ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਮੱਕੜ ਵਲੋਂ ਦਿੱਤੇ ਬਿਆਨ ਕਿ ਡੇਰਾ ਸਿਰਸਾ ਮੁਖੀ ਨੂੰ ਤਖਤਾਂ ਦੇ ਜਥੇਦਾਰਾਂ ਪਾਸੋਂ ਮਾਫ਼ੀ ਦੇਣ ਦੀ ਸਾਰੀ ਵਿਉਤਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੀ ਨੂੰ ਮਰਿਆਦਾ ਦਾ ਘਾਣ ਕਰਾਰ ਦਿੰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਤੇ ਸਾਬਕਾ ਜਨਰਲ ਸਕੱਤਰ ਬੀਬੀ ਕਿਰਨਜੋਤ ਕੌਰ ਨੇ ਮੰਗ ਕੀਤੀ ਹੈ ਕਿ ਸੁੁਖਬੀਰ ਬਾਦਲ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਕੇ ਪੰਥਕ ਮਰਿਆਦਾ ਦੇ ਕੀਤੇ ਘਾਣ ਦੀ ਜਿੰਮੇਵਾਰੀ ਕਬੂਲਣ।
ਕਮੇਟੀ ਦੇ ਸਾਬਕਾ ਪਰਧਾਨ ਅਵਤਾਰ ਸਿੰਘ ਮੱਕੜ ਦੀ ਇੱਕ ਅੰਗਰੇਜੀ ਅਖਬਾਰ ਵਿੱਚ ਛਪੀ ਇੰਟਰਵਿਊ ਦਾ ਹਵਾਲਾ ਦਿੰਦਿਆਂ ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਅਣਗਿਣਤ ਸਿੱਖ ਸ਼ਹਾਦਤਾਂ ਉਪਰੰਤ ਹੋਂਦ ਵਿੱਚ ਆਇਆ ਤੇ ਇਸਦਾ ਇਤਿਹਾਸ ਮਾਣ ਮੱਤਾ ਹੈ। ਪਰ ਸ੍ਰ:ਮੱਕੜ ਵਲੋਂ ਦਿੱਤੀ ਗਈ ਜਾਣਕਾਰੀ ਕਿ ਡੇਰਾ ਸਿਰਸਾ ਮੁਖੀ ਨੂੰ ਤਖਤਾਂ ਦੇ ਜਥੇਦਾਰਾਂ ਪਾਸੋਂ ਮੁਆਫੀ ਦੀ ਜਿੰਮੇਵਾਰੀ, ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਿਭਾਈ ਹੈ ਤਾਂ ਇਹ ਕੌਮੀ ਵਿਸ਼ਵਾਸ਼ ਦਾ ਘਾਣ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਆਮ ਘਟਨਾ ਨਹੀ ਬਲਕਿ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਢਾਹ ਲਾਣਾ ਹੈ।
ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੁੰ ਤੁਰੰਤ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਕੇ ਲਾਂਭੇ ਹੋ ਜਾਣਾ ਚਾਹੀਦਾ ਹੈ ਤੇ ਮਰਿਆਦਾ ਦੇ ਕੀਤੇ ਘਾਣ ਲਈ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੁਣ ਕਿਸੇ ਹੋਰ ਨੂੰ ਦਲ ਦੀ ਜਿੰਮੇਵਾਰੀ ਸੰਭਾਲਣ ਦਾ ਮੌਕਾ ਦਿੱਤਾ ਜਾਵੇ ।