ਚੰਡੀਗੜ੍ਹ: ਸਿੱਖ ਸਿਆਸਤ ਦੀ ਅੰਗਰੇਜੀ ਮੀਡੀਅਮ ਦੀ ਵੈਬਸਾਈਟ ਪੰਜਾਬ ਤੇ ਭਾਰਤ ਵਿੱਚ ਬੰਦ ਕਰਕੇ ਮੰਨੂਵਾਦੀਏ ਤੇ 84 ਵਾਲੇ ਸਿੱਖੀ ਨਾਲ ਦੁਸ਼ਮਣੀ ਕੱਢ ਰਹੇ ਹਨ। ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਜਾਰੀ ਬਿਆਨ ਵਿੱਚ ਕੇ.ਐਮ.ਓ ਦੀ ਸਰਪ੍ਰਸਤ ਬੀਬੀ ਪਰਮਜੀਤ ਕੌਰ ਖਾਲੜਾ ਕਾਨੂੰਨੀ ਸਲਾਹਕਾਰ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਵਿਰਸਾ ਸਿੰਘ ਬਹਿਲਾ ਨੇ ਕਿਹਾ ਕਿ ਮੰਨੂਵਾਦੀ ਤੇ ਉਨ੍ਹਾਂ ਦੇ ਦਲਾਲ ਰਲਕੇ ਸਿੱਖੀ ਨਾਲ 5 ਸਦੀਆਂ ਪੁਰਾਣਾ ਵੈਰ ਕੱਢਣ ਲਈ ਪਹਿਲਾ ਸ਼੍ਰੀ ਦਰਬਾਰ ਸਾਹਿਬ ਉੱਪਰ ਗੈਰ ਕਾਨੂੰਨੀ ਗੈਰ ਸੰਵਿਧਾਨਕ ਤੌਰ ਤੇ ਫੌਜੀ ਹਮਲਾ ਬੋਲਦੇ ਹਨ, ਨਵੰਬਰ 84 ਦਾ ਕਤਲੇਆਮ ਕਰਦੇ ਹਨ, ਝੂਠੇ ਮੁਕਾਬਲੇ ਬਣਾਉਂਦੇ ਹਨ, ਪੰਜਾਬ ਨੂੰ ਨਸ਼ਿਆਂ ਤੇ ਖੁਦਕਸ਼ੀਆਂ ਵਿੱਚ ਬਰਬਾਦ ਕਰਦੇ ਹਨ ਅਤੇ ਫਿਰ ਆਪਣੇ ਪਾਪਾਂ ਤੇ ਪਰਦਾ ਪਾਉਂਦੇ ਹਨ।
ਇਸੇ ਲੜੀ ਵਿੱਚ ਜਦੋਂ ਸਿੱਖ ਸਿਆਸਤ ਪਾਪੀਆਂ ਨੂੰ ਬੇਨਕਾਬ ਕਰਦਾ ਹੈ ਤਾਂ ਉਸ ਦੀ ਵੈਬਸਾਈਟ ਤੇ ਗੈਰ ਕਾਨੂੰਨੀ ਤੌਰ ਤੇ ਪਾਬੰਦੀ ਲਗਦੀ ਹੈ। ਉਨ੍ਹਾਂ ਕਿਹਾ ਭਾਜਪਾਈਆਂ ਨੇ ਵੱਖ-ਵੱਖ ਸੂਬਿਆਂ ਵਿੱਚ ਲਾਕਡਾਉਨ ਸਮੇਂ ਦੌਰਾਨ ਹੀ 55 ਪੱਤਰਕਾਰਾਂ ਨੂੰ ਨਿਸ਼ਾਨਾਂ ਬਣਾਇਆ ਹੈ। ਹੁਣੇ ਹੁਣੇ ਔਰਤ ਪੱਤਰਕਾਰ ਸੁਪਰਿਯਾ ਸ਼ਰਮਾਂ ਉਪਰ ਯੂ.ਪੀ. ਸਰਕਾਰ ਨੇ ਪਰਚਾ ਦਰਜ ਕੀਤਾ ਹੈ ਕਿਉਂਕਿ ਉਸਨੇ ਪ੍ਰਧਾਨ ਮੰਤਰੀ ਵੱਲੋਂ ਅਪਣਾਏ ਗਏ ਵਾਰਾਨਾਸੀ ਹਲਕੇ ਦਾ ਸੱਚ ਸਾਹਮਣੇ ਲਿਆਂਦਾ ਸੀ ਕਿ ਕਿਵੇਂ ਉਥੇ ਲੋਕ ਭੁਖੇ ਮਰ ਰਹੇ ਹਨ।
ਕੇ.ਐਮ.ਓ ਨੇ ਜ਼ੋਰਦਾਰ ਸ਼ਬਦਾਂ ਵਿੱਚ ਕਿਹਾ ਕਿ ਸਿੱਖ ਸਿਆਸਤ ਦੀ ਵੈਬਸਾਈਟ ਉਪਰ ਲਾਈ ਗੈਰ ਕਾਨੂੰਨੀ ਪਾਬੰਦੀ ਨਾਂ ਹਟਾਈ ਤਾਂ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਤੇ ਉਸ ਦੇ ਦਲਾਲਾਂ ਨੂੰ ਸੱਚ ਤੋਂ ਡਰਨਾ ਨਹੀਂ ਚਾਹੀਦਾ ਸੱਚ ਦਾ ਸਾਹਮਣਾ ਕਰਨਾ ਚਾਹੀਦਾ ਹੈ।