ਚੰਡੀਗੜ੍ਹ (16 ਅਕਤੂਬਰ, 2015): ਜਿਲਾ ਫਰੀਦਕੋਟ ਦੇ ਪਿੰਡ ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੀ ਸਿੱਖ ਸੰਗਤ ‘ਤੇ ਵੱਖ-ਵੱਖ ਥਾਂਈ ਪੰਜਾਬ ਪੁਲਿਸ ਵੱਲੋਂ ਪਰਚੇ ਦਰਜ਼ ਕੀਤੇ ਗਏ ਪਰਚਿਆਂ ਨੂੰ ਪੰਜਾਬ ਸਰਕਾਰ ਨੇ ਵਾਪਸ ਲੈਣ ਦੇ ਪੁਲਿਸ ਨੂੰ ਹੁਕਮ ਦਿੱਤੇ ਹਨ।
ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇਹੁਕਮ ਜਾਰੀ ਕਰਦਿਆਂ ਕਿਹਾ ਕਿ ਰੋਸ ਪ੍ਰਦਰਸ਼ਨ ਕਰ ਰਹੇ ਸਿੱਖਾਂ ‘ਤੇ ਸਾਰੇ ਮਾਮਲੇ ਵਾਪਸ ਲਏ ਜਾਣ।
ਜ਼ਿਕਰਯੋਗ ਹੈ ਕਿ ਕੋਟਕਪੂਰਾ ਪੁਲਿਸ ਨੇ ਮਿਤੀ 14/10/2015 ਨੂੰ ਪਰਚਾ ਨੰਬਰ 192 ਦਰਜ਼ ਕਰਕੇ ਉੱਘੇ ਸਿੱਖ ਪ੍ਰਚਾਰਕਾਂ ਅਤੇ ਮੋਢੀ ਸਿੱਖ ਆਗੂਆਂ ਖਿਲਾਫ ਅਧੀ ਧਾਰਾ 307 (ਇਰਾਦਾ ਕਤਲ ) ਦਾ ਦੋਸ਼ ਲਾਇਆ ਹੈ।
ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਾ, ਭਾਈ ਪੰਥਪ੍ਰੀਤ ਸਿੰਘ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਹਰਜਿੰਦਰ ਸਿੰਘ ਮਾਂਝੀ, ਭਾਈ ਸਰਬਜੀਤ ਸਿੰਘ ਧੁੰਦਾ, ਗਿਆਨੀ ਕੇਵਲ ਸਿੰਘ, ਭਾਈ ਸਤਨਾਮ ਸਿੰਘ ਚੰਦੜ, ਭਾਈ ਦਲੇਰ ਸਿੰਘ ਖੇੜੀ, ਭਾਈ ਇੰਦਰਜੀਤ ਸਿੰਘ, ਭਾਈ ਸੁਰਜੀਤ ਸਿੰਘ ਖੋਸਾ, ਭਾਈ ਹਰਜੀਤ ਸਿੰਘ ਢਪਾਲੀ, ਭਾਈ ਸੁਖਵਿੰਦਰ ਸਿੰਘ ਮੌਜੂਖੇੜਾ, ਭਾਈ ਗੁਰਸੇਵਕ ਸਿੰਘ ਰਾਮਗੜ੍ਹ, ਭਾਈ ਗੁਰਪ੍ਰੀਤ ਸਿੰਘ ਢੱਡਰੀਆਂ, ਭਾਈ ਅਵਤਾਰ ਸਿੰਘ ਸਾਧਾਂਵਾਲੀ ਆਦਿ 15 ਸਿੱਖ ਆਗੂਆਂ ਸਮੇਤ ਕਰੀਬ 500 ਵਿਅਕਤੀਆਂ ‘ਤੇ ਆਈ.ਪੀ.ਸੀ. ਦੀ ਧਾਰਾ 307, 435, 353, 332, 333, 283/186, 148, 149 ਅਸਲ੍ਹਾ ਐਕਟ ਤੇ ਜਨਤਕ ਜਾਇਦਾਦ ਨੁਕਸਾਨ ਰੋਕੂ-1984 ਤਹਿਤ ਪਰਚੇ ਦਰਜ ਕੀਤੇ ਹਨ।
ਇਸਤੋਂ ਇਲਾਵਾ ਹੋਰ ਵੀ ਥਾਵਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਪਿਛਲੇ ਇਕ ਹਫਤੇ ਤੋਂ ਪ੍ਰਦਰਸ਼ਨ ਕਰ ਰਹੇ ਸਿੱਖ ਪ੍ਰਦਸ਼ਨਕਾਰੀਆਂ ਖਿਲਾਫ ਪੁਲਿਸ ਨੇ ਮਾਮਲੇ ਦਰਜ਼ ਕੀਤੇ ਹਨ।