ਪੰਜਾਬ ਦੀ ਰਾਜਨੀਤੀ

“ਆਪ” ਵਿੱਚ ਸ਼ਾਮਿਲ ਹੋਣ ਵੇਲੇ ਖਹਿਰਾ ਨੇਂ ਕਿਹਾ; ਭ੍ਰਿਸ਼ਟ ਲੋਕਾਂ ਨੂੰ ਚੁਣਿਆ ਗਿਆ ਪੰਜਾਬ ਕਾਂਗਰਸ ਦਾ ਪ੍ਰਧਾਨ

By ਸਿੱਖ ਸਿਆਸਤ ਬਿਊਰੋ

December 25, 2015

ਚੰਡੀਗੜ੍ਹ: ਪੰਜਾਬ ਵਿੱਚ ਲੋਕ ਮਸਲਿਆਂ ਤੇ ਸਰਕਾਰ ਖਿਲਾਫ ਬੇਬਾਕ ਬੋਲਣ ਵਾਲੇ ਸਾਬਕਾ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਅੱਜ ਚੰਡੀਗੜ੍ਹ ਵਿਖੇ ਰਸਮੀ ਤੌਰ ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ।ਇਸ ਮੌਕੇ ਉਨ੍ਹਾਂ ਕਾਂਗਰਸ ਦੀ ਲੀਡਰਸ਼ਿਪ ਤੇ ਸਖਤ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬੇਹੱਦ ਅਫਸੋਸ ਹੈ ਕਿ ਰਾਹੁਲ ਗਾਂਧੀ ਵੱਲੋਂ ਪੰਜਾਬ ਕਾਂਗਰਸ ਦੀ ਨੁਮਾਂਇੰਦਗੀ ਇੱਕ ਵਾਰ ਫੇਰ ਭ੍ਰਿਸ਼ਟ ਲੋਕਾਂ ਨੂੰ ਦੇ ਦਿੱਤੀ ਗਈ ਹੈ।

ਪੰਜਾਬ ਕਾਂਗਰਸ ਦੇ ਨਵੇਂ ਬਣਾਏ ਗਏ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਨਿੱਜੀ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਉੱਤੇ ਭ੍ਰਿਸ਼ਟਾਚਾਰ ਦੇ ਕਈ ਕੇਸ ਚਲ ਰਹੇ ਹਨ।ਉਨ੍ਹਾਂ ਕਿਹਾ ਕਿ ਕੈਪਟਨ ਇੱਕ ਨਾਕਾਮਯਾਬ ਆਗੂ ਸਾਬਿਤ ਹੋਏ ਹਨ।ਖਹਿਰਾ ਨੇਂ ਕਿਹਾ ਕਿ ਪਿਛਲੇ ਦਿਨੀਂ ਆਈਆਂ ਰਿਪੋਰਟਾਂ ਨਾਲ ਸਭ ਨੂੰ ਪਤਾ ਲੱਗ ਗਿਆ ਹੈ ਕਿ ਕੈਪਟਨ ਦੀ ਪਤਨੀ ਪ੍ਰਨੀਤ ਕੌਰ ਅਤੇ ਪੁੱਤਰ ਰਣਇੰਦਰ ਸਿੰਘ ਵੱਲੋਂ ਸਵਿਸ ਬੈਂਕ ਵਿੱਚ ਖਾਤੇ ਖੁਲਵਾ ਕੇ ਕਾਲਾ ਧਨ ਜਮਾ ਕੀਤਾ ਗਿਆ ਹੈ।ਰਾਹੁਲ ਗਾਂਧੀ ਨੂੰ ਨਾ-ਕਾਬਿਲ ਦੱਸਦਿਆਂ ਉਨ੍ਹਾਂ ਕਿਹਾ ਕਿ ਉਸ ਵਿੱਚ ਸਮਰੱਥਾ ਨਹੀਂ ਕਿ ਉਹ ਕੋਈ ਵੀਚਾਰਧਾਰਕ ਰਾਜਨੀਤੀ ਕਰ ਸਕੇ।

ਖਹਿਰਾ ਨੇਂ ਅੱਜ ਆਪ ਵਿੱਚ ਸ਼ਾਮਿਲ ਹੁੰਦਿਆਂ ਹੀ ਇਹ ਅਰੋਪ ਲਗਾ ਦਿੱਤਾ ਕਿ ਕਾਂਗਰਸ ਅਤੇ ਅਕਾਲੀ ਆਗੂ ਆਪਸ ਵਿੱਚ ਰਲੇ ਹੋਏ ਹਨ ਤੇ ਇਹ ਆਪਣੇ ਰਾਜਨੀਤਿਕ ਹਿੱਤਾਂ ਲਈ ਪਾਰਟੀ ਵਰਕਰਾਂ ਨੂੰ ਆਪਸ ਵਿੱਚ ਲੜਾਉਂਦੇ ਹਨ। ਉਨ੍ਹਾਂ ਕਿਹਾ ਕਿ ਬਾਦਲ ਅਤੇ ਕੈਪਟਨ ਦੋ ਰਜਵਾੜੇ ਪਰਿਵਾਰ ਹਨ ਜੋ ਚਾਹੁੰਦੇ ਹਨ ਕਿ ਪੰਜਾਬ ਦੀ ਸੱਤਾ ਤੇ ਸਾਡੇ ਪਰਿਵਾਰ ਹੀ ਕਾਬਿਜ ਰਹਿਣ।ਖਹਿਰਾ ਨੇਂ ਕਿਹਾ ਕਿ ਇਹ ਰਾਜਨੀਤਿਕ ਆਗੂ ਨਹੀਂ ਵਪਾਰੀ ਹਨ ਜੋ ਚੋਣਾਂ ਵਿੱਚ ਆਪਣਾ ਪੈਸਾ ਲਾਉਂਦੇ ਹਨ ਤੇ ਬਾਅਦ ਵਿੱਚ ਉਸ ਨੂੰ 10 ਗੁਣਾ ਕਰਦੇ ਹਨ।

ਖਹਿਰਾ ਨੇਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਉਹ ਕਾਂਗਰਸ ਪਾਰਟੀ ਵਿੱਚ ਘੁਟਣ ਮਹਿਸੂਸ ਕਰ ਰਹੇ ਸਨ ਤੇ ਆਖਿਰਕਾਰ ਉਨ੍ਹਾਂ ਨੇ ਬੜਾ ਸੋਚ ਵਿਚਾਰ ਕੇ ਇਹ ਅਹਿਮ ਫੈਂਸਲਾ ਲਿਆ।ਉਨ੍ਹਾਂ ਕਿਹਾ ਕਿ ਉਹ ਕੇਜਰੀਵਾਲ ਦੀ ਰਾਜਨੀਤੀ ਨੂੰ ਸ਼ੁਰੂ ਤੋਂ ਹੀ ਪਸੰਦ ਕਰਦੇ ਹਨ ਕਿਉਂਕਿ ਇਹ ਇਮਾਨਦਾਰ ਰਾਜਨੀਤੀ ਕਰਦੇ ਹਨ ਜਿੱਥੇ ਭ੍ਰਿਸ਼ਟਾਚਾਰ ਨੂੰ ਕੋਈ ਜਗ੍ਹਾਂ ਨਹੀਂ।

ਖਹਿਰਾ ਨੇਂ ਕਿਹਾ ਕਿ ਉਹ ਬਿਨ੍ਹਾਂ ਕਿਸੇ ਸ਼ਰਤ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ।ਉਨ੍ਹਾਂ ਕਿਹਾ ਕਿ ਉਹ ਇੱਕ ਭ੍ਰਿਸ਼ਟ ਪਾਰਟੀ ਦਾ ਲੀਡਰ ਬਣਨ ਨਾਲੌਂ ਇੱਕ ਇਮਾਨਦਾਰ ਪਾਰਟੀ ਦਾ ਵਲੰਟੀਅਰ ਬਣਨਾ ਜਿਆਦਾ ਪਸੰਦ ਕਰਦੇ ਹਨ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ, ਸੁੱਚਾ ਸਿੰਘ ਛੋਟੇਪੁਰ, ਭਗਵੰਤ ਮਾਨ, ਹਿੰਮਤ ਸਿੰਘ ਸ਼ੇਰਗਿੱਲ, ਆਰ.ਆਰ ਭਾਰਦਵਾਜ ਅਤੇ ਹਰਜੋਤ ਸਿੰਘ ਬੈਂਸ ਵੀ ਹਾਜਿਰ ਸਨ। ਸੰਜੇ ਸਿੰਘ ਨੇਂ ਕਿਹਾ ਕਿ ਉਹ ਖਹਿਰਾ ਦਾ ਆਮ ਆਦਮੀ ਪਾਰਟੀ ਵਿੱਚ ਆਉਣ ਤੇ ਸਵਾਗਤ ਕਰਦੇ ਹਨ।ਸੰਜੇ ਸਿੰਘ ਨੇਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਦਿੱਲੀ ਵਾਲਾ ਇਤਿਹਾਸ ਦੁਹਰਾਵੇਗੀ।

ਭਗਵੰਤ ਮਾਨ ਨੇਂ ਕਿਹਾ ਕਿ “ਆਪ” ਸੰਘਰਸ਼ ਵਿੱਚੋਂ ਨਿੱਕਲੇ ਹੋਏ ਲੋਕਾਂ ਦੀ ਪਾਰਟੀ ਹੈ ਅਤੇ ਇਸ ਵਿੱਚ ਇਮਾਨਦਾਰ ਲੋਕਾਂ ਦਾ ਸਵਾਗਤ ਹੋਵੇਗਾ।ਮਾਨ ਨੇਂ ਕਿਹਾ ਕਿ ਖਹਿਰਾ ਇੱਕ ਬੇਬਾਕ ਆਗੂ ਹਨ ਜੋ ਕਿ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਖਿਲਾਫ ਲਗਾਤਾਰ ਬੋਲਦੇ ਆਏ ਹਨ, ਤੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਸਾਡਾ ਹਿੱਸਾ ਬਣੇ ਹਨ।

“ਆਪ” ਪਾਰਟੀ ਦੇ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇਂ ਕਿਹਾ ਕਿ ਉਹ ਕਾਫੀ ਦੇਰ ਤੋਂ ਚਾਹੁਂੰਦੇ ਸੀ ਕਿ ਖਹਿਰਾ “ਆਪ” ਪਾਰਟੀ ਦਾ ਹਿੱਸਾ ਬਣੇ ਤੇ ਅੱਜ ਉਨ੍ਹਾਂ ਨੂੰ ਬਹੁਤ ਖੁਸੀ ਹੈ।ਉਨ੍ਹਾਂ ਕਿਹਾ ਕਿ ਖਹਿਰਾ ਦੇ ਆਉਣ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ।

ਪੱਤਰਕਾਰਾਂ ਵੱਲੋਂ ਕੀਤੇ ਗਏ ਸਵਾਲ ਕਿ “ਕੀ ਆਪ ਪਾਰਟੀ ਦੀ ਮੁੱਖ ਮੰਤਰੀ ਦੇ ਚਿਹਰੇ ਦੀ ਤਲਾਸ਼ ਖਤਮ ਹੋ ਗਈ ਹੈ” ਦੇ ਜਵਾਬ ਵਿੱਚ ਸੰਜੇ ਸਿੰਘ ਨੇਂ ਕਿਹਾ ਕਿ ਖਹਿਰਾ ਬਿਨ੍ਹਾਂ ਕਿਸੇ ਸ਼ਰਤ ਤੋਂ ਪਾਰਟੀ ਦਾ ਹਿੱਸਾ ਬਣੇ ਹਨ ਅਤੇ ਇਸ ਗੱਲ ਦਾ ਫੈਂਸਲਾ ਪਾਰਟੀ ਦੀ ਸਹਿਮਤੀ ਨਾਲ ਹੋਵੇਗਾ ਕਿ ਕੌਣ ਮੁੱਖ ਮੰਤਰੀ ਦਾ ਉਮੀਦਵਾਰ ਬਣੇਗਾ।ਖਹਿਰਾ ਨੇਂ ਇਸ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਹ ਖੁਦ ਨੂੰ ਅਜਿਹੇ ਅਹੁਦੇ ਦੇ ਲਾਇਕ ਨਹੀਂ ਸਮਝਦੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: