ਅੰਮ੍ਰਿਤਸਰ: ਬੀਤੇ ਦਿਨੀਂ ਬਿਆਸ ਦਰਿਆ ਵਿਚ ਚੱਢਾ ਖੰਡ ਮਿਲ ਦਾ ਸੀਰਾ ਮਿਲਣ ਤੋਂ ਬਾਅਦ ਸਾਹਮਣੇ ਆਏ ਪਾਣੀ ਪ੍ਰਦੂਸ਼ਣ ਮਸਲੇ ਵਿਚ ਅੱਜ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਪੰਜਾਬ ਦੀ ਕਾਂਗਰਸ ਸਰਕਾਰ ਦੇ ਸਾਬਕਾ ਮੰਤਰੀ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਬੁੱਟਰ ਸੀਵੀਆਂ ਪਿੰਡ ਵਿਚ ਸਥਿਤ ਖੰਡ ਮਿਲ ਵਲੋਂ ਪਿੰਡ ਦੇ ਸੂਏ ਵਿਚ ਪਾਏ ਜਾ ਰਹੇ ਪ੍ਰਦੂਸ਼ਿਤ ਪਦਾਰਥਾਂ ਦੇ ਵਿਰੋਧ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਅਤੇ ਕੈਪਟਨ ਅਮਰਿੰਦਰ ਸਿੰਘ ਇਕ ਦੂਜੇ ਦੇ ਵਿਰੁੱਧ ਆ ਗਏ ਹਨ।
ਰਾਣਾ ਖੰਡ ਮਿਲ ਵਲੋਂ ਕੀਤੇ ਜਾ ਰਹੇ ਪ੍ਰਦੂਸ਼ਣ ਸਬੰਧੀ ਇਕ ਅਖਬਾਰ ਵਲੋਂ ਛਾਪੀ ਗਈ ਰਿਪੋਰਟ ਤੋਂ ਬਾਅਦ ਅੱਜ ਸੁਖਪਾਲ ਖਹਿਰਾ ਨੇ ਇਸ ਪ੍ਰਦੂਸ਼ਣ ਦਾ ਵਿਰੋਧ ਕਰਨ ਲਈ ਪਿੰਡ ਬੁੱਟਰ ਸੀਵੀਆਂ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਸੀ ਪਰ ਪੁਲਿਸ ਨੇ ਉਨ੍ਹਾਂ ਨੂੰ ਗਵਾਂਢੀ ਪਿੰਡ ਧਰਦਿਓ ਵਿਚ ਹੀ ਰੋਕ ਲਿਆ। ਇਸ ਦੌਰਾਨ ਕੁਝ ਲੋਕਾਂ ਵਲੋਂ ਖਹਿਰਾ ਦਾ ਵਿਰੋਧ ਕੀਤਾ ਗਿਆ ਜਿਸ ਸਬੰਧੀ ਖਹਿਰਾ ਨੇ ਕਿਹਾ ਕਿ ਇਹ ਲੋਕ ਰਾਣੇ ਦੇ ਗੁੰਡੇ ਹਨ। ਖਹਿਰਾ ਨੇ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ‘ਤੇ ਪੁਲਿਸ ਰਾਣਾ ਗੁਰਜੀਤ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਦੂਜੇ ਪਾਸੇ ਜਾਰੀ ਬਿਆਨ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਧੱਕੇ ਨਾਲ ਰਾਣਾ ਗੁਰਜੀਤ ਸਿੰਘ ਦੀ ਫੈਕਟਰੀ ਵਿਚ ਵੜਨ ਦੀ ਕੋਸ਼ਿਸ਼ ਕਰ ਰਹੇ ਸਨ ਤੇ ਖਹਿਰਾ ਨੂੰ ਕਾਨੂੰਨ ਹੱਥ ਵਿਚ ਲੇਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਖਹਿਰਾ ਨੂੰ ਧਮਕੀ ਦਿੰਦਿਆਂ ਕੈਪਟਨ ਨੇ ਕਿਹਾ ਕਿ ਜੇ ਉਹ ਕਾਨੂੰਨ ਹੱਥ ਵਿਚ ਲੈਂਦੇ ਹਨ ਤਾਂ ਉਨ੍ਹਾਂ ‘ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਇਸ ਦੌਰਾਨ ਖਹਿਰਾ ਨੇ ਮੋਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਰਾਣਾ ਖੰਡ ਮਿਲ ਵਲੋਂ ਪ੍ਰਦੂਸ਼ਿਤ ਕੀਤੇ ਜਾ ਰਹੇ ਸੂਏ ਦਾ ਪਾਣੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਮੰਤਰੀਆਂ ਨੂੰ ਪੀਣ ਲਈ ਪੇਸ਼ ਕਰਨਗੇ।