ਸਿੱਖ ਖਬਰਾਂ

ਕੋਟਕਪੂਰਾ ਪੁਲਿਸ ਨੇ ਭਾਈ ਪੰਥਪ੍ਰੀਤ ਸਿੰਘ, ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਅਤੇ 15 ਆਗੂਆਂ ਸਮੇਤ 500 ਸਿੱਖਾਂ ‘ਤੇ ਇਰਾਦਾ ਕਤਲ ਦਾ ਪਰਚਾ ਦਰਜ਼ ਕੀਤਾ

By ਸਿੱਖ ਸਿਆਸਤ ਬਿਊਰੋ

October 16, 2015

ਕੋਟਕਪੂਰਾ(15 ਅਕਤੂਬਰ, 2015): ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਖਿਲਾਫ ਸ਼ਾਂਤਮਈ ਧਰਨਾ ਦੇ ਰਹੇ ਸਿੱਖ ਕੌਮ ਦੇ ਮੋਢੀ ਪ੍ਰਚਾਰਕਾਂ ਅਤੇ ਸਿੱਖ ਜੱਥੇਬੰਦੀਆਂ ਦੇ ਆਗੂਆਂ ‘ਤੇ ਪੁਲਿਸ ਨੇ ਧਾਰਾ 307 ਅਧੀਨ ਕਾਤਲਾਨਾ ਹਮਲੇ ਦਾ ਪ੍ਰਚਾ ਦਰਜ਼ ਕਰ ਦਿੱਤਾ ਹੈ।

ਪੁਲਿਸ ਨੇ ਸਿੱਖ ਸੰਗਤਾਂ ‘ਤੇ ਨੂੰ ਪੁਲਿਸ ‘ਤੇ ਕਾਤਲਾਨਾ ਹਮਲਾ ਕਰਨ ਦਾ ਦੋਸ਼ ਲਾਉਦਿਆਂ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਾ, ਭਾਈ ਪੰਥਪ੍ਰੀਤ ਸਿੰਘ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਹਰਜਿੰਦਰ ਸਿੰਘ ਮਾਂਝੀ, ਭਾਈ ਸਰਬਜੀਤ ਸਿੰਘ ਧੁੰਦਾ, ਗਿਆਨੀ ਕੇਵਲ ਸਿੰਘ, ਭਾਈ ਸਤਨਾਮ ਸਿੰਘ ਚੰਦੜ, ਭਾਈ ਦਲੇਰ ਸਿੰਘ ਖੇੜੀ, ਭਾਈ ਇੰਦਰਜੀਤ ਸਿੰਘ, ਭਾਈ ਸੁਰਜੀਤ ਸਿੰਘ ਖੋਸਾ, ਭਾਈ ਹਰਜੀਤ ਸਿੰਘ ਢਪਾਲੀ, ਭਾਈ ਸੁਖਵਿੰਦਰ ਸਿੰਘ ਮੌਜੂਖੇੜਾ, ਭਾਈ ਗੁਰਸੇਵਕ ਸਿੰਘ ਰਾਮਗੜ੍ਹ, ਭਾਈ ਗੁਰਪ੍ਰੀਤ ਸਿੰਘ ਢੱਡਰੀਆਂ, ਭਾਈ ਅਵਤਾਰ ਸਿੰਘ ਸਾਧਾਂਵਾਲੀ ਆਦਿ15 ਸਿੱਖ ਆਗੂਆਂ ਸਮੇਤ ਕਰੀਬ 500 ਵਿਅਕਤੀਆਂ ‘ਤੇ ਆਈ.ਪੀ.ਸੀ. ਦੀ ਧਾਰਾ 307, 435, 353, 332, 333, 283/186, 148, 149 ਅਸਲ੍ਹਾ ਐਕਟ ਤੇ ਜਨਤਕ ਜਾਇਦਾਦ ਨੁਕਸਾਨ ਰੋਕੂ-1984 ਤਹਿਤ ਪਰਚੇ ਦਰਜ ਕੀਤੇ ਹਨ।

ਪੁਲਿਸ ਵੱਲੋਂ ਦਰਜ ਮੁਕੱਦਮੇ ‘ਚ ਕਿਹਾ ਗਿਆ ਹੈ ਕਿ ਧਰਨੇ ‘ਤੇ ਬੈਠੇ ਸਿੱਖ ਆਗੂਆਂ ਨੂੰ ਧਰਨਾ ਹਟਾਉਣ ਲਈ ਅਨਾਊਂਸਮੈਂਟ ਕੀਤੀ ਸੀ ਪਰ ਸਿੱਖ ਆਗੂਆਂ ਨੇ ਧਰਨਾ ਚੁੱਕਣ ਦੀ ਥਾਂ ਪੁਲਿਸ ‘ਤੇ ਕਾਤਲਾਨਾ ਹਮਲਾ ਕਰ ਦਿੱਤਾ। ਇਸੇ ਤਰ੍ਹਾਂ ਬਾਜਾਖਾਨਾ ਥਾਣੇ ‘ਚ ਦਰਜ ਹੋਏ ਮੁਕੱਦਮੇ ‘ਚ ਕਿਹਾ ਗਿਆ ਹੈ ਕਿ 5-6 ਸੌ ਸਿੱਖਾਂ ਨੇ ਮੋਗਾ ਜ਼ਿਲ੍ਹੇ ਦੇ ਐਸ.ਐਸ.ਪੀ. ਦੀ ਗੱਡੀ ਘੇਰ ਕੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਨੇ ਆਤਮ ਰੱਖਿਆ ਲਈ ਹਵਾਈ ਫਾਇਰ ਕੀਤੇ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਭੀੜ ਨੇ ਤੇਲ ਪਾ ਕੇ ਪੁਲਿਸ ਵਾਹਨਾਂ ਨੂੰ ਅੱਗ ਲਾ ਦਿੱਤੀ ਅਤੇ ਸਰਕਾਰੀ ਡਰਾਇਵਰਾਂ ਨੂੰ ਮੁਸ਼ਕਿਲ ਨਾਲ ਬਚਾਇਆ ਗਿਆ।

ਪੁਲਿਸ ਵੱਲੋਂ ਦਰਜ ਪਰਚਿਆਂ ‘ਚ ਦੋ ਦਰਜਨ ਪੁਲਿਸ ਮੁਲਾਜ਼ਮਾਂ ਦੇ ਨਾਂਅ ਨਸ਼ਰ ਕੀਤੇ ਗਏ ਹਨ ਜੋ ਝੜਪ ਦੌਰਾਨ ਜ਼ਖ਼ਮੀ ਹੋਏ ਹਨ। ਪੁਲਿਸ ਨੇ ਇਨ੍ਹਾਂ ਜ਼ਖ਼ਮੀਆਂ ਨੂੰ ਸਰਕਾਰੀ ਗਵਾਹਾਂ ਵਜੋਂ ਪੇਸ਼ ਕੀਤਾ ਹੈ। ਪੁਲਿਸ ਰਿਪੋਰਟ ਅਨੁਸਾਰ ਸੱਤ ਸਰਕਾਰੀ ਵਾਹਨਾਂ ਨੂੰ ਪ੍ਰਦਰਸ਼ਨਕਾਰੀਆਂ ਨੇ ਪੂਰੀ ਤਰ੍ਹਾਂ ਤੋੜ-ਭੰਨ੍ਹ ਦਿੱਤਾ, ਹਾਲਾਂਕਿ ਪੁਲਿਸ ਗੋਲੀ ਨਾਲ ਮਾਰੇ ਗਏ ਗੁਰਜੀਤ ਸਿੰਘ ਉਰਫ਼ ਬਿੱਟੂ ਤੇ ਕ੍ਰਿਸ਼ਨ ਭਗਵਾਨ ਦੇ ਮਾਮਲੇ ‘ਚ ਪੁਲਿਸ ਨੇ ਕਿਸੇ ਖ਼ਿਲਾਫ਼ ਪਰਚਾ ਦਰਜ ਨਹੀਂ ਕੀਤਾ।

ਹਿਰਾਸਤ ‘ਚ ਲਏ ਬਹੁਤੇ ਸਿੱਖ ਆਗੂ ਫਰੀਦਕੋਟ ਪੁਲਿਸ ਨੇ ਇੱਥੇ ਗੁਪਤ ਟਿਕਾਣੇ ‘ਤੇ ਰੱਖੇ ਹੋਏ ਹਨ, ਜਿਨ੍ਹਾਂ ਦੀ ਕਿਸੇ ਵੀ ਸਮੇਂ ਗ੍ਰਿਫ਼ਤਾਰੀ ਸੰਭਵ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: