ਕੁਰਾਲੀ (6 ਮਈ, 2015): ਸਿੱਖ ਕੌਮ ਨੂੰ ਬਾਹਰਲੇ ਮੁਲਕਾਂ ਵਿੱਚ ਦਸਤਾਰ ਅਤੇ ਸਿੱਖ ਕੱਕਾਰਾਂ ਲਈ ਜੱਦੋ ਜਹਿਦ ਕਰਨੀ ਪਵੇ ਤਾਂ ਇਹ ਗੱਲ ਸਮਝ ਆਉਦੀਂ ਹੈ ਕਿ ਉਨ੍ਹਾਂ ਦੇਸ਼ਾਂ ਦੇ ਲੋਕ ਸਿੱਖ ਧਰਮ ਦੀ ਪਛਾਣ ਸਬੰਧੀ ਪੂਰਨ ਤੌਰ ‘ਤੇ ਜਾਗਰੂਕ ਨਹੀਂ, ਪਰ ਜਦ ਇਹੋ ਸਮੱਸਿਆਂ ਸਿੱਖ ਧਰਮ ਦੀ ਜੰਮਣ ਭੋੰਇ ਪੰਜਾਬ ਦੀ ਧਰਤੀ, ਜਿੱਥੇ ਸਿੱਖ ਕੌਮ ਮੌਲੀ ਵਿਗਸੀ ਅਤੇ ਇਸਨੇ ਆਪਣੇ ਖੁਨ ਨਾਲ ਪੰਜਾਬ ਦੀ ਧਰਤੀ ਦੇ ਜਰੇ ਜਰੇ ਨੂੰ ਸਿੰਜ਼ਿਆ ਹੋਏ, ਉੱਥੇ ਵੀ ਸਿੱਖਾਂ ਨੂੰ ਦਸਤਾਰ ਅਤੇ ਕੱਕਾਰਾਂ ਧਾਰਨ ਕਰਨ ਲਈ ਰੋਕਿਆ ਜਾਵੇ ਤਾਂ ਇਹ ਜੱਗੋਂ ਤੇਰਵੀਂ ਤੋਂ ਵੀ ਪਰੇ ਦੀ ਗੱਲ ਹੋਵੇਗੀ।
ਫਰ ਅਹਿਜਾ ਵਾਪਰਿਆ ਹੈ ਪੰਜਾਬ ਦੀ ਧਰਤੀ ਅਤੇ ਤਖਤ ਸ਼੍ਰੀਕੇਸਗੜ੍ਹ ਆਨੰਦਪੁਰ ਦੀ ਧਰਤੀ ਨੇੜਲੇ ਕਸਬੇ ਕੁਰਾਲੀ ਦੇ ਇੱਕ ਸਕੂਲ ਵਿੱਚ। ਜਿੱਥੇ ਸਕੂਲ ਪ੍ਰਬੰਧਕਾਂ ਨੇ ਜਿੱਥੇ ਵਿਦਿਆਰਥੀਆਂ ਨੂੰ ਦਸਤਾਰ ਬੰਨਣ ਕਰਕੇ ਕਈ ਦਿਨ ਧੁੱਪੇ ਖੜੇ ਕਰਕੇ ਸਜ਼ਾ ਦਿੱਤੀ ਅਤੇ ਇੱਕ ਸਿੱਖ ਬੱਚੇ ਦਾ ਕੜਾ ਉਤਾਰ ਲਿਆ ਗਿਆ।
ਸਿੱਖ ਵਿਦਿਆਰਥੀਆਂ ਨੂੰ ਪੱਗਾਂ ਬੰਨ੍ਹ ਕੇ ਸਕੂਲ ਆਉਣ ਕਾਰਨ ਸਜ਼ਾ ਦੇਣ ਅਤੇ ਕੜਾ ਪਹਿਨਣ ਤੋਂ ਰੋਕਣ ਦੀ ਕਾਰਵਾਈ ਦਾ ਵਿਦਿਆਰਥੀਆਂ ਦੇ ਮਾਪਿਆਂ ਨੇ ਜ਼ੋਰਦਾਰ ਵਿਰੋਧ ਕੀਤਾ ਹੈ।
ਇਸ ਸਬੰਧੀ ਸਕੂਲ ਵਿੱਚ ਗਏ ਮਾਪਿਆਂ ਅਤੇ ਪਤਵੰਤਿਆਂ ਨੂੰ ਮਿਲਣ ਦਾ ਸਮਾਂ ਨਾ ਦੇਣ ਅਤੇ ਸਮੱਸਿਆ ਨਾ ਸੁਣਨ ਕਾਰਨ ਰੋਹ ਵਿੱਚ ਆਏ ਮਾਪਿਆਂ ਨੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ| ਮੌਕੇ ’ਤੇ ਪੁੱਜੀ ਪੁਲੀਸ ਨੇ ਮਸਲੇ ਨੂੰ ਸ਼ਾਂਤ ਕੀਤਾ ਅਤੇ ਹੋਰ ਵਧਣ ਤੋਂ ਰੋਕਿਆ|
ਮੋਰਿੰਡਾ ਰੋਡ ੳੁਤੇ ਸਥਿੱਤ ਨੈਸ਼ਨਲ ਪਬਲਿਕ ਸਕੂਲ ਵਿੱਚ ਅੱਜ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਸਕੂਲ ਵਿੱਚ ਪੜ੍ਹਦੇ ਸਿੱਖ ਵਿਦਿਆਰਥੀਆਂ ਨੂੰ ਸਿਰ ੳੋੁਤੇ ਦਸਤਾਰ ਸਜਾਉਣ ਕਾਰਨ ਸਕੂਲ ਦੇ ਸਰੀਰਕ ਸਿੱਖਿਆ ਅਧਿਆਪਕ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਵਿਦਿਆਰਥੀਆਂ ਨੂੰ ਧੁੱਪ ਵਿੱਚ ਖੜ੍ਹੇ ਕਰਕੇ ਸਜ਼ਾ ਦਿੱਤੀ ਜਾ ਰਹੀ ਸੀ| ਇਸ ਮਸਲੇ ਨੂੰ ਲੈ ਕੇ ਹੀ ਸਕੂਲ ਪੁੱਜੇ ਵਿਦਿਆਰਥੀਆਂ ਦੇ ਮਾਪਿਆਂ ਜਸਵੀਰ ਸਿੰਘ, ਮਨਜੀਤ ਕੌਰ, ਬਲਜੀਤ ਕੌਰ, ਸਾਧੂ ਸਿੰਘ, ਰਘਵੀਰ ਸਿੰਘ, ਮਨਮੋਹਨ ਕੌਰ ਅਤੇ ਹੋਰਨਾਂ ਨੇ ਦੱਸਿਆ ਕਿ ਸਕੂਲ ਵਿੱਚ ਪੜ੍ਹਦੇ ਉਨ੍ਹਾਂ ਦੇ ਬੱਚਿਆਂ ਨੂੰ ਦਸਤਾਰ ਸਜਾਉਣ ਤੋਂ ਰੋਕਿਆ ਜਾ ਰਿਹਾ ਹੈ|
ੳੋੁਨ੍ਹਾਂ ਕਿਹਾ ਕਿ ਪਿਛਲੇ ਕਰੀਬ ਦਸ ਦਿਨਾਂ ਤੋਂ ਇਹ ਮਸਲਾ ਚੱਲਦਾ ਆ ਰਿਹਾ ਹੈ। ਮਾਪਿਆਂ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਇੱਕ ਹਫ਼ਤਾ ਪਹਿਲਾਂ ਸਕੂਲ ਨੂੰ ਈ ਮੇਲ ਕਰਕੇ ਇਸ ਦਾ ਵਿਰੋਧ ਵੀ ਕੀਤਾ ਸੀ ਪਰ ਸਕੂਲ ਵਲੋਂ ਈ ਮੇਲ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਅਤੇ ਨਾ ਹੀ ਬੱਚਿਆਂ ਨੂੰ ਕੋਈ ਰਾਹਤ ਦਿੱਤੀ ਗਈ ਸੀ|
ਇਸੇ ਦੌਰਾਨ ਰਘਵੀਰ ਸਿੰਘ ਨੇ ਦੱਸਿਆ ਕਿ ਉਸ ਦੇ ਤੀਜੀ ਜਮਾਤ ਵਿੱਚ ਪੜ੍ਹਦੇ ਪੋਤੇ ਨੂੰ ਕੜਾ ਪਾਉਣ ਤੋਂ ਰੋਕਿਆ ਜਾ ਰਿਹਾ ਹੈ| ਉਸ ਨੇ ਕਿਹਾ ਕਿ ਉੋਹ ਦਸ ਦਿਨਾਂ ਤੋਂ ਇਸ ਮਸਲੇ ਸਬੰਧੀ ਸਕੂਲ ਆ ਰਿਹਾ ਹੈ ਪਰ ਨਾ ਤਾ ਕੜਾ ਵਾਪਸ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਉਸਨੂੰ ਇਸ ਸਬੰਧੀ ਕਾਰਨ ਦੱਸਿਆ ਜਾ ਰਿਹਾ ਹੈ|
ਮਨਜੀਤ ਕੌਰ ਤੇ ਹੋਰਨਾਂ ਨੇ ਦੱਸਿਆ ਕਿ ਇਸ ਮਸਲੇ ਨੂੰ ਲੈ ਕੇ ੳੋੁਹ ਅੱਜ ਸਵੇਰੇ ਸਕੂਲ ਦੀ ਪ੍ਰਿੰਸੀਪਲ ਨੂੰ ਮਿਲਣ ਲਈ ਪੁੱਜ ਗਏ| ਪਰ ਕਰੀਬ ਡੇਢ ਘੰਟੇ ਤੱਕ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਮਿਲਣ ਦਾ ਸਮਾਂ ਹੀ ਨਹੀਂ ਦਿੱਤਾ| ਇਸ ਕਾਰਨ ਰੋਹ ਵਿੱਚ ਆਏ ਮਾਪਿਆਂ ਨੇ ਇਹ ਮਾਮਲਾ ਤੁਰੰਤ ਐਸ ਜੀ ਪੀ ਸੀ ਮੈਂਬਰ ਚਰਨਜੀਤ ਸਿੰਘ ਕਾਲੇਵਾਲ, ਕੁਰਾਲੀ ਦੇ ਕੌਂਸਲਰਾਂ ਰਾਜਦੀਪ ਸਿੰਘ, ਦਵਿੰਦਰ ਸਿੰਘ ਠਾਕੁਰ, ਗੁਰਚਰਨ ਸਿੰਘ ਰਾਣਾ ਤੇ ਹੋਰਨਾਂ ਦੇ ਧਿਆਨ ਵਿੱਚ ਲਿਆਂਦਾ|
ਉਕਤ ਆਗੂ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਮੌਕੇ ਉਤੇ ਪੁੱਜ ਗਏ| ਸਕੂਲ ਪ੍ਰਬੰਧਕਾਂ ਨੇ ਇਨ੍ਹਾਂ ਆਗੂਆਂ ਨੂੰ ਵੀ ਪ੍ਰਿੰਸੀਪਲ ਦੇ ਦਫ਼ਤਰ ਤੱਕ ਨਾ ਜਾਣ ਦਿੱਤਾ ਅਤੇ ਬਾਹਰ ਹੀ ਰੋਕ ਲਿਆ| ਇਸੇ ਦੌਰਾਨ ਮਾਪਿਆਂ ਅਤੇ ਪਤਵੰਤਿਆਂ ਨੇ ਸਕੂਲ ਦੇ ਮੁੱਖ ਗੇਟ ਉਤੇ ਰੋਸ ਪ੍ਰਗਟ ਕੀਤਾ ਅਤੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ|
ਸਥਾਨਕ ਥਾਣਾ ਸਿਟੀ ਦੇ ਏ ਐਸ ਆਈ ਤਲਵਿੰਦਰ ਸਿੰਘ ਅਤੇ ਥਾਣਾ ਸਦਰ ਦੇ ਏ ਐਸ ਆਈ ਨਰਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀਆਂ ਮੌਕੇ ਉਤੇ ਪੁੱਜ ਗਈਆਂ | ਹੱਦ ਤਾਂ ਉਸ ਸਮੇਂ ਹੋ ਗਈ ਜਦੋਂ ਗੇਟਕੀਪਰ ਨੇ ਪੁਲੀਸ ਨੂੰ ਵੀ ਅੰਦਰ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ | ਪਰ ਪੁਲੀਸ ਦੀ ਸਖ਼ਤੀ ਤੋਂ ਬਾਅਦ ਉਨ੍ਹਾਂ ਨੂੰ ਅੰਦਰ ਜਾਣ ਦਿੱਤਾ ਗਿਆ|
ਮਸਲਾ ਗੰਭੀਰ ਹੁੁੰਦਾ ਦੇਖ ਕੇ ਪੁਲੀਸ ਵਲੋਂ ਦਿੱਤੇ ਦਖ਼ਲ ਤੋਂ ਬਾਅਦ ਪ੍ਰਿੰਸੀਪਲ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਪਤਵੰਤਿਆਂ ਦੀ ਹਾਜ਼ਰੀ ਵਿੱਚ ਮਿਲਣ ਦਾ ਸਮਾਂ ਦਿੱਤਾ| ਮਾਪਿਆਂ ਨਾਲ ਮੀਟਿੰਗ ਦੌਰਾਨ ਸਕੂਲ ਦੀ ਪ੍ਰਿੰਸੀਪਲ ਨੇ ਭਵਿੱਖ ਵਿੱਚ ਦਸਤਾਰ ਬੰਨ੍ਹਣ ਤੋਂ ਨਾ ਰੋਕਣ ਦਾ ਭਰੋਸਾ ਦਿੱਤਾ| ਐਸ ਜੀ ਪੀ ਸੀ ਮੈਂਬਰ ਚਰਨਜੀਤ ਸਿੰਘ ਕਾਲੇਵਾਲ ਨੇ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਕੂਲ ਵੱਲੋਂ ਸਿੱਖ ਕਕਾਰਾਂ ਦੀ ਬੇਅਦਬੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ| ਉਨ੍ਹਾਂ ਇਹ ਮਾਮਲਾ ਸ਼੍ਰੋਮਣੀ ਕਮੇਟੀ ਦੇ ਧਿਆਨ ਵਿੱਚ ਲਿਆਉਣ ਦਾ ਭਰੋਸਾ ਦਿੰਦਿਆਂ ਦਿੱਤਾ।
ਪੱਗ ਬੰਨ੍ਹਣ ਦੀ ਮਨਾਹੀ ਨਹੀਂ ਹੈ: ਪ੍ਰਿੰਸੀਪਲ
ਪ੍ਰਿੰਸੀਪਲ ਦਵਿੰਦਰ ਮਾਹਲ ਨੇ ਕਿਹਾ ਕਿ ਸਕੂਲ ਵਲੋਂ ਪੱਗ ਬੰਨ੍ਹਣ ਦੀ ਕੋਈ ਮਨਾਹੀ ਨਹੀਂ| ਉਨ੍ਹਾਂ ਕਿਹਾ ਕਿ ਸ਼ਨਿਚਰਵਾਰ ਤੇ ਬੁੱਧਵਾਰ ਨੂੰ ਸਕੂਲ ਵਿੱਚ ਖੇਡ ਗਤੀਵਿਧੀਆਂ ਦਾ ਦਿਨ ਹੁੰਦਾ ਹੈ| ਖੇਡ ਗਤੀਵਿਧੀਆਂ ਕਾਰਨ ਪੱਗ ਬੰਨ੍ਹਣ ਤੋਂ ਜ਼ਰੂਰ ਰੋਕਿਆ ਗਿਆ ਹੈ| ਉਨ੍ਹਾਂ ਕਿਹਾ ਕਿ ਪੱਗ ਬੰਨ੍ਹ ਕੇ ਖੇਡ ਗਤੀਵਿਧੀਆਂ ਸੰਭਵ ਨਹੀਂ|