ਵਿਦੇਸ਼

ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਖਾਲਸਾਈ ਜਲੌਅ 27 ਅਪ੍ਰੈਲ ਨੂੰ

By ਸਿੱਖ ਸਿਆਸਤ ਬਿਊਰੋ

April 17, 2019

ਨਿਊਯਾਰਕ, ਅਮਰੀਕਾ: ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 32ਵਾਂ ਖਾਲਸਾਈ ਜਲੌਅ (ਸਿੱਖ ਡੇਅ ਪਰੇਡ), ਜੋ ਕਿ ਅਪਰੈਲ ਮਹੀਨੇ ਦੇ ਆਖਰੀ ਸ਼ਨਿੱਚਰਵਾਰ ਨੂੰ ਕੱਢਿਆ ਜਾਂਦਾ ਹੈ, ਇਸ ਵਾਰ 27 ਅਪਰੈਲ ਨੂੰ ਸਜਾਇਆ ਜਾ ਰਿਹਾ ਹੈ।

ਇਸ ਜਲੌਅ ਦੇ ਪ੍ਰਬੰਧਕਾਂ ਨੇ ਸਿੱਖ ਸਿਆਸਤ ਨੂੰ ਜਾਣਕਾਰੀ ਦਿੱਤੀ ਹੈ ਕਿ ਇਸ ਜਲੌਅ ਲਈ ਮੁੱਢਲੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਬਾਬਾਤ ਦੀ ਆਖਰੀ ਇਕੱਤਰਤਾ 21 ਅਪਰੈਲ ਨੂੰ ਬਾਅਦ ਦੁਪਹਿਰ 3 ਵਜੇ ਰੱਖੀ ਗਈ ਹੈ ਤੇ ਪ੍ਰਬੰਧਕਾਂ ਨੇ ਸਮੂਹ ਪ੍ਰਬੰਧਕ ਕਮੇਟੀਆਂ, ਪੰਥਕ ਸਭਾਵਾਂ ਤੇ ਸੰਗਤਾਂ ਨੂੰ ਇਸ ਇਕੱਤਰਤਾ ਵਿਚ ਪਹੁੰਚਣ ਲਈ ਸੱਦਾ ਦਿੱਤਾ ਹੈ ਤਾਂ ਕਿ ਇਸ ਜਲੌਅ ਦੀ ਕਾਮਯਾਬੀ ਨੂੰ ਯਕੀਨੀ ਬਣਾਇਆ ਜਾ ਸਕੇ।

ਮਿਲੇ ਵੇਰਵਿਆਂ ਮੁਤਾਬਕ ਇਸ ਵਾਰ ਪ੍ਰਬੰਧਕਾਂ ਵਲੋਂ ਲੰਗਰ ਉੱਪਰ ਖਾਸ ਤਵੱਜੋ ਦਿੱਤੀ ਜਾ ਰਹੀ ਹੈ ਕਿਉਂਕਿ ਪਿਛਲੇ ਜਲੌਆਂ ਵਿੱਚ ਲੰਗਰ ਦੀਆਂ ਬੇਅਨੁਯਾਈਆਂ ਨੂੰ ਦੇਖਦਿਆਂ ਨਿਊਯਾਰਕ ਸ਼ਹਿਰ ਦੇ ਪ੍ਰਸ਼ਾਸਨ ਵਲੋਂ ਸਖਤ ਰਵੱਈਆ ਅਪਨਾਇਆ ਜਾ ਰਿਹਾ ਸੀ। ਪ੍ਰਬੰਧਕਾਂ ਨੇ ਕਿਹਾ ਹੈ ਕਿ “ਜਿਹਨਾਂ ਵੀਰਾਂ-ਭੈਣਾਂ ਨੇ ਜਲੌਅ ਵਿੱਚ ਲੰਗਰ ਲੈ ਕੇ ਆਉਣਾ ਹੋਵੇ, ਉਹ ਸਮੇਂ ਦੇ ਨਾਲ ਆਪਣੇ ਗੁਰੂ ਘਰਾਂ ਨਾਲ ਸੰਪਰਕ ਕਰਨ ਅਤੇ ਕੋਈ ਵੀ ਬਿਨਾਂ ਮਨਜ਼ੂਰੀ ਦੇ ਲੰਗਰ ਨਹੀਂ ਲੈ ਕੇ ਆ ਸਕਦਾ”।

ਉਨ੍ਹਾਂ ਕਿਹਾ ਕਿ ਲੰਗਰ ਲਿਆਉਣ ਵਾਲੇ ਹਰ ਜਥੇ ਕੋਲ ਲੋੜੀਂਦੀ ਮਨਜ਼ੂਰੀ (ਫੂਡ ਪਰੋਟੈਕਸ਼ਨ ਲਾਇਸੈਂਸ) ਦਾ ਹੋਣਾ ਜ਼ਰੂਰੀ ਹੈ ਤੇ ਇਸ ਮਨਜ਼ੂਰੀ ਤੋਂ ਬਿਨਾਂ ਲੰਗਰ ਨਹੀਂ ਲਾਇਆ ਜਾ ਸਕੇਗਾ।

ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਕਿ ਪਾਰਕ ਐਵੀਨਿਊ 26 ਸਟਰੀਟ ਤੇ ਪਰਖ ਤੋਂ ਬਾਅਦ ਹੀ ਲੰਗਰ ਲਾਇਆ ਜਾ ਸਕਦਾ ਹੈ। ਉਨ੍ਹਾਂ ਸਿੱਖ ਸੰਗਤਾਂ ਨੂੰ ਇਸ ਬਾਰੇ ਖਾਸ ਧਿਆਨ ਦੇਣ ਲਈ ਪੁਰਜ਼ੋਰ ਬੇਨਤੀ ਕੀਤੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: