ਚੰਡੀਗੜ੍ਹ/ਫਰੀਦਕੋਟ: ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਕੋਟਕਪੂਰਾ ਵਿਖੇ ਸ਼ਾਂਤਮਈ ਧਰਨਾ ਦੇ ਰਹੀਆਂ ਸਿੱਖ ਸੰਗਤਾਂ ਖਿਲਾਫ ਕੀਤੀ ਗਈ ਪੁਲਿਸ ਕਾਰਵਾਈ ਸਬੰਧੀ ਪੌਣੇ ਤਿੰਨ ਸਾਲਾਂ ਬਾਅਦ ਫਰੀਦਕੋਟ ਪੁਲੀਸ ਨੇ ਕੋਟਕਪੂਰਾ (ਸ਼ਹਿਰੀ) ਥਾਣੇ ’ਚ ਅਣਪਛਾਤਿਆਂ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਹੈ। ਜਿੱਥੇ ਪੌਣੇ ਤਿੰਨ ਸਾਲਾਂ ਬਾਅਦ ਦਰਜ ਹੋਏ ਇਸ ਮਾਮਲੇ ਵਿਚ ਵੀ ਦੋਸ਼ੀ ਪੁਲਿਸ ਅਫਸਰ ਅਣਪਛਾਤੇ ਰੱਖੇ ਗਏ ਹਨ ਉੱਥੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ‘ਚ ਵੀ ਅਣਪਛਾਤੇ ਰੱਖੇ ਗਏ ਦੋਸ਼ੀ ਪੁਲੀਸ ਅਫ਼ਸਰਾਂ ਨੂੰ ਨਾਮਜ਼ਦ ਕੀਤੇ ਜਾਣ ਦਾ ਮਾਮਲਾ ਟਾਲ ਦਿੱਤਾ ਗਿਆ ਹੈ।
ਜੱਜ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਦੀਆਂ ਸਿਫਾਰਿਸ਼ਾਂ ਤੋਂ ਬਾਅਦ ਪੰਜਾਬ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ‘ਚ ਬੀਤੇ ਕਲ੍ਹ ਦੁਪਹਿਰ ਮਗਰੋਂ ਇਰਾਦਾ ਕਤਲ ਦਾ ਪੁਲੀਸ ਕੇਸ ਦਰਜ ਕਰਨ ਦੇ ਹੁਕਮ ਜਾਰੀ ਕੀਤੇ। ਅਖਬਾਰੀ ਖ਼ਬਰਾਂ ਮੁਤਾਬਿਕ ਕੋਟਕਪੂਰਾ ਥਾਣੇ ਦੇ ਮੁੱਖ ਥਾਣਾ ਅਫ਼ਸਰ ਨੇ ਪੀੜਤਾਂ ਨੂੰ ਬਿਆਨ ਦੇਣ ਲਈ ਬੁਲਾਇਆ। ਗੋਲੀ ਕਾਂਡ ਵਿੱਚ ਜ਼ਖ਼ਮੀ ਹੋਏ ਅਜੀਤ ਸਿੰਘ ਦੇ ਬਿਆਨਾਂ ’ਤੇ ਧਾਰਾ 307 ਤਹਿਤ ਅਣਪਛਾਤਿਆਂ ’ਤੇ ਕੇਸ ਦਰਜ ਕੀਤਾ ਗਿਆ ਹੈ।
ਅਜੀਤ ਸਿੰਘ ਜ਼ਿਲ੍ਹਾ ਬਰਨਾਲਾ ਦਾ ਬਾਸ਼ਿੰਦਾ ਹੈ ਜਿਸ ਦੀ ਲੱਤ ਵਿੱਚ ਇਸ ਘਟਨਾ ਦੌਰਾਨ ਗੋਲੀ ਲੱਗੀ ਸੀ। ਜ਼ਖ਼ਮੀ ਹੋਣ ਕਰ ਕੇ ਉਸ ਦਾ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਵਿੱਚ ਇਲਾਜ ਚੱਲਿਆ ਸੀ।
ਵੇਰਵਿਆਂ ਮੁਤਾਬਕ ਪੁਲੀਸ ਮੁਖੀ ਨੇ ਅੱਜ ਐੱਸ.ਐੱਸ.ਪੀ ਫ਼ਰੀਦਕੋਟ ਨੂੰ ਚੰਡੀਗੜ੍ਹ ਬੁਲਾਇਆ ਸੀ। ਪੰਜਾਬੀ ਟ੍ਰਿਬਿਊਨ ਅਖਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਛਾਪਿਆ ਹੈ ਕਿ ਬਹਿਬਲ ਗੋਲੀ ਕਾਂਡ ਦੇ ਸਬੰਧ ਵਿਚ ਬਾਜਾਖਾਨਾ ਥਾਣੇ ਵਿਚ ਦਰਜ ਐਫ.ਆਈ.ਆਰ ਨੰਬਰ 130 ਵਿੱਚ ਪੁਲੀਸ ਅਫ਼ਸਰਾਂ ਨੂੰ ਨਾਮਜ਼ਦ ਕੀਤੇ ਜਾਣ ਦਾ ਮਾਮਲਾ ਟਾਲ ਦਿੱਤਾ ਗਿਆ ਹੈ ਜਿਸ ‘ਤੇ ਪੂਰੇ ਸਿੱਖ ਜਗਤ ਦੀ ਨਜ਼ਰ ਲੱਗੀ ਹੋਈ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਵਿਚ ਪੁਲੀਸ ਅਫਸਰਾਂ ਦੇ ਨਾਮ ਵੀ ਜ਼ਾਹਰ ਕਰ ਚੁੱਕੇ ਸਨ।
ਇਸੇ ਦੌਰਾਨ ਬਰਗਾੜੀ ਇਨਸਾਫ਼ ਮੋਰਚਾ ਦੇ ਪ੍ਰਬੰਧਕੀ ਮੈਂਬਰ ਅਤੇ ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਭਾਈ ਗੁਰਦੀਪ ਸਿੰਘ ਬਠਿੰਡਾ ਦਾ ਕਹਿਣਾ ਸੀ ਕਿ ਕੋਟਕਪੂਰਾ ਗੋਲੀ ਕਾਂਡ ਵਿਚ ਅਣਪਛਾਤਿਆਂ ਖ਼ਿਲਾਫ਼ ਦਰਜ ਕੇਸ ਮਨਜ਼ੂਰ ਨਹੀਂ ਹੈ ਕਿਉਂਕਿ ਗੋਲੀ ਕਾਂਡ ਦੀ ਬਣੀ ਵੀਡੀਓ ਵਿੱਚ ਗੋਲੀ ਚਲਾਉਣ ਵਾਲੇ ਅਫ਼ਸਰ ਤੇ ਮੁਲਾਜ਼ਮ ਸਾਫ਼ ਨਜ਼ਰ ਆ ਰਹੇ ਹਨ ਜਿਸ ਕਰ ਕੇ ਕੋਟਕਪੂਰਾ ਥਾਣੇ ਵਿਚ ਮੁਲਜ਼ਮਾਂ ਖ਼ਿਲਾਫ਼ ਐਫ.ਆਈ.ਆਰ ਦਰਜ ਕੀਤੀ ਜਾਵੇ। ਦੋਸ਼ੀਆਂ ਦੀ ਗ੍ਰਿਫ਼ਤਾਰੀ ਤੱਕ ਉਨ੍ਹਾਂ ਦਾ ਮੋਰਚਾ ਜਾਰੀ ਰਹੇਗਾ।