ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਇਆ ਸਿੱਖ ਨੌਜਵਾਨ

ਸਿੱਖ ਖਬਰਾਂ

ਹੁਣ ਕੋਟਕਪੂਰਾ ਵਿਖੇ ਪੁਲਿਸ ਵਲੋਂ ਸਿਖਾਂ ਉੱਤੇ ਗੋਲੀ ਚਲਾਈ; ਸਿੱਖ ਆਗੂ ਗ੍ਰਿਫਤਾਰ; ਕਈ ਜਖਮੀ

By ਸਿੱਖ ਸਿਆਸਤ ਬਿਊਰੋ

October 14, 2015

ਕੋਟਕਪੂਰਾ: ਪਿੰਡ ਬੁੱਟਰ ਵਿਖੇ ਹੋਏ ਕੱਲ ਦੇ ਲਾਠੀਚਾਰਜ ਤੋਂ ਬਾਅਦ ਅੱਜ ਸਵੇਰੇ ਅੰਮ੍ਰਿਤ ਵੇਲੇ ਕੋਟਕਪੂਰੇ ਵਿਖੇ ਵੀ ਸ਼ਾਂਤਮਈ ਧਰਨਾ ਦੇ ਰਹੀਆਂ ਸਿੱਖ ਸੰਗਤਾਂ ਉੱਤੇ ਪੰਜਾਬ ਪੁਲਿਸ ਦਾ ਕਹਿਰ ਟੁੱਟਿਆ।

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸਿੱਖ ਸੰਗਤਾਂ ਪਿਛਲੇ ਦੋ ਦਿਨਾਂ ਤੋਂ ਸ਼ਾਂਤਮਈ ਧਰਨੇ ’ਤੇ ਬੈਠੀਆਂ ਸਨ।ਅੱਜ ਸਵੇਰੇ 3 ਵਜੇ ਦੇ ਕਰੀਬ ਪੁਲਿਸ ਨੇ ਧਰਨੇ ਤੇ ਮੌਜੂਦ ਸਿੱਖ ਆਗੂਆਂ ਨੂੰ ਧਰਨਾ ਖਤਮ ਕਰਨ ਲਈ ਕਿਹਾ।ਸਿੱਖ ਆਗੂਆਂ ਵੱਲੋਂ ਮਨਾ ਕਰਨ ’ਤੇ ਪੁਲਿਸ ਵੱਲੋਂ ਸਿੱਖ ਆਗੂਆਂ ਨੂੰ ਗ੍ਰਿਫਤਾਰੀਆਂ ਦੇਣ ਲਈ ਕਿਹਾ ਜਿਸ ਉੱਤੇ ਸੰਗਤਾਂ ਨਾਲ ਵਿਚਾਰ ਕਰਕੇ ਇਹ ਫੈਸਲਾ ਲਿਆ ਗਿਆ ਕਿ ਸਿੱਖ ਆਗੂ ਸਮੂਹ ਹਾਜ਼ਰ ਸੰਗਤਾਂ ਸਮੇਤ ਸ਼ਾਂਤਮਈ ਗ੍ਰਿਫਤਾਰੀ ਦੇਣਗੇ। ਜਿਸ ਤੋਂ ਬਾਅਦ ਪੁਲਿਸ ਨੇ ਬੱਸਾਂ ਮੰਗਵਾਂ ਲਈਆਂ ਅਤੇ ਸਿੱਖ ਸੰਗਤਾਂ ਨੇ ਬਿਨ੍ਹਾਂ ਕਿਸੇ ਵਿਰੋਧ ਤੋਂ ਗ੍ਰਿਫਤਾਰੀਆਂ ਦੇ ਦਿੱਤੀਆਂ।

ਫਿਰ ਸਥਿਤੀ ਉਦੋਂ ਤਣਾਅਪੂਰਣ ਬਣ ਗਈ ਜਦੋਂ ਧਰਨੇ ਵਾਲੀ ਜਗ੍ਹਾ ਤੇ ਸਿੱਖ ਸੰਗਤਾਂ ਨੂੰ ਪਤਾ ਲੱਗਾ ਕਿ ਪੁਲਿਸ ਗ੍ਰਿਫਤਾਰ ਕਰਕੇ ਸਿੱਖਾਂ ਨੂੰ ਜੇਲ ਲੈ ਕੇ ਜਾਣ ਦੀ ਬਜਾਏ ਧਰਨੇ ਵਾਲੀ ਜਗ੍ਹਾ ਤੋਂ ਦੂਰ ਲਿਜਾ ਕੇ ਛੱਡੀ ਜਾ ਰਹੀ ਹੈ।ਜਿਸ ਤੋਂ ਬਾਅਦ ਧਰਨੇ ਤੇ ਮੌਜੂਦ ਆਗੂਆਂ ਅਤੇ ਸਿੱਖ ਸੰਗਤਾਂ ਨੇ ਗ੍ਰਿਫਤਾਰੀ ਦੇਣ ਤੋਂ ਮਨ੍ਹਾ ਕਰ ਦਿੱਤਾ।

ਪੁਲਿਸ ਵੱਲੋਂ ਧਰਨੇ ਮੌਜੂਦ ਬਾਬਾ ਰਣਜੀਤ ਸਿੰਘ ਢੰਡਰੀਆਂ ਵਾਲਿਆਂ, ਭਾਈ ਪੰਥਪ੍ਰੀਤ ਸਿੰਘ ਅਤੇ ਭਾਈ ਹਰਜਿੰਦਰ ਸਿੰਘ ਮਾਝੀ ਸਮੇਤ ਕਈ ਸਿੱਖ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਸ ਤੋਂ ਬਾਅਦ ਪੁਲਿਸ ਨੇ ਧਰਨੇ ਤੇ ਮੌਜੂਦ ਸਿੱਖ ਸੰਗਤਾਂ ਨੂੰ ਖਿੰਡਾਉਣ ਲਈ ਭਾਰੀ ਲਾਠੀਚਾਰਜ ਸ਼ੁਰੂ ਕਰ ਦਿੱਤਾ।ਪੁਲਿਸ ਵੱਲੋਂ ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈਸ ਦੇ ਗੋਲਿਆਂ ਦੀ ਵੀ ਵਰਤੋਂ ਕੀਤੀ ਗਈ।

ਪੁਲਿਸ ਦੀ ਇਸ ਕਾਰਵਾਈ ਤੋਂ ਰੋਹ ਵਿੱਚ ਆਈਆਂ ਸਿੱਖ ਸੰਗਤਾਂ ਵੱਲੋਂ ਪੁਲਿਸ ਤੇ ਪਥਰਾਅ ਕੀਤਾ ਗਿਆ। ਇਸ ਦੌਰਾਨ ਪੁਲਿਸ ਦੇ ਵਾਹਨਾਂ ਦੀ ਭੰਨ ਤੋੜ ਦੀਆਂ ਖਬਰਾਂ ਵੀ ਮਿਲੀਆਂ ਹਨ।

ਇਸ ਝੜਪ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਅਤੇ ਪੁਲਿਸ ਮੁਲਾਜਮਾਂ ਦੇ ਜਖਮੀ ਹੋਣ ਦੀ ਖਬਰ ਆ ਰਹੀ ਹੈ। ਜਖਮੀਆਂ ਨੂੰ ਮੈਡੀਕਲ ਕਾਲੇਜ, ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਹੈ।

ਕੋਟਕਪੂਰਾ ਸ਼ਹਿਰ ਨੂੰ ਪੁਲਿਸ ਵੱਲੋਂ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਸਕੂਲਾਂ ਕਾਲਜਾਂ ਵਿੱਚ ਛੁੱਟੀ ਕਰ ਦਿੱਤੀ ਗਈ ਹੈ।

ਖਬਰ ਲਿਖੇ ਜਾਣ ਤੱਕ ਸਥਿਤੀ ਪੂਰੀ ਤਣਾਅਪੂਰਣ ਬਣੀ ਹੋਈ ਸੀ।ਸਿੱਖ ਸੰਗਤਾਂ ਵਿੱਚ ਇਸ ਗੱਲ ਦਾ ਬੜਾ ਰੋਸ ਪਾਇਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਅਤੇ ਪੁਲਿਸ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਪਰ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਲਈ ਸ਼ਾਂਤਮਈ ਧਰਨਾ ਦੇ ਰਹੀ ਸਿੱਖ ਸੰਗਤ ਉੱਤੇ ਜੁਲਮ ਕਰ ਰਹੀ ਹੈ।

ਇਸ ਘਟਨਾ ਦੇ ਮੱਦੇਨਜ਼ਰ ਪੁਲਿਸ ਵਲੋਂ ਹੋਰਨਾਂ ਸਿੱਖਾਂ ਆਗੂਆਂ ਦੀ ਫੜੋ-ਫੜੀ ਸ਼ੁਰੂ ਕਰ ਦੇਣ ਦੀਆਂ ਖਬਰਾਂ ਵੀ ਮਿਲ ਰਹੀਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: