ਅੰਮ੍ਰਿਤਸਰ: ਅੱਜ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਕਿਹਾ ਹੈ ਕਿ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿਘ ਬਾਦਲ ਨੂੰ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਤੇ ਝੂਠੇ ਮੁਕਾਬਲਿਆਂ ਰਾਹੀਂ ਹੋਈ ਕੁਲ ਨਾਸ਼ ਉਪਰ ਪਰਦਾਪੋਸ਼ੀ ਕਰਨ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਨ ਅਤੇ ਸਿੱਖੀ ਵਿੱਚੋਂ ਖਾਰਜ ਕਰਨ। ਜਥੇਬੰਦੀਆਂ ਨੇ ਕਿਹਾ ਹੈ ਕਿ ਲੋਂਗੋਵਾਲ ਵੱਲੋਂ 25 ਅਪ੍ਰੈਲ 1984 ਨੂੰ ਇੰਦਰਾ ਦੇ ਪ੍ਰਾਈਵੇਟ ਸਕੱਤਰ ਧਵਨ ਨੂੰ ਲਿਖੀ ਚਿੱਠੀ, ਕਾਂਗਰਸੀ ਆਗੂਆਂ ਨਾਲ ਕੀਤੀਆਂ ਗੁਪਤ ਮੀਟਿੰਗਾਂ ਨੇ ਸਾਬਤ ਕਰ ਦਿੱਤਾ ਹੈ ਕਿ ਸ੍ਰੀ ਪ੍ਰਕਾਸ਼ ਸਿੰਘ ਬਾਦਲ ਫੌਜੀ ਹਮਲੇ ਸਮੇਂ ਇੰਦਰਾਕਿਆਂ, ਭਾਜਪਾਕਿਆਂ, ਆਰ.ਐੱਸ.ਐੱਸ ਕਿਆਂ ਵੱਲੋਂ ਕੀਤੀ ਯੋਜਨਾਬੰਦੀ ਵਿੱਚ ਸ਼ਾਮਲ ਸੀ।
ਉਨ੍ਹਾਂ ਕਿਹਾ ਕਿ 2 ਜੂਨ 1984 ਨੂੰ ਰਮੇਸ਼ ਇੰਦਰ ਸਿੰਘ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਬਾਦਲਕਿਆਂ ਦੀ ਮਿਲੀ ਭੁਗਤ ਨਾਲ ਬੰਗਾਲ ਤੋਂ ਲਿਆ ਕੇ ਲਗਾਇਆ ਜਿਸਨੇ ਫੌਜ ਲਈ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਦਾਖਲ ਹੋਣ ਦਾ ਰਾਹ ਪੱਧਰਾ ਕੀਤਾ। ਬਾਅਦ ਵਿੱਚ ਬਾਦਲ ਸਰਕਾਰ ਬਣਨ ਤੇ ਰਮੇਸ਼ ਇੰਦਰ ਸਿੰਘ ਨੂੰ ਚੀਫ ਸਕੱਤਰ ਲਗਾਇਆ ਗਿਆ। ਦਿਲੀ, ਨਾਗਪੁਰ ਦੀ ਯੋਜਨਾਬੰਦੀ ਵਿੱਚ ਸ਼ਾਮਲ ਹੋਣ ਕਾਰਨ ਹੀ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰੋਂ ਤੇ ਬਾਹਰੋਂ ਸੁੰਦਰੀਕਰਨ ਦੇ ਨਾਮ ਹੇਠ ਫੌਜੀ ਹਮਲੇ ਦਾ ਖੁਰਾ ਖੋਜ ਮਿਟਾ ਦਿੱਤਾ। 15 ਸਾਲ ਬਾਦਲ ਮੁੱਖ ਮੰਤਰੀ ਰਹੇ ਅਤੇ ਕੇਂਦਰ ਵਿੱਚ ਲੰਬਾ ਸਮਾਂ ਰਾਜ ਭਾਗ ਦਾ ਅਨੰਦ ਮਾਣਿਆਂ ਪਰ ਫੌਜੀ ਹਮਲੇ ਦੀ ਕੋਈ ਪੜਤਾਲ ਨਾ ਕਰਾਈ ਤੇ ਨਾਂ ਹੀ ਸ਼ਹੀਦ ਹੋਣ ਵਾਲਿਆਂ ਦੀ ਕੋਈ ਲਿਸਟ ਜਾਰੀ ਕੀਤੀ। ਇਸੇ ਲੜੀ ਵਿੱਚ ਉਸ ਨੇ ਪੰਜਾਬ ਅੰਦਰ 25000 ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲਿਆਂ ਦੇ ਮੁੱਖ ਦੋਸ਼ੀ ਦੁਸ਼ਟ ਕੇ.ਪੀ.ਐੱਸ ਗਿੱਲ ਨਾਲ ਗੁਪਤ ਮੀਟਿੰਗਾਂ ਕਰਕੇ ਜਵਾਨੀ ਦਾ ਘਾਣ ਕਮਾਇਆ ਪਰ 15 ਸਾਲ ਮੁੱਖ ਮੰਤਰੀ ਰਹਿਣ ਕਰਕੇ ਗਿਲ ਖਿਲਾਫ ਇੱਕ ਵੀ ਐਫਆਰੀਆਰ ਦਰਜ ਨਾ ਕਰਾਈ ਸਗੋਂ ਲੋਕ ਕਮਿਸ਼ਨ ਬੰਦ ਕਰਾਇਆ।
ਉਨ੍ਹਾਂ ਕਿਹਾ ਕਿ ਸ੍ਰੀ ਬਾਦਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਨੂੰ ਅੱਜ ਵੀ 20ਵੀਂ ਸਦੀ ਦਾ ਮਹਾਨ ਸਿੱਖ ਨਹੀਂ ਮੰਨਦਾ। ਬਾਦਲ ਅਕਾਲ ਤਖ਼ਤ ਤੋਂ ਜਾਰੀ ਹੁਕਮਨਾਮੇ ਦੀ ਉਲੰਘਣਾਂ ਕਰਕੇ ਨਿਰੰਕਾਰੀ ਭਵਨ ਖੁਲਵਾਉਂਦਾ ਰਿਹਾ ਜਦੋਂ ਕਿ ਸੰਤ ਜਰਨੈਲ ਸਿੰਘ ਖਾਲਸਾ ਭਿਡਰਾਵਾਲੇ ਨਿਰੰਕਾਰੀ ਭਵਨ ਬੰਦ ਕਰਵਾਉਂਦੇ ਰਹੇ ਸਨ।
ਉਨ੍ਹਾਂ ਕਿਹਾ ਕਿ ਭਾਈ ਗੁਰਦੇਵ ਸਿੰਘ ਕਾਉਂਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਤਲਾਂ ਨੂੰ ਬਚਾਉਣ ਕਰਕੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਢਾਹੁਣ ਵਾਲਿਆਂ ਦਾ ਸਾਥ ਦੇਣ ਕਰਕੇ ਸ੍ਰੀ ਬਾਦਲ ਨੂੰ ਅਕਾਲ ਤਖ਼ਤ ਤੋਂ ਫਕਰੇ ਕੌਮ ਐਲਾਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਚਾਹੀਦਾ ਸੀ ਕਿ ਤਖ਼ਤਾਂ ਦੇ ਜਥੇਦਾਰ ਗੁਰੂ ਘਰ ਤੇ ਹਮਲਾ ਕਰਨ ਵਾਲਿਆਂ ਤੇ ਗੁਰੂ ਦੇ ਸਿੱਖਾਂ ਦੇ ਕਾਤਲਾਂ ਨੂੰ ਨੰਗਾ ਕਰਦੇ, ਪਰ ਉਹ ਵੀ ਗੁਰੂ ਘਰ ਦੇ ਦੋਖੀਆਂ ਤੇ ਗੱਦਾਰਾਂ ਦਾ ਸਾਥ ਦੇਣ ਵਾਲਿਆਂ ਵਿੱਚ ਸ਼ਾਮਲ ਹੋ ਗਏ।
ਉਨ੍ਹਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਬਾਦਲ ਨੂੰ ਅਕਾਲ ਤਖ਼ਤ ਤੇ ਤਲਬ ਕਰਕੇ ਸਿੱਖਾਂ ਦੀ ਕੁਲ ਨਾਸ਼ ਉੱਪਰ ਪਰਦਾ ਪਾਉਣ ਬਾਰੇ ਸਜਾ ਦਿੱਤੀ ਜਾਵੇ ਅਤੇ ਪੁੱਛਿਆ ਜਾਵੇ ਕਿ ਉਸ ਦੇ ਰਾਜ ਵਿੱਚ ਕਿਸਾਨ ਗਰੀਬ ਖੁਦਕਸ਼ੀਆਂ ਕਰਦਾ ਗਿਆ ਪਰ ਬਾਦਲ ਪਰਿਵਾਰ ਕਿਵੇਂ ਮਾਲਾ ਮਾਲ ਹੋ ਗਿਆ।
ਉਨ੍ਹਾਂ ਕਿਹਾ ਕਿ ਖਾਲਸਾ ਏਡ ਦੇ ਸੰਸਥਾਪਕ ਭਾਈ ਰਵੀ ਸਿੰਘ ਨੇ ਇੰਡੀਅਨ ਆਫ ਦੀ ਈਅਰ ਐਵਾਰਡ ਲੈਣ ਤੋਂ ਇਨਕਾਰ ਕਰਕੇ ਗੁਰਾਂ ਦੀ ਸੇਧ ਦੀ ਸੱਚੀ ਪਹਿਰੇਦਾਰੀ ਕੀਤੀ ਹੈ ਅਤੇ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ, ਝੂਠੇ ਮੁਕਾਬਲਿਆਂ ਤੇ ਨਵੰਬਰ 84 ਦੇ ਕਾਤਲਾਂ ਖਿਲਾਫ ਅਵਾਜ ਬੁਲੰਦ ਕਰਕੇ ਪਾਪੀਆਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਹੈ। ਉਨ੍ਹਾਂ ਕੈਪਟਨ ਸਰਕਾਰ ਵੱਲੋਂ ਵਿਦੇਸ਼ਾਂ ਵਿੱਚ ਵੱਸਦੇ ਨੌਜਵਾਨਾਂ, ਗੁਰਜੰਟ ਸਿੰਘ ਆਸਟਰੇਲੀਆ, ਤੇ ਜੱਗੀ ਜੋਹਲ ਵਰਗਿਆਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦਾ ਸਖ਼ਤ ਨੋਟਿਸ ਲਦਿਆਂ ਕਿਹਾ ਕਿ ਕਾਨੂੰਨ ਦੇ ਰਾਜ ਦੀ ਦੁਹਾਈ ਦੇਣ ਵਾਲਿਆਂ ਨੂੰ ਜੰਗਲ ਰਾਜ ਬੰਦ ਕਰਨਾ ਚਾਹੀਦਾ ਹੈ ਤਾਂ ਕਿ ਪੰਜਾਬ ਅੰਦਰ ਅਮਨ ਸ਼ਾਂਤੀ ਬਣੀ ਰਹੇ।