ਬਟਾਲਾ (28 ਫਰਵਰੀ, 2016): ਪੰਜਾਬ ਦੇ ਪੰਜ ਦਿਨਾਂ ਦੌਰੇ ਦੌਰਾਨ ਇੱਥੇ ਪੁੱਜੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜ਼ਰੀਵਾਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਵਾਂਗ ਪੰਜਾਬ ‘ਚ ਵੀ ਝਾੜੂ ਚਲਾ ਕੇ ਗੰਦਗੀ ਸਾਫ ਕਰਦਿਆਂ ‘ਆਪ’ ਦੀ ਸਰਕਾਰ ਬਣਾਓ ਤਾਂ ਜੋ ਹਰ ਤਰ੍ਹਾਂ ਦਾ ਮਾਫੀਆ ਰਾਜ ਖਤਮ ਕਰਕੇ ਮੁੜ ਖੁਸ਼ਹਾਲ ਪੰਜਾਬ ਦੀ ਸਿਰਜਣਾ ਕਰ ਸਕੀਏ ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ ਤੇ ਬਾਦਲਾਂ ਵੱਲੋਂ ਲੋਕਾਂ ‘ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਦੇ ਲੋਕਾਂ ਨਾਲ 70 ਵਾਅਦੇ ਕੀਤੇ ਸਨ, ਜਿਨ੍ਹਾਂ ‘ਚੋਂ ਇਕ ਸਾਲ ਅੰਦਰ ਹੀ 20 ਵਾਅਦੇ ਪੂਰੇ ਕੀਤੇ ਹਨ ਤੇ ਜੋ ਕੰਮ ਪਿਛਲੇ 65 ਸਾਲਾਂ ‘ਚ ਨਹੀਂ ਹੋਇਆ, ਅਸੀਂ ਕਰ ਵਿਖਾਇਆ ਹੈ ਤੇ ਦਿੱਲੀ ਦੇ 85 ਫ਼ੀਸਦੀ ਲੋਕ ਇਨ੍ਹਾਂ ਕੰਮਾਂ ਤੋਂ ਖੁਸ਼ ਹਨ ।
ਕੇਜ਼ਰੀਵਾਲ ਨੇ ਇਕੱਠ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਅੱਜ ਪੰਜਾਬ ‘ਚ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਲੈਣ ਲਈ ਸਰਕਾਰ ਬੈਂਕਾਂ ਰਾਹੀਂ ਜ਼ਬਰੀ ਵਸੂਲੀ ਕਰਵਾ ਰਹੀ ਹੈ, ਜਿਸ ਕਾਰਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਪਰ ਮੈਂ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਚਿੱਠੀ ਲਿਖੀ ਹੈ ਕਿ ਤੁਸੀਂ ਇਕ ਸਾਲ ਲਈ ਇਹ ਜਬਰੀ ਵਸੂਲੀ ਬੰਦ ਕਰ ਦਿਓ, ‘ਆਪ’ ਦੀ ਸਰਕਾਰ ਬਣਨ ‘ਤੇ ਅਸੀਂ ਵੇਖਾਂਗੇ ਕਿ ਕਿਸਾਨੀ ਕਰਜਿਆਂ ਦਾ ਕੀ ਹੱਲ ਕਰਨਾ ਹੈ ।
ਇਸ ਮੌਕੇ ਸੰਸਦ ਮੈਂਬਰ ਭਗਵੰਤ ਮਾਨ, ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਤੇ ਗੁਰਪ੍ਰੀਤ ਘੁੱਗੀ ਯਾਮਿਨੀ ਗੋਮਰ, ਦੁਰਗੇਸ਼ ਪਾਠਕ, ਪ੍ਰੋ. ਬਲਜਿੰਦਰ ਕੌਰ ਆਦਿ ਹਾਜ਼ਰ ਸਨ ।