡੇ ਸਾਰਿਆਂ ਦੇ ਦਿਲਾਂ ਵਿੱਚ ਵੀ ਖੂਨ ਦੇ ਇਹੋ ਜਿਹੇ ਚੁਬੱਚੇ ਜਿਹੜੇ ਬਣੇ ਨੇ, ਉਹਨਾਂ ਨੂੰ ਕਿੰਨਾਂ ਹੀ ਉਲੀਚ ਲਵੇ, ਜਿਹੜਾ ਲਹੂ ਮਿੱਟੀ ਵਿੱਚ ਰਚ ਗਿਆ ਏ ਉਹਦਾ ਕੀ ਹੋਵੇਗਾ? ਖੂਨ ਨੂੰ ਤਾਂ ਸ਼ਾਇਦ ਵਕਤ ਪੰੂਝ ਦੇਵੇਗਾ, ਪਰ ਦਾਗ ਉੱਥੇ ਹੀ ਰਹਿਣਗੇ। ਲਹੂ ਦੀ ਗੰਧ ਆਹਿਸਤਾ ਆਹਿਸਤਾ ਹਵਾੜ ਬਣੇਗੀ ਹੀ। ਖੌਲਦੇ ਗੁੱਸੇ ਦੀਆਂ ਤੇ ਨਪੁੰਸਕ ਰੋਹ ਦੀਆਂ ਮੱਖੀਆਂ ਲੱਖ ਉਡਾਉਣ ਦੇ ਬਾਵਜੂਦ ਵੀ ਮੁੜ-ਘਿੜ ਕੇ ਉਸੇ ਲਹੂ ਦੇ ਦਾਗ ”ਤੇ ਭਿਣਭਿਣਾਉਂਣਗੀਆਂ।
ਜਿਨ੍ਹਾਂ ਦੇ ਹੱਥਾਂ ਵਿੱਚ ਤਾਕਤ ਹੈ, ਤੇ ਜਿਨ੍ਹਾਂ ਨੇ ਆਪਣੀ ਤਾਕਤ ਦਾ ਕਮਾਲ ਵਿਖਾਕੇ ਅਗਲੀਆਂ ਇਲੈਕਸ਼ਨਾਂ ਲਈ ਹਿੰਦੂ ਵੋਟਾਂ ਸੁਰੱਖਿਅਤ ਕਰ ਲਈਆਂ ਨੇ, ਉਨ੍ਹਾਂ ਕੋਲੋਂ ਸਿਰਫ ਮੈਂ ਹੀ ਨਹੀਂ, ਹਰ ਸਿੱਖ ਇਹੀ ਪੁਛਣਾ ਚਾਹੁੰਦਾ ਏ ਅੱਜ, ਕਿ ਸਾਡੇ ਦਿਲਾਂ ਵਿਚ ਹਵਾੜ ਛੱਡਦੇ ਇਸ ਲਹੂ ਦੇ ਦਾਗ ਦਾ ਕੀ ਕਰੋਗੇ? ਕੈਂਚੀ ਲੈ ਕੇ ਇਸ ਟੁਕੜੇ ਨੂੰ ਵੀ ਕੱਟ ਦਿਓਗੇ? ਤੇ ਇਹ ਦੀ ਥਾਵੇਂ ਇੱਕ ਨਵਾਂ ਟੁਕੜਾ ਜੋੜਕੇ ਰਫੂ ਕਰ ਦਿਓਗੇ?
ਦੁਖੀ ਮਨਾਂ ਵਿੱਚ, ਖੌਲਦੇ ਜ਼ਿਹਨਾਂ ਵਿੱਚ, ਗੁੱਸੇ ਨਾਲ ਭਖਦੀਆਂ ਸੋਚਾਂ ਵਿੱਚ ਤੇ ਗੋਲੀਆਂ ਨਾਲ ਛਾਨਣੀ ਹੋਏ ਦਿਲਾਂ ਵਿੱਚ ਅੱਜ ਹਰ ਮਾਂ, ਹਰ ਭੈਣ, ਹਰ ਪਤਨੀ, ਆਪਣੇ ਚਰਖੇ ਦੀ ਮਾਹਲ ਨੂੰ ਫੜ ਕੇ ਪੁੱਠਿਆਂ ਗੇੜ ਰਹੀ ਏ, ਕਿਉਂਕਿ ਕਹਿੰਦੇ ਨੇ ਕਿ ਚਰਖੇ ਨੂੰ ਪੁੱਠਿਆਂ ਗੇੜੋ ਤਾਂ ਘਰੋਂ ਗਏ ਬੰਦੇ ਵਾਪਸ ਪਰਤ ਆਉਂਦੇ ਨੇ।”
ਹਰ ਤੀਜੇ ਘਰ ਵਿੱਚ ਕੋਈ ਨਾ ਕੋਈ ਅੰਮ੍ਰਿਤਸਰ ਗਿਆ ਹੋਇਆ ਏ। ਘਰਦਿਆਂ ਨੂੰ ਕੋਈ ਪਤਾ ਨਹੀਂ ਕਿ ਉਹ ਕਿੱਧਰੇ ਲੁਕਿਆ ਹੋਇਆ ਏ, ਅੰਡਰਗਰਾਉਂਡ ਏ, ਕਿਸੇ ਦੋਸਤ ਕੋਲ ਕਿਸੇ ਹੋਰ ਸ਼ਹਿਰ ਚਲਾ ਗਿਆ ਏ, ਕਿ ਮਾਰਿਆ ਜਾ ਚੁੱਕਾ ਏ।
ਮਰਨ ਵਾਲਿਆਂ ਦੀ ਗਿਣਤੀ ਦਾ ਕੋਈ ਅੰਦਾਜ਼ਾ ਨਹੀਂ। ਮਿਲਟਰੀ ਵਾਲੇ ਕਹਿੰਦੇ ਨੇ, ਸੱਤ ਅੱਠ ਸੌ ਬੰਦੇ ਮਰੇ ਨੇ। ਟਾਈਮਜ਼ (ਲੰਡਨ) ਦੀ ਖਬਰ ਸੀ ਕਿ ਸਾਢੇ ਤੇਰ੍ਹਾਂ ਸੌ ਲਾਸ਼ਾਂ ਜਲਾਈਆਂ ਨੇ ਮਿਲਟਰੀ ਨੇ। ਟ੍ਰਿਿਬਊਨ ਦਾ ਸਤਿੰਦਰ ਸਿੰਘ ਕਹਿੰਦਾ ਹੈ, ““ਪੂਰੀ ਪ੍ਰਕਰਮਾਂ ਵਿੱਚ ਇੱਕ ਇੰਚ ਥਾਂ ਵੀ ਅਜਿਹਾ ਨਹੀਂ ਸੀ ਜਿਹੜੀ ਖਾਲੀ ਹੋਵੇ। ਲਾਸ਼ਾਂ ਕਿੱਧਰੇ ਇੱਕ ਦੂਜੇ ਦੇ ਉੱਤੇ ਪਈਆਂ ਸਨ, ਢੇਰਾਂ ਦੇ ਢੇਰ, ਤੇ ਕਿਧਰੇ ਏਨੀ ਨੇੜੇ ਕਿ ਇਕ ਦੀ ਬਾਂਹ ਦੂਜੇ ਦੀ ਬਾਂਹ ਨੂੰ ਜਾਂ ਲੱਤ ਨੂੰ ਛੂਹ ਰਹੀ ਸੀ। ਰਾਤ ਦੇ ਹਨੇਰੇ ਵਿੱਚ ਟਰੱਕਾਂ ਦੇ ਟਰੱਕ ਭਰ ਕੇ ਲਾਸ਼ਾਂ ਸੱਤ ਅੱਠ ਵੱਖੋ-ਵੱਖ ਮੜ੍ਹੀਆਂ ਵਿੱਚ ਲੈ ਗਏ, ਤੇ ਇਕੱਠੀਆਂ, ਢੇਰ ਲਾ ਕੇ ਸਾੜਦੇ ਰਹੇ। ਸਿਰਫ ਚਾਟੀ ਵਿੰਡ ਦੀਆਂ ਮੜ੍ਹੀਆਂ ਵਿੱਚ ਹੀ ਨੌਂ ਸੌ ਦੱਸ ਲਾਸ਼ਾਂ ਸਾੜੀਆਂ ਗਈਆਂ, ਜਿਹੜਾ ਇੰਚਾਰਜ ਸੀ, ਉਹਨੇ ਮੈਨੂੰ ਖੁਦ ਦੱਸਿਆ ਏ।
““ਇਸ ਹਿਸਾਬ ਨਾਲ…?”” ਮੇਰੀ ਆਵਾਜ਼ ਕੰਬਦੀ ਏ। ਲਾਸ਼ਾਂ ਦੀ ਗਿਣਤੀ ਦਾ ਹਿਸਾਬ ਕਰਦਿਆਂ ਮੈਨੂੰ ਆਪਣੇ ਜ਼ਿੰਦਾ ਹੋਣ ”ਤੇ ਗੁੱਸਾ ਆਉਂਦਾ ਏ।
““ਠੀਕ ਅੰਦਾਜ਼ਾ ਨਹੀਂ, ਪਰ ਹਜ਼ਾਰਾਂ ਦੀ।”” ਉਹ ਕਹਿੰਦਾ ਏ। ਏਡੇ ਲੰਮੇ ਉੱਚੇ ਤੇ ਕੁਰਾਹੜੇ ਬੰਦੇ ਦੀਆਂ ਅੱਖਾਂ ਵਿੱਚ ਸੁਰਖ ਅੱਥਰੂ ਨੇ।
ਫੇਰ ਉਹ ਆਪੇ ਹੀ ਕਹਿੰਦਾ ਏ, ““ਫੇਰ ਕੀ ਹੋਇਆ। ਸਤਾਰਾਂ ਸੌ ਸੱਤ ਤੋਂ ਸਤਾਰਾਂ ਸੌ ਇਕਾਨਵੇਂ ਤੱਕ ਦੋ ਲੱਖ ਸਿੱਖ ਮਾਰਿਆ ਗਿਆ ਸੀ। ਹਰਿਮੰਦਰ ਸਾਹਿਬ ਦੇ ਇਹੀ ਬੁੰਗੇ ਚਾਰ ਵਾਰੀ ਤਬਾਹ ਹੋਏ ਸਨ ਤੇ ਚਾਰ ਵਾਰੀ ਮੁੜਕੇ “ਬਣਾਏ ਗਏ ਸਨ। ਸਿੱਖ ਤਾਂ ਬਣਿਆ ਹੀ ਮਰਨ ਲਈ ਐ।””
ਇਹ ਘੱਲੂਘਾਰਾ ਜਦੋਂ ਵਾਪਰਿਆ, ਤਾਂ ਮੈਂ ਤੇ ਮੇਰੀ ਬੇਟੀ ਏਥਨਜ਼ ਵਿੱਚ ਸਾਂ। ਕਿਸੇ ਨੇ ਟੈਲੀਵੀਜ਼ਨ ਦੀਆਂ ਖਬਰਾਂ ਸੁਣੀਆਂ ਤੇ ਦੱਸਿਆ, ““ਗੋਲਡਨ ਟੈਂਪਲ ”ਤੇ ਫੌਜੀ ਹਮਲਾ ਹੋ ਗਿਆ ਏ।””
ਫੌਜੀ ਹਮਲਾ? ਗੋਲਡਨ ਟੈਂਪਲ ਵੀ ਕੋਈ ਗੋਆ ਜਾਂ ਢਾਕਾ ਐ ਕਿ ਫੌਜਾਂ ਨੇ ਚੜ੍ਹਾਈ ਕੀਤੀ ਏ ਉਹਦੇ ”ਤੇ? ਯਾਦ ਆਏ ਖੁਸ਼ਵੰਤ ਸਿੰਘ ਦੇ ਪਾਰਲੀਮੈਂਟ ਵਿਚ ਵਾਰ-ਵਾਰ ਆਖੇ ਲ ̄ਜ਼, ““ਜੇ ਗੋਲਡਨ ਟੈਂਪਲ ਵਿੱਚ ਫੌਜ ਦਾਖਲ ਹੋਏਗੀ, ਤਾਂ ਖੂਨ ਨਾਲ ਨਹਾਉਣਾਂ ਪਵੇਗਾ ਉਹਨੂੰ। ਲਹੂ ਦੀਆਂ ਨਦੀਆਂ ਵਹਿ ਤੁਰਨਗੀਆਂ। ਕੋਈ ਹੋਰ ਰਸਤਾ ਲੱਭੋ।”” ਗੱਲਬਾਤ ਕਰੋ, ਸਮੱਸਿਆ ਦਾ ਹੱਲ ਲੱਭੋ। ਤੇ ਇੰਦਰਾ ਗਾਂਧੀ ਦੇ ਵਾਰ-ਵਾਰ ਆਖੇ ਹੋਏ ਲ ̄ਜ਼, ““ਗੋਲਡਨ ਟੈਂਪਲ ਵਿਚ ̄ਫੌਜ ਨੂੰ ਨਹੀਂ ਭੇਜਿਆ ਜਾਵੇਗਾ।”” ਤੇ ਹੁਣ–? ਲੱਗਾ, ਇਹ ਗ੍ਰੀਕ ਟੈ੍ਰਜੇਡੀ ਸੀ। ਅਸਲੀ ਮਾਇਨਿਆਂ ਵਿੱਚ ਗ੍ਰੀਕ ਟੈ੍ਰਜੇਡੀ। ਜਿੱਥੇ ਸਭ ਪਾਤਰਾਂ ਨੂੰ ਪਤਾ ਹੁੰਦਾ ਏ ਕਿ ਉਹ ਮੌਤ ਦੀ ਭਿਆਨਕਤਾ ਵੱਲ ਵਧ ਰਹੇ ਨੇ, ਪਰ ਕੋਈ ਉਹਨਾਂ ਦੇ ਜਿਸਮਾਂ ਤੇ ਜ਼ਿਹਨਾਂ ਤੋਂ ਬਾਹਰਲੀ ਤਾਕਤ, ਜਿਸ ਨੂੰ ਗੈਬੀ ਸ਼ਕਤੀ ਵੀ ਕਿਹਾ ਜਾ ਸਕਦਾ ਹੈ ਜਾਂ ਖੁਦ ਮਲਕੁਲ ਮੌਤ–ਉਹਨਾਂ ਨੂੰ ਪਲ-ਪਲ ਪਰਲੋ ਵੱਲ ਤੋਰੀ ਲਿਜਾਂਦੀ ਏ। ਇਥੇ ਇਹ ਂੈਬੀ ਤਾਕਤ ਸ਼ਾਇਦ ਇੰਦਰਾ ਗਾਂਧੀ ਖੁਦ ਸੀ। ਜ਼ਰਾ ਸੋਚੋ ਤਾਂ ਇਹੀ ਲੱਗਦਾ ਹੈ ਕਿ ਸਿਰ ̄ ਉਸੇ ਨੂੰ ਪਤਾ ਸੀ ਕਿ ਇਹ ਪਰਲੋ ਵਾਪਰੇਗੀ, ਤੇ ਇਸ ਤਰ੍ਹਾਂ ਵਾਪਰੇਗੀ। ਇਹ ਵੀ ਸ਼ੱਕ ਹੁੰਦਾ ਏ ਕਿ ਕੀ ਇਹ ਪਹਿਲੋਂ ਸੋਚੀ ਅਤੇ ਸਮਝੀ ਹੋਈ, ਪਲੈਨ ਕੀਤੀ ਹੋਈ ਪਰਲੋ ਹੀ ਤਾਂ ਨਹੀਂ ਸੀ? ਬੀ.ਬੀ.ਸੀ. ਦੀਆਂ ਖਬਰਾਂ, ਹਰ ਘੰਟੇ ਮਗਰੋਂ। ਹਮਲਾ, ਟੈਂਕ, ਤੋਪਾਂ, ਬਾਰੂਦ, ਲਾਸ਼ਾਂ।
ਟਾਈਮਜ਼ ਦੀ ਖਬਰ, ““ਲਾਸ਼ਾਂ ਵਿਚ ਕੁਝ ਔਰਤਾਂ ਤੇ ਬੱਚਿਆਂ ਦੀਆਂ ਲਾਸ਼ਾਂ ਵੀ ਸਨ।””
ਹਰ ਗ੍ਰੀਕ ਦੋਸਤ ਸਾਡੇ ਦੋਹਾਂ ਨਾਲ ਵਧੇਰੇ ਨਰਮੀ ਨਾਲ ਪੇਸ਼ ਆ ਰਿਹਾ ਸੀ, ਅਫਸੋਸ ਕਰ ਰਿਹਾ ਸੀ। ਜਿਸ ਤਰ੍ਹਾਂ ਉਹ ਸਾਡੇ ਘਰ ਮਾਤਮ ‘ਤੇ ਆਏ ਹੋਣ।
ਪਰ ਹਿੰਦੁਸਤਾਨੀ ਕਲਚਰ ਗਰੁੱਪ ਦਾ ਹਰ ਬੰਦਾ, ਜਿਸ ਦੇ ਵਿੱਚ ਸਿੱਖ ਸਿਰ ̄ ਦੋ ਹੀ ਸਨ: ਮੈਂ ਤੇ ਅਰਪਨਾ, ਸਿਰ ̄ ਉਸ ਗੋਲੇ ਬਾਰੂਦ ਦੀ ਗੱਲ ਕਰ ਰਿਹਾ ਸੀ। ਜਿਹੜਾ ਸੰਤ ਭਿੰਡਰਾਂਵਾਲੇ ਅਤੇ ਉਸਦੇ ਸੇਵਕਾਂ ਨੇ ਅੰਦਰ ਜਮ੍ਹਾਂ ਕੀਤਾ ਹੋਇਆ ਸੀ। ਕਹਿ ਰਹੇ ਸਨ, “ਵਿਚਾਰੀ ਇੰਦਰਾ ਗਾਂਧੀ ਹੋਰ ਕਰਦੀ ਵੀ ਕੀ?”
ਅਰਪਨਾ ਦੀਆਂ ਅੱਖਾਂ ਵਿੱਚ ਗੁੱਸੇ ਦੇ ਅੱਥਰੂ ਸਨ, ਤੇ ਉਹ ਉਨ੍ਹਾਂ ਨੂੰ ਟਾਈਮਜ਼ ਦੀਆਂ ਖਬਰਾਂ ਵਿਖਾ ਰਹੀ ਸੀ। ਇਕ ਖਬਰ: ਲਾਸ਼ਾਂ ਵਿੱਚ ਕਈ ਨੌਜਵਾਨ ਮੁੰਡਿਆਂ ਦੀਆਂ ਲਾਸ਼ਾਂ ਸਨ ਜਿਨ੍ਹਾਂ ਦੇ ਹੱਥ ਪਿੱਠ ਪਿੱਛੇ ਬੰਨੇ ਹੋਏ ਸਨ, ਪੱਗਾਂ ਲੱਥੀਆਂ ਹੋਈਆਂ ਸਨ, ਤੇ ਮੱਥੇ ”ਤੇ ਗੋਲੀ ਲੱਗੀ ਹੋਈ ਸੀ। ਦੂਜੀ ਖਬਰ: ਲਾਸ਼ਾਂ ਵਿੱਚ ਔਰਤਾਂ ਅਤੇ ਬੱਚਿਆਂ ਦੀਆਂ ਲਾਸ਼ਾਂ…। ““ਬੱਚਿਆਂ ਨੇ ਕੀ ਕਸੂਰ ਕੀਤਾ ਸੀ? ਉਹ ਵੀ ਆਤੰਕਵਾਦੀ ਸਨ?”” ਅਰਪਨਾ ਨੇ ਕਿਹਾ।
ਆਲ ਇੰਡੀਆ ਰੇਡੀਓ ਦਾ ਹਰੀਸ਼ ਅਵਸਥੀ ਕਹਿਣ ਲੱਗਾ, ““ਆਰ ਯੂ ਸ਼ੋਅਰ ਦੇ ਵਰ ਇਨੋਸੈਂਟ?””
ਤੇ ਅਰਪਨਾ ਲੜ ਪਈ ਉਹਦੇ ਨਾਲ, ““ਵਟ ਡੂ ਯੂ ਮੀਨ? ਬੱਚੇ ਇਨੋਸੈਂਟ ਨਹੀਂ ਹੁੰਦੇ ਤਾਂ ਕੀ ਹੁੰਦੇ ਨੇ? ਬੱਚਿਆਂ ਦੀਆਂ ਲਾਸ਼ਾਂ…।”
ਮੈਂ ਉਹਨੂੰ ਕਮਰੇ ਵਿੱਚ ਲੈ ਆਈ ਉਹ ਰੋ ਰਹੀ ਸੀ। ਮੈਂ ਕਿਹਾ, ““ਤੰੂ ਕਹਿੰਦੀ ਸੀ ਨਾ, ਆਪਣੇ ਮੁਲਕ ਤੋਂ ਬਾਹਰ ਹੋਰ ਕਿੱਧਰੇ ਨਹੀਂ ਰਹਿਣਾ! ਕਿਉਂਕਿ ਆਪਣੇ ਮੁਲਕ ਤੋਂ ਬਾਹਰ ਸੈਕੰਡ ਕਲਾਸ ਸਿਟੀਜ਼ਨ ਬਣ ਕੇ ਰਹਿਣਾ ਪੈਂਦਾ ਏ। ਪਰ ਆਪਣੇ ਹੀ ਮੁਲਕ ਵਿੱਚ ਹਰ ਮਾਈਨਾਰੇਟੀ ਨੂੰ ਸੈਕੰਡ ਕਲਾਸ ਸਿਟੀਜ਼ਨ ਬਣਨਾ ਪੈਂਦਾ ਏ, ਇਹ ਨਹੀਂ ਸੀ ਨਾ ਕਦੀ ਸੋਚਿਆ। ਹੁਣ ਸੋਚਣਾ ਪਵੇਗਾ।””
ਵਾਪਸ ਆਏ, ਤਾਂ ਇਕ ਅਜੀਬ ਤਰ੍ਹਾਂ ਦਾ ਦੋਫਾੜ ਸੀ। ਹਰ ਹਿੰਦੂ ਮਿਲਟਰੀ ਐਕਸ਼ਨ ਨੂੰ ਠੀਕ ਕਹਿ ਰਿਹਾ ਸੀ, ਤੇ ਸਿਰ ̄ ਹਰਿਮੰਦਰ ਸਾਹਿਬ ਦੇ ਅੰਦਰ ਜਮ੍ਹਾਂ ਕੀਤੇ ਗਏ ਗੋਲਾ ਬਾਰੂਦ ਦੀ ਗੱਲ ਕਰ ਰਿਹਾ ਸੀ। ਤੇ ਹਰ ਸਿੱਖ ਖੂਨ ਦੀ ਉਸ ਹੋਲੀ ਦੀ ਗੱਲ ਕਰ ਰਿਹਾ ਸੀ ਜਿਹੜੀ ਹਰਿਮੰਦਰ ਸਾਹਿਬ ਦੀ ਪ੍ਰਕਰਮਾਂ ਵਿੱਚ ਖੇਡੀ ਗਈ।
ਹੋਰ ਤਾਂ ਹੋਰ ਮੇਰੀ ਤੀਹਾਂ ਵਰ੍ਹਿਆਂ ਦੀ ਅਜੀਜ਼ ਦੋਸਤ ਤੋਸ਼ੀ ਕਹਿਣ ਲੱਗੀ, ““ਪਰ ਜੀਤ, ਅੰਦਰ ਏਨਾ ਗੋਲਾ ਬਾਰੂਦ ਸੀ, ਉਹ ਕਿਉਂ ਇਕੱਠਾ ਕੀਤਾ ਹੋਇਆ ਸੀ ਉਨ੍ਹਾਂ ਨੇ?””
““ਮੈਂ ਉਹਨਾਂ ਦੇ ਗੋਲੇ ਬਾਰੂਦ ਨੂੰ, ਰਾਈਫਲਾਂ ਤੇ ਮਸ਼ੀਨ ਗੰਨਾਂ ਨੂੰ ਜਸਟੀਫਾਈ ਨਹੀਂ ਕਰਦੀ। ਂਲਤ ਏ ਇਹ, ਕਿਸੇ ਵੀ ਮੰਦਰ, ਗੁਰਦੁਆਰੇ ਵਿੱਚ ਮੌਤ ਦਾ ਇਹ ਸਮਾਨ ਰੱਖਣਾ। ਪਰ ਜੇ ਤੰੂ ਮੁਲਕ ਦੀ ਵੰਡ ਵੇਲੇ ਵਾਘਿਓਂ, ਪਰਲੇ ਪਾਰ ਹੁੰਦੀ ਤਾਂ ਤੈਨੂੰ ਪਤਾ ਲੱਗਦਾ ਕਿ ਇਹ ਵੀ ਡਰ ਦੀ ਹੀ ਇੱਕ ਮੈਨੀਫੈਸਟੇਸ਼ਨ ਹੁੰਦੀ ਏ। ਉਂਜ ਉਹਨਾਂ ਨੂੰ ਇਹ ਨਹੀਂ ਸੀ ਕਰਨਾ ਚਾਹੀਦਾ। ਲੜਨਾ ਹੀ ਸੀ, ਬਚਾਅ ਕਰਨਾ ਹੀ ਸੀ ਕਿਸੇ ਹੋਰ ਥਾਂ ਤੋਂ ਕਰਦੇ, ਹਰਿਮੰਦਰ ਸਾਹਿਬ ਵਿੱਚ ਨਹੀਂ। ਪਰ ਫੇਰ ਵੀ, ਇਸ ਤਰ੍ਹਾਂ ਫੌਜ ਦਾ ਹਮਲਾ! ਜਿਵੇਂ ਕਿਸੇ ਦੂਜੇ ਮੁਲਕ ”ਤੇ ਚੜ੍ਹਾਈ ਕੀਤੀ ਹੋਵੇ। ਹਨੇ੍ਹਰ ਐ ਨਾ, ਕਿ ਅੰਦਰ ਜਿੰਨੇ ਵੀ ਬੰਦੇ ਸਨ, ਸਭ ਨੂੰ ਮਾਰ ਸੁੱਟਿਆ!””
““ਪਰ ਤੈਨੂੰ ਪਤਾ ਏ ਕਿ ਅੰਦਰੋਂ, ਸਰੋਵਰ ਵਿੱਚੋਂ ਮਣਾਂ ਦੇ ਮਣ ਸੋਨੇ ਦੇ ਗਹਿਣੇ ਮਿਲੇ ਨੇ। ਐਹ ਜਿਹੜਾ ਕਰੋਲ ਬਾਂ ਡਾਕਾ ਪਿਆ ਸੀ ਨਾ, ਉਹ ਗਹਿਣੇ ਵੀ ਉਥੋਂ ਹੀ ਲੱਭੇ ਨੇ।””
““ਅੱਛਾ, ਨਾਂ ਲਿਿਖਆ ਹੋਇਆ ਸੀ ਉਨ੍ਹਾਂ ਉੱਤੇ ਕਰੋਲ ਬਾਂ ਵਾਲਿਆਂ ਦਾ? ਤੇ ਨਾਲੇ ਤੰੂ ਜਾ ਕੇ ਸਰੋਵਰ ਵਿੱਚੋਂ ਨਿਕਲਦੇ ਗਹਿਣੇ ਤੱਕ ਆਈ ਏਂ?”” ਮੈਨੂੰ ਬਹੁਤ ਗੁੱਸਾ ਆ ਗਿਆ।
““ਮੇਰੇ ਨਾਲ ਕਾਹਨੂੰ ਲੜਨੀ ਏਂ ਟੀ.ਵੀ. ”ਤੇ, ਰੇਡੀਓ ”ਤੇ, ਅਖਬਾਰਾਂ ਵਿੱਚ, ਸਭ ਥਾਂ ਤੇ ਇਹੀ ਖਬਰਾਂ ਨੇ।””
ਕਿਉਂ ਨਾ ਹੋਣ। ਟੀ.ਵੀ. ”ਤੇ, ਰੇਡੀਓ ”ਤੇ, ਅਖਬਾਰਾਂ ਵਿੱਚ, ਸਭ ਥਾਂ ਤੇ ਇਹੀ ਖਬਰਾਂ ਨੇ।””
ਕਿਉਂ ਨਾ ਹੋਣ। ਟੀ.ਵੀ. ਤੇ ਰੇਡੀਓ ਸਰਕਾਰੀ ਅਖਬਾਰਾਂ ਉਨ੍ਹਾਂ ਲੋਕਾਂ ਦੀਆਂ ਜਿੰਨ੍ਹਾਂ ਨੇ ਹਰ ਦੂਜੇ ਦਿਨ ਸਰਕਾਰ ਕੋਲੋਂ ਲਾਇਸੈਂਸ ਲੈਣੇ ਹੁੰਦੇ ਨੇ, ਵੱਡੇ ਇੰਡਸਟਰੀਲਿਸਟ ਜਿਨ੍ਹਾਂ ਨੇ ਸਰਕਾਰ ਦੀ ਹੀ ਤੂਤੀ ਵਜਾਉਂਣੀ ਹੋਈ।””
ਉਹ ਤਾਂ ਚੁੱਪ ਹੋ ਗਈ ਪਰ ਮੈਨੂੰ ਤੀਹਾਂ ਸਾਲਾਂ ਵਿਚ ਪਹਿਲੀ ਵਾਰ ਅਹਿਸਾਸ ਹੋਇਆ ਕਿ ਤੋਸ਼ ਹਿੰਦੂ ਸੀ ਤੇ ਮੈਂ ਸਿੱਖ, ਏਸੇ ਕਰਕੇ ਅਸੀਂ ਦੋਵੇਂ ਵੱਖਰੋ-ਵੱਖਰੀ ਸੋਚ-ਸੋਚ ਰਹੀਆਂ ਸਾਂ।
ਇਹ ਕੀ ਕਰ ਦਿੱਤਾ ਵੋਟਾਂ ਦੇ ਮੰਗਤਿਆਂ ਨੇ? ਕਿਹੋ ਜਿਹੀ ਸ਼ਤਰੰਜ ਖੇਡੀ ਇਹ, ਕਿ ਚੌਪੜ ਹੀ ਵਿਚਕਾਰੋਂ ਟੁੱਟ ਗਈ।
ਪੰਜਾਬੀ ਮਨਾਂ ਵਿੱਚ ਇਹ ਲਕੀਰ ਪਾ ਦੇਣ ਦਾ ਗੁਨਾਹ ਕੋਈ ਵੀ ਇਤਿਹਾਸ ਮੁਆਫ ਨਹੀਂ ਕਰੇਗਾ ਇਹਨਾਂ ਨੂੰ।
ਟੈਲੀਵਿਯਨ ”ਤੇ ਰੇਡੀਓ ”ਤੇ, ਹਰ ਰੋਜ਼ ਸਰਕਾਰ ਆਪਣੀ ਫੌਜੀ ਕਾਰਵਾਈ ਨੂੰ “ਜਸਟੀਫਾਈ” ਕਰਨ ਵਿੱਚ ਰੁੱਝੀ ਹੋਈ ਸੀ। ਤੇ ਇਹ ਸਾਬਤ ਕਰਨ ਲਈ ਟਿੱਲ ਲਾ ਰਹੀ ਸੀ ਕਿ ਹਰਿਮੰਦਰ ਸਾਹਿਬ ”ਤੇ ਕੋਈ ਗੋਲੀ ਨਹੀਂ ਸੀ ਚਲਾਈ ਗਈ।
ਅਕਾਲ ਤਖਤ? ਬਕੌਲ ਸਰਕਾਰ ਦੇ, ਅਕਾਲ ਤਖਤ ਵਿੱਚ ਤਾਂ ਮੋਰਚੇ ਲੱਗੇ ਹੋਏ ਸਨ। ਕੰਧਾਂ ਨੂੰ ਪਾੜਕੇ ਮਸ਼ੀਨ ਗੰਨਾਂ ਤੇ ਤੋਪਾਂ ਬੀੜੀਆਂ ਹੋਈਆਂ ਸਨ। ਬਾਰੂਦ ਫਟ ਗਿਆ ਇਮਾਰਤ ਢਹਿ ਪਈ।
ਪਰ ਫੌਜੀ ਕਾਰਵਾਈ ਕਰਨ ਵਾਲਿਆਂ ਵਿੱਚੋਂ ਵੀ ਦੋ ਚਾਰ ਤਾਂ ਅਜਿਹੇ ਹੋਣਗੇ ਹੀ ਜਿੰਨਾਂ ਦਾ ਕਲੇਜਾ ਮੌਤ ਦੇ ਏਨੇ ਭਿਆਨਕ ਤਾਂਡਵ ਨੂੰ ਤੱਕ ਕੇ ਕੰਬ ਗਿਆ ਹੋਵੇਗਾ ਉਨ੍ਹਾਂ ਵਿੱਚੋਂ ਹੀ ਕਿਸੇ ਅ ̄ਸਰ ਨੇ ਖੁਸਵੰਤ ਨੂੰ ਦੱਸਿਆ ਏ ਕਿ ਅਕਾਲ ਤਖਤ ਦੀ ਛੱਤ ਨੂੰ ਤਾਂ ਦੂਰੋਂ ਹੀ ਆਰਮਰਡ ਟੈਕਾਂ ਨਾਲ ਉਡਾ ਦਿੱਤਾ ਗਿਆ ਸੀ। ਤੇ ਫੇਰ ਅੰਦਰ ਸ਼ਾਇਦ ਅੱਗ ਲੱਗ ਗਈ ਸੀ। ਸੰਤ ਭਿੰਡਰਾਂਵਾਲੇ ਤੇ ਉਨ੍ਹਾਂ ਦੇ ਸੇਵਕ, ਜਿੰਨੇ ਵੀ ਅੰਦਰ ਸਨ ਬਾਹਰ ਨਿਕਲ ਆਏ। ਜਿਹੜੀ ਵੀ ਲੜਾਈ ਹੋਈ ਉਹ ਅਕਾਲ ਤਖਤ ਦੇ ਸਾਹਮਣੇ, ਬਾਹਰ ਖੁੱਲੀ ਪਰਿਕਰਮਾਂ ਵਿੱਚ ਹੋਈ। ਪਹਿਲੋ ਪਹਿਲ ਮਰਨ ਵਾਲਿਆਂ ਵਿੱਚ ਸੰਤ ਭਿੰਡਰਾਂਵਾਲੇ ਵੀ ਸਨ।
ਉਹਨੇ ਇਹ ਵੀ ਦੱਸਿਆ ਏ ਕਿ ਸਾਰੇ ਜਣੇ ਸ਼ਬਦ ਗਾਉਂਦੇ ਹੋਏ ਸ਼ਹੀਦ ਹੋਏ। ਹਾਂ ਦੋਸਤੋ, ਇਸ ਤਰ੍ਹਾਂ ਮਰਦਾਂ ਵਾਂਗੰੂ, ਮੌਤ ਦਾ ਮਖੌਲ ਉਡਾਉਂਦਿਆਂ ਹੋਇਆਂ ਤੇ ਟੈਕਾਂ ਦੇ ਗੋਲਿਆਂ ਦੀ ਵਾਛੜ ਦੇ ਸਾਹਮਣੇ ਸ਼ਬਦ ਗਾਉਂਦਿਆਂ ਹੋਇਆਂ ਮਰਨ ਵਾਲਿਆਂ ਨੂੰ ਸ਼ਹੀਦ ਹੀ ਆਖਿਆ ਜਾਂਦਾ ਏ।
ਤੇ ਅਸੀਂ ਸਾਰੇ ਅਮਨ-ਪਸੰਦ ਲੋਕ ਜਿਹੜੇ ਸਦਾ ਸੰਤ ਭਿੰਡਰਾਂਵਾਲੇ ਦੇ ਖਿਲਾ ̄ ਬੋਲਦੇ ਰਹੇ ਸਾਂ ਤੇ ਪੰਜਾਬ ਵਿੱਚ ਹੋਣ ਵਾਲੇ ਹਰ ਬੇ-ਬੁਨਿਆਦੀ ਕਤਲ ਨੂੰ ਨਿੰਦਦੇ ਰਹੇ ਸਾਂ, ਉਹ ਵੀ ਟੈਂਕਾਂ ਦੇ ਸਾਹਮਣੇ ਮਰਨ ਵਾਲੇ ਇਨ੍ਹਾਂ ਲੋਕਾਂ ਦੀ ਮੌਤ ਦੇ ਸਾਹਮਣੇ ਅੱਜ ਖਾਮੋਸ਼ ਖੜ੍ਹੇ ਰਹਿਣ ਲਈ ਮਜ਼ਬੂਰ ਹਾਂ। ਜੇ ਇਹ ਲੋਕ ਕਾਤਲ ਸਨ, ਮੁਜ਼ਰਮ ਸਨ ਤਾਂ ਇਹਨਾਂ ਨੂੰ ਪਹਿਲਾਂ ਕਾਤਲ ਬਣਾਉਣ ਦੀ ਜ਼ਿੰਮੇਵਾਰੀ ਵੀ ਹਕੂਮਤ ਦੀ ਹੀ ਏ। ਇਹਨਾਂ ਨੂੰ ਹਰਿਮੰਦਰ ਸਾਹਿਬ ਪੁਚਾਉਣਾ ਵੀ ਇਸੇ ਸਾਜਿਸ਼ ਦਾ ਹੀ ਇੱਕ ਹਿੱਸਾ ਸੀ। ਬੜੇ ਤਾਮ-ਝਾਮ ਨਾਲ ਤੇ ਤੂਤੀਆਂ ਨਗਾਰਿਆਂ ਨਾਲ ਸੰਤ ਭਿੰਡਰਾਂਵਾਲੇ ਨੂੰ ਫੜ ਕੇ ਮਗਰੋਂ ਰਿਹਾ ਕਰ ਦੇਣਾ ਵੀ ਇਸੇ ਸਾਜਿਸ਼ ਦਾ ਹੀ ਇੱਕ ਹਿੱਸਾ ਸੀ। ਮਗਰੋਂ ਘੱਟੋ-ਘੱਟ ਡੇਢ ਸਾਲ ਦੇ ਦੌਰਾਨ ਉਹਨੂੰ “ਅਰੈਸਟ” ਨਾ ਕਰਨਾ, ਤੇ ਹਾਲਾਤ ਨੂੰ ਇਸ “ਕਲਾਈਮੈਕਸ” ”ਤੇ ਪੁਚਾ ਦੇਣਾ, ਇਹ ਸਭ ਇੱਕ ਬਹੁਤ ਗਹਿਰੀ ਸਾਜਿਸ਼ ਹੀ ਲੱਗ ਰਹੀ ਏ। ਤੇ ਖੁਦ ਹਕੂਮਤ, ਯਾਨੀ ਇੰਦਰਾ ਗਾਂਧੀ, ਮੁਲਕ ਨੂੰ ਬਚਾਉਣ ਵਾਲੀ ਹੀਰੋਇਨ ਸਾਖਸ਼ਾਤ ਦੇਵੀ!
““ਪਰ ਸਤਿੰਦਰ ਤਾਂ ਕਹਿੰਦਾ ਸੀ ਕਿ ਲੜਾਈ ਦੋ ਦਿਨ ਤੇ ਦੋ ਰਾਤਾਂ ਹੁੰਦੀ ਰਹੀ!””
““ਉਹ ਤਾਂ ਤਿੰਨਾਂ ਦਿਨਾਂ ਮਗਰੋਂ ਜਦੋਂ ਗਿਆਨੀ ਜ਼ੈਲ ਸਿੰਘ ਓਥੇ ਗਏ, ਗੋਲੀਆਂ ਦੀਆਂ ਅਵਾਜ਼ਾਂ ਉਦੋਂ ਵੀ ਆ ਰਹੀਆਂ ਸਨ। ਅਸਾਂ ਸਾਰਿਆਂ ਨੇ ਸੁਣੀਆਂ ਸਨ ਟੈਲੀਵੀਜ਼ਨ ”ਤੇ ਉਹ ਆਵਾਜ਼ਾਂ।””
““ਹਾਂ, ਸੁਣੀਆਂ ਸਨ।””
““ਸਾਰੀ ਪਰਿਕਰਮਾ ਦੇ ਹੇਠਾਂ ਰਿਹਾਇਸ਼ੀ ਤਹਿਖਾਨੇ ਨੇ। ਉਹਨਾਂ ਵਿੱਚ ਸੈਂਕੜੇ ਬੰਦੇ ਸਨ। ਸ਼ਾਇਦ ਹਜ਼ਾਰ, ਡੇਢ ਹਜ਼ਾਰ ਜਾਂ ਵਧੇਰੇ। ਉਹ ਆਲ੍ਹਿਆਂ ਝਰੋਖਿਆਂ ਵਿੱਚੋਂ ਗੋਲੀਆਂ ਚਲਾ ਰਹੇ ਸਨ। ਮਗਰੋਂ ਉਨ੍ਹਾਂ ਤਹਿਖਾਨਿਆਂ ਨੂੰ ਬਲਾਸਟ ਕਰ ਦਿੱਤਾ ਫੌਜ ਨੇ। ਪਰਿਕਰਮਾਂ ਵਿੱਚ ਤੁਰਦਿਆਂ ਅਜੇ ਵੀ ਬੋਅ ਆਉਂਦੀ ਏ।””
ਮੈਂ ਕੰਬ ਜਾਂਦੀ ਹਾਂ। ਮਲਬੇ ਹੇਠਾਂ ਸੜ ਰਹੀਆਂ ਲਾਸ਼ਾਂ ਦੇ ਉੱਤੇ ਤੁਰਨਾ! ਯਾ ਖੁਦਾਇਆ!
ਮਦਨ ਗੋਪਾਲ ਹੁਣੇ ਅੰਮ੍ਰਿਤਸਰ ਤੋਂ ਆਇਆ ਏ। ਕਹਿੰਦਾ ਏ, ਜਿੰਨ੍ਹਾਂ ਸਫਾਈ ਵਾਲਿਆਂ ਨੇ ਲਾਸ਼ਾਂ ਨੂੰ ਚੁੱਕਿਆ ਸੀ ਪਰਿਕਰਮਾਂ ਵਿਚੋਂ, ਉਹਨਾਂ ”ਚੋਂ ਦੋ ਨੂੰ ਮਿਲ ਕੇ ਆਇਆਂ। ਕਹਿੰਦੇ ਸਨ, ਏਨੀਆਂ ਲਾਸ਼ਾਂ ਜ਼ਿੰਦਗੀ ਵਿੱਚ ਪਹਿਲੀ ਵਾਰ ਤੱਕੀਆਂ। ਫੌਜ ਵਾਲੇ ਕਹਿੰਦੇ ਸਨ, ਜਿੰਨੀ ਮਰਜੀ ਏ ਸ਼ਰਾਬ ਪੀਓ, ਪਰ ਲਾਸ਼ਾਂ ਚੁੱਕ ਕੇ ਟਰੱਕਾਂ ਵਿੱਚ ਲੱਦ ਦਿਓ। ਸ਼ਰਾਬ ਤੋਂ ਬਿਨ੍ਹਾਂ ਏਨਾ ਲਹੂ ਤੇ ਏਨੀ ਮੌਤ ਝੱਲਣੀ ਹੀ ਨਾਮੁਮਕਿਨ ਹੁੰਦੀ ਏ।”” ਉਹ ਕਹਿੰਦਾ ਏ, ““ਹਰਿਮੰਦਰ ਸਾਹਿਬ ”ਤੇ ਚਾਰ ਸੌ ਬਾਹਟ ਨਿਸ਼ਾਨ ਨੇ ਗੋਲੀਆਂ ਦੇ। ਦਰਬਾਰ ਸਾਹਿਬ ”ਤੇ ਚਾਰ ਬੰਦੇ ਮਰੇ, ਤੇ ਉਤਲੀ ਛੱਤੇ ਪਈ ਇਕ ਬੀੜ ਵੀ ਸੜ ਗਈ।””
““ਕਿੰਨੇ ਕੁ ਬੰਦੇ ਮਰੇ ਹੋਣਗੇ?””
ਕਹਿੰਦਾ ਹੈ ““ਕੋਈ ਅੰਦਾਜ਼ਾ ਨਹੀਂ, ਪਰ ਹਜ਼ਾਰਾਂ ਹੀ। ਐਕਸੀਟਰੀਮਿਸਟ ਤਾਂ ਮਸਾਂ ਦੋ ਢਾਈ ਸੌ ਹੀ ਹੋਣਗੇ ਉਹਨਾਂ ”ਚੋਂ। ਇਹੀ ਅੰਦਾਜ਼ਾ ਏ। ਕਿਉਂਕਿ ਕੁਝ ਪਿਛਲੇ ਪਾਸੇ ਬਣੇ ਘਰਾਂ ਦੀਆਂ ਛੱਤਾਂ ਤੋਂ ਟੱਪ ਕੇ ਭੱਜ ਵੀ ਗਏ ਸਨ।””
““ਪਰ ਬਹੁਤੇ ਬੰਦੇ ਜਿਹੜੇ ਮਰੇ, ਉਹ ਵਿਚਾਰੇ ਪਿੰਡਾਂ ਵਿੱਚੋਂ ਗੁਰਪੁਰਬ ਮਨਾਉਣ ਆਏ ਹੋਏ ਸਨ, ਬੀਵੀਆਂ ਬੱਚਿਆਂ ਨੂੰ ਨਾਲ ਲੈ ਕੇ।””
““ਪਰ ਸਰਕਾਰ ਤਾਂ ਕਹਿੰਦੀ ਐ ਕਿ ਫੌਜ ਨੇ ਪਹਿਲੋਂ ਲਾਉਡਸਪੀਕਰਾਂ ”ਤੇ ਐਲਾਨ ਕੀਤਾ ਸੀ ਕਿ ਬਾਹਰ ਆ ਜਾਓ।””
““ਹਾਂ, ਦਰਬਾਰ ਸਾਹਿਬ ਦੇ ਅਟੈਕ ਵੇਲੇ ਤਾਂ ਐਲਾਨ ਕੀਤਾ ਹੀ ਸੀ, ਭਾਵੇਂ ਦੂਜਿਆਂ ਥਾਵਾਂ ”ਤੇ ਗੁਰਦੁਆਰਿਆਂ ਉੱਤੇ ਬਿਨ੍ਹਾਂ ਕਿਸੇ ਐਲਾਨ ਦੇ ਹਮਲੇ ਹੋਏ।””
ਅਜੇ ਪਰਸੋਂ ਹੀ ਤਾਂ ਅਨੂਪ ਦੀ ਭੈਣ ਦੱਸ ਰਹੀ ਸੀ ਦੁਖਨਿਵਾਰਣ ਸਾਹਿਬ ਦੇ ਬਾਰੇ। ਪਟਿਆਲੇ ਵਿੱਚ ਇਸ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਉਹਨਾਂ ਦਾ ਘਰ ਹੈ। ਕਹਿਣ ਲੱਗੀ, ““ਗੁਰਪੂਰਬ ਸੀ ਨਾ। ਪਿੰਡਾਂ ਵਿੱਚੋਂ ਹਜ਼ਾਰਾਂ ਲੋਕ ਆਏ ਹੋਏ ਸਨ। ਬਹੁਤ ਲੋਕ ਜਿਹੜੇ ਵਾਪਸ ਨਹੀਂ ਜਾਂਦੇ ਸ਼ਾਮ ਨੂੰ ਉੱਥੇ ਹੀ ਲੰਗਰ ”ਚੋਂ ਰੋਟੀ ਖਾ ਕੇ ਸੌ ਜਾਂਦੇ ਨੇ, ਇਹ ਸੋਚ ਕੇ ਕਿ ਸਵੇਰ ਦਾ ਕੀਰਤਨ ਸੁਣ ਕੇ ਵਾਪਸ ਮੁੜ ਜਾਵਾਂਗੇ ਘਰਾਂ ਨੂੰ। ਅਸੀਂ ਘਬਰਾ ਕੇ ਬੱਤੀ ਜਗਾਈ, ਬਿਜਲੀ ਨਹੀਂ ਸੀ। ਟੈਲੀਫੋਨ ਵੇਖਿਆ ਡੈੱਡ ਸੀ। ਪੂਰੇ ਇਲਾਕੇ ਦੀ ਬਿਜਲੀ ਤੇ ਟੈਲੀਫੋਨ ਡੈੱਡ ਕਰਕੇ ਫੌਜ ਨੇ ਗੁਰਦੁਆਰੇ ”ਤੇ ਹਮਲਾ ਕੀਤਾ। ਇੱਕ ਵੀ ਗੋਲੀ ਅੰਦਰੋਂ ਬਾਹਰ ਨਹੀਂ ਆਈ। ਆਉਣੀ ਵੀ ਕਿਸ ਤਰ੍ਹਾਂ ਸੀ। ਲੋਕੀਂ ਘਬਰਾਏ ਹੋਏ ਇੱਧਰ-ਓਧਰ ਦੌੜਦੇ ਸਨ। ਚੀਕਾਂ, ਸ਼ੋਰ ਤੇ ਗੋਲੀਆਂ ਦੀ ਦਰਦਨਾਹਟ। ਮਗਰੋਂ ਉਨ੍ਹਾਂ ਨੇ ਕਈ ਟਰੱਕ ਲਾਸ਼ਾਂ ਦੇ ਲੱਦੇ। ਸਾਡੇ ਸਾਹਮਣੇ। ਅਸੀਂ ਅੰਦਰੋਂ ਸ਼ੀਸ਼ਿਆਂ ਨਾਲ ਅੱਖਾਂ ਜੋੜ ਕੇ ਤੱਕ ਰਹੇ ਸਾਂ, ਤੇ ਕੰਬ ਰਹੇ ਸਾਂ। ਏਨਾ ਭਿਆਨਕ ਦ੍ਰਿਸ਼। ਬੋਰੀਆਂ ਵਾਂਗੰੂ ਭੁਆ-ਭੁਆ ਕੇ ਲਾਸ਼ਾਂ ਨੂੰ ਟਰੱਕਾਂ ਵਿੱਚ ਸੁੱਟਿਆ ਜਾ ਰਿਹਾ ਸੀ।… ਹਨੇਰਾ ਸੀ, ਸ਼ੋਰ ਸੀ, ਪਰਲੋ ਸੀ। ਤੜ ̄-ਤੜ ̄ ਉਸ ਤੋਂ ਮਗਰੋਂ ਅਸੀਂ ਬੱਸ ਦੋ ਦਿਨ ਕੱਢੇ ਨੇ। ਕਰਫਿਊ ਸੀ ਨਾ। ਰਤਾ ਕੁ ਢਿੱਲਾ ਹੋਇਆ ਏ ਤਾਂ ਦਿੱਲੀ ਆ ਗਏ ਹਾਂ। ਓਥੇ ਤਾਂ ਰੋਟੀ ਦੀ ਗਰਾਹੀ ਸੰਘ ਵਿੱਚ ਅੜ ਜਾਂਦੀ ਸੀ। ਰਾਤੀਂ ਨੀਂਦਰ ਨਹੀਂ ਸੀ ਆਉਂਦੀ, ਆ ਵੀ ਜਾਵੇ ਤਾਂ ਗੋਲੀਆਂ ਦੀ ਦਰਦਨਾਹਟ ਸੁਣਾਈ ਦੇਂਦੀ ਸੀ।””
ਮੈਂ ਮਦਨ ਗੋਪਾਲ ਤੋਂ ਪੁਛਦੀ ਹਾਂ, ““ਫੇਰ ਕਿਉਂ ਨਹੀਂ ਚਲੇ ਆਏ ਉਹ ਲੋਕ?”” ““ਪੇਂਡੂ ਬੰਦੇ। ਸਿੱਧੇ ਸਾਦੇ। ਸੋਚਿਆ, ਬਾਹਰ ਫੌਜ ਏ, ਬਾਲ ਬੱਚਿਆਂ ਨਾਲ ਬਾਹਰ ਨਿਕਲੇ ਤਾਂ ਫੜ ਲੈਣਗੇ ਉਹ। ਏਥੇ ਤਾਂ ਗੁਰੂ ਰਾਮਦਾਸ ਦਾ ਘਰ ਐ, ਏਥੇ ਕਿਹੜੀ ਆਫਤ ਆ ਸਕਦੀ ਏ?””
ਸਕੂਟਰ ਵਿੱਚ ਬੈਠੀ ਹਾਂ। ਸਕੂਟਰ ਡਰਾਈਵਰ ਸਿੱਖ ਮੁੰਡਾ ਏ। ਮੈਂ ਗੱਲਾਂ ਕਰਨ ਲੱਗ ਪੈਂਦੀ ਹਾਂ, ““ਕਾਕਾ ਕਿੱਥੋਂ ਦੇ ਰਹਿਣ ਵਾਲੇ ਓ?”” ““ਬਾਬਾ ਬਕਾਲੇ ਦੇ ਜੀ!””
““ਐਹ ਅੰਮ੍ਰਿਤਸਰ ਵਿਚ ਜੋ ਹੋਇਆ, ਉਹਦਾ ਪਤਾ ਏ? ਖਬਰਾਂ ਸੁਣਦੇ ਸਾਓ?””
““ਪਤਾ ਕਿਉਂ ਨਹੀਂ ਜੀ? ਸਾਡੇ ਘਰ ਤਾਂ ਦੋ ਦਿਹਾੜੀ ਤਾਂ ਰੋਟੀ ਨਹੀਂ ਸੀ ਪੱਕੀ। ਮਾਂ ਮੇਰੀ ਤਾਂ ਅਜੇ ਵੀ ਰੋਂਦੀ ਰਹਿੰਦੀ ਐ। ਸਵੇਰੇ ਪਾਠ ਕਰਕੇ ਅਰਦਾਸ ਕਰਨ ਵੇਲੇ ਬਾਪੂ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਸ਼ਹੀਦਾਂ ਦਾ ਨਾਂ ਵੀ ਲੈਂਦਾ ਏ। ਇਹ ਬਚਣਗੇ ਨਹੀਂ ਜੀ, ਇਹ ਜਿਨ੍ਹਾਂ ਨੇ ਏਡਾ ਜ਼ੁਲਮ ਕਮਾਇਆ ਏ…।”” ਤੇ ਉਹ ਗੁੱਸੇ ਨਾਲ, ਰੋਹ ਨਾਲ ਭਰਿਆ ਹੋਇਆ ਬੋਲੀ ਜਾ ਰਿਹਾ ਏ।
““ਪਰ ਹੁਣ ਹੋਏਗਾ ਕੀ?””-ਉਹ ਪੁਛਦਾ ਏ।
““ਪਤਾ ਨਹੀਂ, ““ਮੈਂ ਕਹਿੰਦੀ ਹਾਂ। ਤੇ ਸੱਚ ਕਹਿ ਰਹੀ ਹਾਂ ਮੈਂ, ਕੁਝ ਪਤਾ ਨਹੀਂ ਕੀ ਹੋਏਗਾ।
ਉਹ ਬੜੇ ਵਿਸ਼ਵਾਸ ਨਾਲ ਕਹਿੰਦਾ ਏ, ““ਬੱਸ ਜੀ, ਖਾਲਿਸਤਾਨ ਬਣੇਗਾ ਹੁਣ ਤਾਂ। ਏਨਾ ਲਹੂ ਡੁਲ੍ਹਿਆ ਹੋਇਆ ਐਵੇਂ ਤੇ ਜਾਂਦਾ ਨਹੀਂ।”” ਮੈ ਕੰਬ ਜਾਂਦੀ ਹਾਂ। ਇਹ ਕੀ ਕਰ ਦਿੱਤਾ ਇਸ ਗ੍ਰੀਕ ਟੈ੍ਰਜੇਡੀ ਨੂੰ ਸਟੇਜ ਕਰਨ ਵਾਲਿਆਂ ਨੇ। ਖਾਲਿਸਤਾਨ ਦੀ ਗੱਲ ਤਾਂ ਦੋ ਚਾਰ ਵਿਦੇਸ਼ਾਂ ਵਿੱਚ ਰਹਿ ਰਹੇ ਬੰਦੇ ਹੀ ਕਰਿਆ ਕਰਦੇ ਸਨ ਜਿਨ੍ਹਾਂ ਨੇ ਪ੍ਰੈਸ ਦਾ ਤੇ ਹੋਰਨਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਹੁੰਦਾ ਸੀ, ਜਾਂ ਖਾਲਿਸਤਾਨ ਦੇ ਨਾਅਰੇ ਥੱਲੇ ਆਪਣੇ ਭਰਾਵਾਂ- ਭਤੀਜਿਆਂ ਨੂੰ ਇੰਗਲੈਂਡ ਜਾਂ ਜਰਮਨੀ ਜਾਂ ਕੈਨੇਡਾ ਮੰਗਵਾਉਣਾ ਹੁੰਦਾ ਸੀ। ਖਾਲਿਸਤਾਨ ਦੀ ਗੱਲ ਕਿਸੇ ਵੀ ਸੋਚ-ਸਮਝ ਵਾਲੇ ਬੰਦੇ ਨੇ ਨਾ ਕਦੇ ਸੋਚੀ ਸੀ, ਨਾ ਕੀਤੀ ਸੀ। ਨਾ ਇਹ 1982 ਤੋਂ ਮੋਰਚਾ ਚਲਾਉਣ ਵਾਲੇ ਅਕਾਲੀਆਂ ਦੀ ਮੰਗ ਸੀ, ਤੇ ਨਾ ਹੀ ਮਗਰੋਂ ਸੰਤ ਭਿੰਡਰਾਂਵਾਲੇ ਨੇ ਇਹਨੂੰ ਆਪਣਾ ਨਾਹਰਾ ਬਣਾਇਆ ਸੀ। ਅੱਜ ਇਹ ਕੀ ਹੋ ਗਿਆ?
ਇਹ ਫੱਟੜ “ਸਾਇਕੀ” ਦੀ ਮੰਗ ਹੈ ਜਾਂ ਗੁੱਠੇ ਲਗੀ “ਆਈਡੈਂਟਿਟੀ” ਦੀ? ਮੈਂ ਇਸ ਲਫਜ਼ ਨੂੰ ਅੱਜ-ਕੱਲ੍ਹ ਰੋਜ਼ ਕਈ ਵਾਰੀ ਸੁਣਦੀ ਹਾਂ-ਪੜ੍ਹੇ ਲਿਖੇ ਤੇ ਸਿੱਧੇ ਸਾਦੇ, ਦੋਹਾਂ ਕਿਸਮਾਂ ਦੇ ਬੰਦਿਆਂ ਦੇ ਮੰੂਹੋਂ।
ਇਹ ਗਲਤੀ ਹੋ ਗਈ ਡਰਾਮਾ ਰਚਣ ਵਾਲਿਆਂ ਤੋਂ। ਉਹਨਾਂ ਨੇ ਤਾਂ ਸਿੱਧਾ ਸਾਦਾ ਵੋਟਾਂ ਦਾ ਡਰਾਮਾ ਖੇਡਿਆ ਸੀ, ਜਿਸ ਦੀ ਮਾਨਸਿਕਤਾ ਤੇ
“ਸਾਈਕਾਲੋਜੀ ਮੇਰੇ ਵਰਗੇ ਗੈਰ-ਪੁਲੀਟੀਕਲ ਬੰਦੇ ਨੂੰ ਵੀ ਸਮਝ ਆਉਂਦੀ ਪਈ ਏ। ਜਿਸ ਤਰ੍ਹਾਂ ਮਾਰਗਰੇਟ ਥੈਚਰ ਨੇ ਫਾਕਲੈਂਡ ਦਾ ਡਰਾਮਾ ਕੀਤਾ ਸੀ ਤੇ ਦੂਜੀ ਵਾਰੀ ਪਰਾਈਮ ਮਨਿਸਟਰਸ਼ਿਪ ਜਿੱਤ ਲਈ, ਜਿਸ ਤਰ੍ਹਾਂ ਰੀਗਨ ਨੇ ਗਰੇਨੇਡਾ ਦਾ ਡਰਾਮਾ ਕੀਤਾ, ਜਿਸ ਤਰ੍ਹਾਂ ਖੁਦ ਇੰਦਰਾ ਗਾਂਧੀ ਨੇ ਹੀ ਬੰਗਲਾਦੇਸ਼ ਦਾ ਡਰਾਮਾ ਕੀਤਾ ਸੀ, ਉਸੇ ਤਰ੍ਹਾਂ ਦਾ ਡਰਾਮਾ ਇਹ ਵੀ ਸੀ ਕਿਉਂਕਿ ਇਲੈਕਸ਼ਨਾਂ ਬੱਸ ਔਹ ਮੋੜ ”ਤੇ ਖਲੋਤੀਆਂ ਨੇ। ਉਂਝ ਸੋਚਿਆ ਜਾਵੇ ਤਾਂ ਅਕਾਲੀ ਪਾਰਟੀ ਨੇ ਵੀ ਮੋਰਚਾ ਸ਼ੁਰੂ ਕਰਨ ਲੱਗਿਆ ਤਾਂ ਈਲੈਕਸ਼ਨਾਂ ਦੀ ਗੱਲ ਸੋਚਣੀ ਹੀ ਏ। ਲੋਕ? ਜਨਤਾ? ਉਹ ਕੀ ਚੀਜ਼ ਏ! ਉਹ ਤਾਂ ਸਿਰਫ ਵੋਟਾਂ ਦੀ ਗਿਣਤੀ ਨੇ, ਜਾਂ ਝਗੜੇ-ਫਸਾਦਾਂ ਦੀ ਤੇ ਜੰਗਾਂ ਦੀ ਭੱਠੀ ਵਿੱਚ ਬਲਣ ਵਾਲਾ ਬਾਲਣ! ਫੇਰ ਇੰਦਰਾ ਗਾਂਧੀ ਨੇ ਤਾਂ 1977 ਦੀ ਭਿਆਨਕ ਹਾਰ ਵੇਖੀ ਹੋਈ ਏ ਤੇ ਉਸ ਤੋਂ ਮਗਰੋਂ, ਮੁੜ ਕੇ ਪਾਵਰ ਵਿੱਚ ਆ ਜਾਣ ਮਗਰੋਂ ਵੀ, ਦੱਖਣ ਭਾਰਤ ਵਿਚ ਹੋਈ ਜ਼ਬਰਦਸਤ ਹਾਰ ਦੇ ਉਹਦੇ ਜ਼ਖਮ ਅਜੇ ਅੱਲੇ ਨੇ। ਇਲੈਕਸ਼ਨਾਂ ਵਾਸਤੇ ਕਿਸੇ ਇਹੋ ਜਿਹੇ ਡਰਾਮੇ ਦੀ ਲੋੜ ਸੀ ਹਕੂਮਤ ਨੂੰ। ਇਸ ਕਰਕੇ ਪਿਛਲੇ ਦੋ ਸਾਲਾਂ ਤੋਂ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਸੋਚਿਆ ਗਿਆ। ਜਦੋਂ ਵੀ ਗੱਲਬਾਤ ਸਿਰੇ ਚੜ੍ਹਨ ਲੱਗੀ, ਜਾਂ ਖੁਦ ਕੋਈ ਸਖਤ ਗੱਲ ਕਹਿ ਦਿੱਤੀ ਪਾਰਲੀਮੈਂਟ ਵਿੱਚ ਜਾਂ ਹੋਮ ਮਨਿਸਟਰ ਸੇਠੀ ਕੋਲੋਂ ਅਖਵਾ ਦਿੱਤੀ। ਗੱਲ ਸਿਰੇ ਚੜ੍ਹਦੀ-ਚੜ੍ਹਦੀ ਟੁੱਟ ਗਈ।
ਉਂਜ ਗੱਲ ਵਿੱਚੋਂ ਹੈ ਵੀ ਕੀ ਸੀ। ਅਗਸਤ 1982 ਵਿੱਚ ਜਦੋਂ ਅਕਾਲੀਆਂ ਨੇ ਮੋਰਚਾ ਸ਼ੁਰੂ ਕੀਤਾ ਸੀ ਤਾਂ ਅਸਲੀ ਮੰਗਾਂ ਨਿਰੋਲ ਆਰਥਿਕ ਸਨ। ਧਾਰਮਕ ਮੰਗਾਂ ਤਾ ਐਵੇਂ ਗੋਟੇ ਵਾਂਗੰੂ ਨਾਲ ਟਾਂਕੀਆਂ ਹੋਈਆਂ ਸਨ। ਉਹ ਮੰਨ ਵੀ ਲਈਆਂ ਗਈਆਂ। ਪਰ ਆਰਥਕ ਮੰਗਾਂ, ਜਿਹੜੀਆਂ ਸਮੁੱਚੇ ਪੰਜਾਬੀਆਂ ਲਈ ਸਨ, ਹਿੰਦੂਆਂ ਤੇ ਸਿੱਖਾਂ ਦੋਹਾਂ ਲਈ ,ਯਾਨੀ ਚੰਡੀਗੜ੍ਹ ਦੀ ਮੰਗ, ਪਾਣੀ ਦੀ ਮੰਗ ਤੇ ਪੰਜਾਬੀ ਬੋਲਣ ਵਾਲੇ ਇਲਾਕਿਆਂ ਦੀ ਬੋਲੀ ਦੇ ਆਧਾਰ ”ਤੇ ਜਾਂਚ-ਪੜਤਾਲ ਦੀ ਮੰਗ। ਇਹਨਾਂ ਵਿੱਚੋਂ ਪੰਜਾਬੀ ਬੋਲਣ ਵਾਲੇ ਇਲਾਕਿਆਂ ਬਾਰੇ ਤੇ ਦਰਿਆਵਾਂ ਦੇ ਪਾਣੀ ਬਾਰੇ, ਦੋਵੇਂ ਮਸਲੇ ਟ੍ਰਿਿਬਊਨਲ ਨੂੰ ਦੇਣ ਲਈ ਅਕਾਲੀ ਮੰਨ ਗਏ ਸਨ। ਬਾਕੀ ਰਹੀ ਗੱਲ ਚੰਡੀਗੜ੍ਹ ਦੀ। ਉਹਦੇ ਬਦਲੇ ਉਹ ਚੰਡੀਗੜ੍ਹ ਦੇ ਨਾਲ ਲੱਗਦੇ ਕੁਝ ਪਿੰਡ, ਤੇ ਪੈਸਾ ਵੀ, ਹਰਿਆਣੇ ਨੂੰ ਦੇਣਾ ਮੰਨਦੇ ਸਨ। ਇਹ ਕੀ ਸੀ ਜਿਸ ਨੇ ਏਨੀ ਜਾਇਜ਼ ਮੰਗ ਵਿੱਚ ਵੀ ਅੜਿੱਕਾ ਡਾਹੀ ਰੱਖਣ ਲਈ ਹਕੂਮਤ ਨੂੰ ਉਕਸਾਇਆ?
ਇਹਦੇ ਬਾਰੇ ਸਿਰਫ ਕਿਆਸ ਹੀ ਕੀਤਾ ਜਾ ਸਕਦਾ ਹੈ। (ਉਂਜ ਤਾਂ ਇਹੀ ਕਹਿੰਦੇ ਨੇ ਸਾਰੇ, ਕਿ ਇੰਦਰਾ ਗਾਂਧੀ ਦੇ ਮਨ ਵਿੱਚ ਕੀ ਐ, ਇਹ ਉਹਦੇ ਸਾਹਵਾਂ ਨਾਲ ਉਹਦੇ ਜਿਸਮ ਦੇ ਅੰਦਰ ਜਾਂਦੀ ਹਵਾ ਨੂੰ ਵੀ ਪਤਾ ਨਹੀਂ ਲੱਗਦਾ, ਤੇ ਕੋਲ ਬੈਠੇ ਬੰਦੇ ਨੂੰ ਕੀ ਪਤਾ ਲੱਗੇਗਾ। ਉਹਦੇ ਮਨ ਵਿੱਚ ਬੁਣੇ ਜਾਂਦੇ ਪੇਟੇ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗਦਾ। ਪਰ ਕਿਆਸ ਤਾਂ ਕੀਤਾ ਹੀ ਜਾ ਸਕਦਾ ਏ। ਨਹੀਂ?) ਬਹੁਤੇ ਲੋਕਾਂ ਦਾ ਕਿਆਸ ਇਹੀ ਹੈ ਕਿ ਇਹ ਸਾਰੀ ਖੇਡ ਸੋਚੀ-ਸਮਝੀ ਤੇ ਗਿਣੀ- ਮਿੱਥੀ ਹੋਈ ਸੀ। ਇਹ ਗ੍ਰੀਕ ਟ੍ਰੈਜੇਡੀ ਪਹਿਲੋਂ ਹੀ ਬੜੀ ਸੁਆਰ ਕੇ ਜ਼ਿਹਨ ਵਿੱਚ ਲਿਖ ਲਈ ਹੋਈ ਸੀ, ਮਗਰੋਂ ਸਿਰਫ ਸਟੇਜ ਕੀਤੀ ਗਈ। ਹਰ ਗੱਲਬਾਤ ਕਿਸ ਤਰ੍ਹਾਂ ਤੋੜ ਦਿੱਤੀ ਜਾਂਦੀ ਰਹੀ ਇਹਦੇ ਬਾਰੇ ਤੁਸੀਂ ਸਾਰੇ ਹਰਕਿਸ਼ਨ ਸਿੰਘ ਸੁਰਜੀਤ ਦਾ ਆਰਟੀਕਲ ਆਰਸੀ ਵਿੱਚ ਪੜ੍ਹ ਹੀ ਚੁੱਕੇ ਹੋ। ਕੋਈ ਫੈਸਲਾ ਸਿਰੇ ਨਹੀਂ ਚੜ੍ਹਨ ਦਿੱਤਾ ਗਿਆ, ਕਿਉਂਕਿ ਹਕੂਮਤ ਨੂੰ ਇਹ ਪੱਕਾ ਪਤਾ ਸੀ ਕਿ ਇਸ ਤਰ੍ਹਾਂ ਲਮਕਾਈ ਰੱਖਣ ਨਾਲ ਘੱਟੋ ਘੱਟ ਇਹ ਸਮੱਸਿਆ ਤਾਂ ਸੁਲਝੇਗੀ ਨਹੀਂ, ਸਗੋਂ ਹੋਰ ਤੇਜ਼ ਹੋਵੇਗੀ, “ਮੋਮੈਂਟਮ” ਫੜੇਗੀ। ਪਤਾ ਸੀ, ਜਦੋਂ ਐਜੀਟੇਸ਼ਨ ਭਖੀ, ਕੁਝ ਕਤਲ ਹੋਏ, ਹਰਿਮੰਦਰ ਸਾਹਿਬ ਵਿੱਚ ਅਸਲਾ ਜਮ੍ਹਾਂ ਹੋਇਆ, ਹਿੰਦੂਆਂ ਵਿੱਚ ਰੋਸ ਵਧੇਗਾ। ਅਮਨ-ਪਸੰਦ ਅਕਾਲੀ ਲੀਡਰਾਂ ਦੇ ਹੱਥੋਂ ਮੋਰਚੇ ਦੀ ਵਾਗਡੋਰ ਨਿਕਲ ਕੇ “ਜੰਗੀ” ਲੀਡਰਸ਼ਿਪ, ਯਾਨੀ ਸ਼ੁਰੂ ਵਿੱਚ ਕਾਂਗਰਸ ਵਲੋਂ ਭੇਜੇ ਗਏ ਸੰਤ ਭਿੰਡਰਾਂਵਾਲੇ ਦੇ ਹੱਥ ਵਿੱਚ ਆ ਜਾਵੇਗੀ। ਉਦੋਂ ਜਾਂ ਦੋਵੇ ਗਰੱੁਪ ਆਪਸ ਵਿੱਚ ਲੜਨਾ ਸ਼ੁਰੂ ਕਰ ਦੇਣਗੇ, ਤੇ ਫੇਰ ਬੜੀ ਸ਼ਾਨ ਨਾਲ ਫੌਜ ਨੂੰ ਅੰਦਰ ਭੇਜ ਕੇ ਵਾਹ-ਵਾਹ ਖੱਟ ਲਈ ਜਾਵੇਗੀ; ਤੇ ਜੇ ਆਪਸ ਵਿੱਚ ਨਾ ਲੜੇ ਤਾਂ “ਬਾਹਰਲੇ ਅਮਨ” ਦੀ ਖਾਤਰ ਫੌਜੀ ਕਾਰਵਾਈ ਕੀਤੀ ਜਾਵੇਗੀ। ਤੇ ਪੂਰੇ ਹਿੰਦੋਸਤਾਨ ਦੀ ਹਿੰਦੂ ਆਬਾਦੀ ਇਹੀ ਕਹੇਗੀ, “ਬਚਾ ਲਿਆ ਇੰਦਰਾ ਗਾਂਧੀ ਨੇ ਮੁਲਕ ਨੂੰ। ਵਰਨਾ…।”
ਹਿੰਦੂ ਵੋਟਾਂ ਜੇਬ ਵਿੱਚ! ਅਗਲੀਆਂ ਚੋਣਾਂ ਵਿਚ ਪੱਕੀ ਜਿੱਤ।
ਇਹ ਕਿਹੋ ਜਿਹੀ ਰਾਜਨੀਤੀ ਏ, ਹਕੂਮਤ ਦਾ ਇਹ ਕਿਹੋ ਜਿਹਾ ਨਸ਼ਾ ਏ, ਜਿਹੜਾ ਬੰਦੇ ਨੂੰ ਲਾਸ਼ਾਂ ਦੇ ਉੱਤੋਂ ਦੀ ਤੋਰ ਕੇ ਲੈ ਜਾਂਦਾ ਏ ਤੇ ਉਹਦੀ ਜ਼ਮੀਰ ਖਾਮੋਸ਼ ਰਹਿੰਦੀ ਏ।
‐0‐ ਜਖ਼ਮ ਨੂੰ ਸੂਰਜ ਬਣਨ ਦਿਓ … ਜੂਨ 1984 ਦੇ ਘੱਲੂਘਾਰ ਬਾਰੇ ਇਸ ਖਾਸ ਲੇਖ ਲੜੀ ਤਹਿਤ ਛਪੀਆਂ ਹੋਰ ਰਚਨਾਵਾਂ ਪੜ੍ਹਨ/ਸੁਣ ਲਈ ਇਹ ਪੰਨਾ ਖੋਲ੍ਹੋ …
*ਉਪਰੋਕਤ ਲਿਖਤ ਪਹਿਲਾਂ 09 ਜੂਨ 2016 ਨੂੰ ਛਾਪੀ ਗਈ ਸੀ