ਸਿਆਸੀ ਖਬਰਾਂ

ਦਿੱਲੀ ਕਮੇਟੀ ‘ਚ ਹੋਇਆ ਸ਼ੋਸ਼ਣ ਮਹੰਤਾਂ ਦੇ ਯੁਗ ਦੀ ਯਾਦ ਦਿਵਾਉਂਦਾ: ਸਰਨਾ

By ਸਿੱਖ ਸਿਆਸਤ ਬਿਊਰੋ

September 04, 2016

ਨਵੀਂ ਦਿੱਲੀ: ਪਰਮਜੀਤ ਸਿੰਘ ਸਰਨਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਬਾਦਲ ਦਲ ਦੇ ਸੀਨੀਅਰ ਆਗੂ ਕੁਲਮੋਹਨ ਸਿੰਘ ਦੇ ਸਹਾਇਕ ਵਲੋਂ ਕਿਸੇ ਔਰਤ ਦੇ ਸਰੀਰਕ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਉਣਾ ਮਹੰਤਾਂ ਦੇ ਯੁਗ ਦੀ ਯਾਦ ਤਾਜ਼ਾ ਕਰਦਾ ਹੈ।

ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਸੰਗਤਾਂ ਨੇ ਦੇਖਿਆ, ਮਹਿਸੂਸ ਕੀਤਾ ਹੈ ਕਿ ਪਹਿਲਾਂ ਬਾਦਲ ਦਲੀਆਂ ਦੇ ਘੋਰ ਭ੍ਰਿਸ਼ਟਾਚਰ, ਪ੍ਰਬੰਧਕੀ ਨਾਕਾਮੀਆਂ, ਗਲਤ ਨੀਤੀਆˆ ਅਤੇ ਸਾਜ਼ਿਸ਼ਾਂ ਦੇ ਕਾਰਨ ਸਿੱਖਾਂ ਦੇ ਉਚ ਤਕਨੀਕੀ ਵਿਦਿਅਕ ਅਦਾਰੇ ਬੰਦ ਹੋ ਗਏ ਹਨ ਤੇ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਔਰਤ ਦੇ ਸਰੀਰਕ ਸ਼ੋਸ਼ਣ ਕੀਤੇ ਜਾਣ ਦਾ ਮਾਮਲਾ ਉਜਾਗਰ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਰੀਆਂ ਘਟਨਾਵਾਂ ਦਰਸਾਉਦੀਆਂ ਹਨ ਕਿ ਸਿੱਖ ਧਾਰਮਿਕ ਸੰਸਥਾਵਾਂ ਦਾ ਪ੍ਰਬੰਧ ਦੁਬਾਰਾ ਮਹੰਤ ਨਾਰਾਇਣ ਦਾਸ (ਨਰੈਣੂ) ਦੀ ਪ੍ਰਵਿਰਤੀ ਵਾਲੇ ਵਿਅਕਤੀਆਂ ਦੇ ਹੱਥਾਂ ਵਿਚ ਆ ਚੁੱਕਾ ਹੈ।

ਸਰਨਾ ਨੇ ਕਿਹਾ ਕਿ ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਇਕ ਔਰਤ ਨੇ ਕੁਲਮੋਹਨ ਸਿੰਘ ਦੇ ਸਹਿਯੋਗੀ ਦੇ ਖਿਲਾਫ ਸਰੀਰਕ ਸ਼ੋਸ਼ਣ ਕੀਤੇ ਜਾਣ ਬਾਰੇ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਨੇ ਕਿਹਾ ਕਿ ਇਹ ਉਹੀ ਕੁਲਮੋਹਨ ਸਿੰਘ ਹੈ ਜਿਸ ਨੂੰ ਬਾਦਲ ਦਲ ਦਿੱਲੀ ਕਮੇਟੀ ਦੇ ਵਿਦਵਾਨ ਚਿਹਰੇ ਦੇ ਰੂਪ ਵਿਚ ਸੰਗਤਾਂ ਦੇ ਸਾਹਮਣੇ ਪੇਸ਼ ਕਰਦੇ ਹਨ ਤੇ ਇਹੀ ਵਿਅਕਤੀ ‘ਕੌਣ ਬਣੇਗਾ ਗੁਰਸਿੱਖ ਪਿਆਰਾ’ ਵਰਗੇ ਧਾਰਮਿਕ ਪ੍ਰੋਗਰਾਮ ਦੀ ਵੀ ਪੇਸ਼ਕਾਰੀ ਕਰਦਾ ਹੈ।

ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰੀ ਬਾਦਲ ਪਰਿਵਾਰ ਦੇ ਵਫਾਦਾਰ ਧਰਮ ਅਤੇ ਪੰਥ ਦਾ ਇਸਤੇਮਾਲ ਕਰਕੇ ਆਪਣੇ ਨਿੱਜੀ ਫਾਇਦੇ ਹਾਸਿਲ ਕਰਨ ਵਿਚ ਰੁਝੇ ਹੋਏ ਹਨ। ਜਿਵੇਂ ਕਿ ਮਹੰਤ ਨਰੈਣੂ ਆਪਣੇ ਸਮੇਂ ਕਰਿਆ ਕਰਦਾ ਸੀ। ਉਨ੍ਹਾˆ ਕਿਹਾ ਕਿ ਸਮਾˆ ਆ ਗਿਆ ਹੈ ਜਦੋਂ ਸਾਨੂੰ ਸਾਰਿਆਂ ਨੂੰ ਮਿਲ ਕੇ ਦਿੱਲੀ ਦੇ ਗੁਰਦੁਆਰੇ ਅਤੇ ਵਿਦਿਅਕ ਅਦਾਰਿਆਂ ਨੂੰ ਅੱਜ ਦੇ ਇਨ੍ਹਾਂ ਮਹੰਤਾਂ ਤੋਂ ਆਜ਼ਾਦ ਕਰਵਾ ਲੈਣਾ ਚਾਹੀਦਾ ਹੈ।

ਸਰਨਾ ਨੇ ਕਿਹਾ ਕਿ ਦਿੱਲੀ ਵਿਚ ਬਾਦਲ ਦਲ ਦੇ ਆਗੂ ਸੰਗਤਾਂ ਦਾ ਗੁਰਦੁਆਰਿਆਂ ਵਿਚ ਵਿਸ਼ਵਾਸ ਖਤਮ ਕਰਨ ‘ਤੇ ਤੁਲੇ ਹੋਏ ਹਨ। ਉਨ੍ਹਾˆ ਨੇ ਕਿਹਾ ਕਿ ਬਦਕਿਸਮਤੀ ਨਾਲ ਦਿੱਲੀ ਕਮੇਟੀ ਦੀਆਂ ਸਿੱਖ ਸੰਸਥਾਵਾਂ ਵਿਚ ਅਜਿਹਾ ਹੀ ਹੋ ਰਿਹਾ ਹੈ। ਉਨ੍ਹਾਂ ਨੇ ਇਤਿਹਾਸ ਦਾ ਹਵਾਲਾ ਦਿੰਦਿਆਂ ਹੋਇਆਂ ਕਿਹਾ ਕਿ ਚਰਚ ਨੂੰ 20ਵੀਂ ਸਦੀ ਅਤੇ 21ਵੀਂ ਸਦੀ ਦੇ ਆਰੰਭ ਤੱਕ ਲੋਕਾਂ ਦੇ ਘੋਰ ਵਿਰੋਧ ਦਾ ਸਾਹਮਣਾ ਇਸ ਲਈ ਕਰਨਾ ਪਿਆ ਸੀ ਕਿਉਂਕਿ ਉਸ ਵੇਲੇ ਚਰਚ ਵਿਚ ਔਰਤਾਂ ਦੇ ਸਰੀਰਕ ਸ਼ੋਸ਼ਣ ਵਰਗੀਆਂ ਘੱਟਨਾਵਾਂ ਬਹੁਤ ਜ਼ਿਆਦਾ ਵੱਧ ਗਈਆਂ ਸਨ।

ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਔਰਤਾਂ ਦਾ ਸਰੀਰਕ ਸ਼ੋਸ਼ਣ ਧਰਮ ਅਤੇ ਵਿਸ਼ਵਾਸ ਲਈ ਘਾਤਕ ਸਿੱਧ ਹੋਇਆ ਹੈ।  ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਡੂੰਘੀ ਜਾਂਚ ਲਈ ‘ਦਿੱਲੀ ਮਹਿਲਾ ਆਯੋਗ’ ਕੋਲ ਪਹੁੰਚ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਕੁਲਮੋਹਨ ਸਿੰਘ ਤੇ ਮਨਜੀਤ ਸਿੰਘ ਜੀ.ਕੇ. ਨੂੰ ਕਹਿਣਾ ਚਾਹੁੰਦੇ ਹਨ ਕਿ ਉਹ ਆਪਣੇ ਅਹੁਦਿਆਂ ਤੋਂ ਉਦੋਂ ਤੱਕ ਲਾਂਭੇ ਜ਼ਰੂਰ ਹੋ ਜਾਣ ਜਦੋਂ ਤਕ ਇਸ ਘਟਨਾ ਦੀ ਜਾਂਚ ਪੂਰੀ ਨਹੀਂ ਹੋ ਜਾਂਦੀ ਕਿਉਂਕਿ ਇਹ ਦੋਨੋ ਜਾਂਚ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਸਰਨਾ ਨੇ ਚੇਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਸਿੱਖ ਸੰਗਤਾਂ ਆਪਣੀਆਂ ਧਾਰਮਿਕ ਸੰਸਥਾਵਾਂ ਅਜਿਹੇ ਲੋਕਾਂ ਦੇ ਹੱਥੋਂ ਬਰਬਾਦ ਨਹੀਂ ਹੋਣ ਦੇਣਗੀਆਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: