ਸਿਆਸੀ ਖਬਰਾਂ

ਲੱਦਾਖ ਮਾਮਲਾ: “ਐਲ.ਏ.ਸੀ. ਦੇ ਹਾਲਾਤ ਨੂੰ ਨਜਿੱਠਣ ਲਈ ਫੌਜਾਂ ਨੂੰ ਖੁੱਲ੍ਹ ਦੇ ਦਿੱਤੀ ਹੈ”- ਖਬਰਖਾਨੇ ਦੇ “ਸੂਤਰ”

By ਸਿੱਖ ਸਿਆਸਤ ਬਿਊਰੋ

June 22, 2020

ਨਵੀਂ ਦਿੱਲੀ/ਚੰਡੀਗੜ੍ਹ: ਲੱਦਾਖ ਵਿੱਚ ਚੀਨ ਨਾਲ ਚੱਲ ਰਹੇ ਫੌਜੀ ਟਕਰਾਅ ਦੇ ਮੱਦੇਨਜ਼ਰ ਦਿੱਲੀ ਸਾਮਰਾਜ ਦੀ ਹਕੂਮਤ ਕੁਝ ਵੀ ਵਧਵਾਂ ਕਹਿਣ ਤੋਂ ਟਾਲਾ ਕਰ ਰਹੀ ਹੈ। ਇਸ ਦੌਰਾਨ ਸਰਕਾਰੀ ਫੈਸਲਿਆਂ ਬਾਰੇ ਜਾਣਕਾਰੀ ਖਬਰਖਾਨੇ ਰਾਹੀਂ ‘ਅਣਦੱਸੇ’ ਸੂਤਰਾਂ ਦੇ ਹਵਾਲੇ ਨਾਲ ਹੀ ਛਪ ਰਹੀ ਹੈ।

‘ਦਾ ਹਿੰਦੂ’ ਵਿੱਚ ਅੱਜ (22 ਜੂਨ ਨੂੰ) ਇਕ ਖਬਰ ਨਸ਼ਰ ਹੋਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਇੰਡੀਆ ਦੇ ਬਚਾਅ ਮੰਤਰੀ (ਡਿਫੈਂਸ ਮਨਿਸਟਰ) ਰਾਜਨਾਥ ਸਿੰਘ ਨੇ ਦੂਜੀ ਸੰਸਾਰ ਜੰਗ ਦੀ 75ਵੀਂ ਵਰ੍ਹੇਗੰਢ ਮੌਕੇ ਹੋਣ ਵਾਲੇ ਸਮਾਗਮਾਂ ਵਿੱਚ ਸਮੂਲੀਅਤ ਕਰਨ ਲਈ ਰੂਸ ਦੇ ਦੌਰੇ ਉੱਤੇ ਜਾਣ ਤੋਂ ਪਹਿਲਾਂ ਬੀਤੇ ਦਿਨ (21 ਜੂਨ ਨੂੰ) ਇੰਡੀਆ ਦੇ ‘ਚੀਫ ਆਫ ਆਰਮੀ ਸਟਾਫ’ ਅਤੇ ਤਿੰਨਾਂ ਫੌਜਾਂ (ਹਵਾਈ, ਜਮੀਨੀ ਤੇ ਸਮੁੰਦਰੀ) ਦੇ ਮੁਖੀਆਂ ਨਾਲ ਮੁਲਾਕਾਤ ਕੀਤੀ।

ਇਸ ਖਬਰ ਅਦਾਰੇ ਨੇ ‘ਡਿਫੈਂਸ ਸੂਤਰਾਂ’ ਦੇ ਹਵਾਲੇ ਨਾਲ ਕਿਹਾ ਹੈ ਕਿ ਫੌਜ ਨੂੰ ਲੱਦਾਖ ਵਿੱਚ ਲਾਈਨ ਆਫ ਐਕਚੂਅਲ ਕੰਟਰੋਲ (ਐਲ.ਏ.ਸੀ.) ਉੱਤੇ ਬਣਨ ਵਾਲੇ ਹਾਲਾਤ ਦਾ ਮੁਕਾਬਲਾ ਕਰਨ ਲਈ ਖੁੱਲ੍ਹ ਦੇ ਦਿੱਤੀ ਗਈ ਹੈ।

‘ਦਾ ਹਿੰਦੂ’ ਮੁਤਾਬਿਕ ਸੂਤਰਾਂ ਦਾ ਕਹਿਣਾ ਹੈ ਕਿ “ਅਸੀਂ ਟਕਰਾਅ ਨਹੀਂ ਵਧਾਉਣਾ ਚਾਹੁੰਦੇ ਪਰ ਜੇਕਰ ਦੂਜੀ ਧਿਰ ਇਵੇਂ ਕਰਦੀ ਹੈ ਤਾਂ ਢੁਕਵੀਂ ਕਾਰਵਾਈ ਕੀਤੀ ਜਾਵੇਗੀ। ਇਸ ਬਾਰੇ ਵਿੱਚ ਸਪਸ਼ਟ ਹਿਦਾਇਤਾਂ ਦੇ ਦਿੱਤੀਆਂ ਗਈਆਂ ਹਨ”।

ਲੱਦਾਖ ਵਿੱਚ ਇੰਡੀਆ ਅਤੇ ਚੀਨ ਦੀਆਂ ਫੌਜਾਂ ਮਈ ਮਹੀਨੇ ਤੋਂ ਆਹਮੋ ਸਾਹਮਣੇ ਹਨ। ਇਸ ਦੌਰਾਨ ਤਿੰਨ ਵਾਰ ਟਕਰਾਅ ਵੀ ਹੋ ਚੁੱਕਾ ਹੈ ਤੇ ਹਾਲੀਆ ਟਕਰਾਅ ਜੋ ਕਿ 15 ਅਤੇ 16 ਜੂਨ ਦੀ ਦਰਮਿਆਨੀ ਰਾਤ ਨੂੰ ਹੋਇਆ ਸੀ, ਵਿੱਚ ਇੰਡੀਆ ਦੇ 20 ਫੌਜੀ ਮਾਰੇ ਗਏ। ਇਸ ਝਗੜੇ ਵਿੱਚ ਚੀਨ ਦੇ ਵੀ ਫੌਜੀ ਮਰਨ ਦੀਆਂ ਖਬਰਾਂ ਹਨ ਪਰ ਉਨ੍ਹਾਂ ਦੀ ਗਿਣਤੀ ਬਾਰੇ ਚੀਨ ਦੀ ਸਰਕਾਰ ਜਾਂ ਖਬਰਖਾਨੇ ਨੇ ਕੋਈ ਪੁਸ਼ਟੀ ਨਹੀਂ ਕੀਤੀ।

https://www.sikhsiyasat.info/2020/06/talkshow-with-ajaypal-singh-on-galwan-ladakh-clash/

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: