ਪੰਜਾਬ ਦੀ ਰਾਜਨੀਤੀ

ਮਜੀਠੀਆ ਖਿਲਾਫ ਸ਼ੇਰਗਿੱਲ ਲੜੇਗਾ ਚੋਣ; ਕੈਪਟਨ-ਬਾਦਲ ਇਕ ਦੂਜੇ ਖਿਲਾਫ ਨਹੀਂ ਲੜਦੇ? ਕੇਜਰੀਵਾਲ

By ਸਿੱਖ ਸਿਆਸਤ ਬਿਊਰੋ

December 15, 2016

ਮਜੀਠਾ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਸ਼ਿਆਂ ਦੇ ਦੋਸ਼ਾਂ ਵਿੱਚ ਘਿਰੇ ਪੰਜਾਬ ਦੇ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਹਿੰਮਤ ਸਿੰਘ ਸ਼ੇਰਗਿੱਲ ਨੂੰ ਮਜੀਠਾ ਤੋਂ ਪਾਰਟੀ ਦਾ ਉਮੀਦਵਾਰ ਐਲਾਨ ਦਿੱਤਾ ਹੈ।

ਸ਼ੇਰਗਿੱਲ ਨੇ ਕਿਹਾ ਕਿ ਜਦੋਂ ਤੋਂ ਉਹ ਪਾਰਟੀ ਵਿੱਚ ਸ਼ਾਮਿਲ ਹੋਏ ਹਨ, ਉਸੇ ਸਮੇਂ ਤੋਂ ਉਹ ਪੰਜਾਬ ਨੂੰ ਬਚਾਉਣ ਅਤੇ ਇੱਥੋਂ ਦੇ ਲੋਕਾਂ ਨੂੰ ਬਾਦਲਾਂ ਅਤੇ ਮਜੀਠੀਆ ਦੇ ਮਾਫੀਆ ਰਾਜ ਵਿੱਚੋਂ ਕੱਢਣ ਲਈ ਪਾਰਟੀ ਵੱਲੋਂ ਸੌਂਪੀ ਗਈ ਹਰ ਜਿੰਮੇਵਾਰੀ ਨਿਭਾਉਣ ਨੂੰ ਤਿਆਰ ਰਹੇ ਹਨ।

ਕੇਜਰੀਵਾਲ ਨੇ ਕਿਹਾ ਕਿ ਜੇ ਪੰਜਾਬ ਦੇ ਲੋਕ ਉਮੀਦ, ਤਰੱਕੀ ਅਤੇ ਵਿਕਾਸ ਵੇਖਣਾ ਚਾਹੁੰਦੇ ਹਨ ਤਾਂ ਪੰਜਾਬ ਤੋਂ ਕੈਪਟਨ ਅਮਰਿੰਦਰ, ਬਾਦਲਾਂ ਅਤੇ ਮਜੀਠੀਆ ਦੀਆਂ ਜੜਾਂ ਉਖਾੜਨਾ ਬੇਹੱਦ ਜ਼ਰੂਰੀ ਹੈ।

ਕੇਜਰੀਵਾਲ ਨੇ ਕਿਹਾ ਕਿ ਮਜੀਠਾ ਵਿੱਚ ਸੂਬੇ ਭਰ ਤੋਂ ਵੱਡੀ ਗਿਣਤੀ ਵਿੱਚ ਲੋਕ ਇਸ ਰੈਲੀ ਵਿੱਚ ਇਸ ਕਰਕੇ ਪਹੁੰਚੇ ਹਨ ਤਾਂ ਜੋ ਮਜੀਠੀਆ ਨੂੰ ਉਸਦੇ ਆਪਣੇ ਹਲਕੇ ਵਿੱਚੋਂ ਉਖਾੜ ਕੇ ਇੱਥੇ ਕਾਨੂੰਨ ਦਾ ਰਾਜ ਸਥਾਪਿਤ ਕਰ ਸਕਣ। ਉਨਾਂ ਕਿਹਾ ਕਿ ਐਨਾ ਵੱਡਾ ਇਕੱਠ ਵੇਖ ਕੇ ਲਗਦਾ ਹੈ ਕਿ ਮਜੀਠੀਆ ਦੀ ਆਪਣੇ ਹੀ ਹਲਕੇ ਵਿੱਚ 2017 ਦੀਆਂ ਚੋਣਾਂ ਵਿੱਚ ਜ਼ਮਾਨਤ ਜਬਤ ਹੋ ਜਾਵੇਗੀ।

ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਸਾਰਾ ਪੰਜਾਬ ਜਾਣਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ, ਬਾਦਲ ਅਤੇ ਮਜੀਠੀਆ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਮਿਲ ਕੇ ਆਮ ਆਦਮੀ ਪਾਰਟੀ ਦੇ ਖਿਲਾਫ ਲੜੀਆਂ ਜਾ ਰਹੀਆਂ ਹਨ। ਉਨ੍ਹਾਂ ਪੁੱਛਿਆ ਕਿ ਮਜੀਠੀਆ ਨੇ ਆਪਣੇ ਚਾਚਾ ਕੈਪਟਨ ਅਮਰਿੰਦਰ ਸਿੰਘ ਨੂੰ ਮਜੀਠਾ ਤੋਂ ਚੋਣ ਲੜਨ ਲਈ ਚੁਣੌਤੀ ਕਿਉਂ ਨਹੀਂ ਦਿੱਤੀ? ਇਸੇ ਤਰ੍ਹਾਂ ਚਾਚਾ ਅਮਰਿੰਦਰ ਨੇ ਮਜੀਠੀਆ ਜਾਂ ਬਾਦਲਾਂ ਨੂੰ ਆਪਣੇ ਖਿਲਾਫ ਪਟਿਆਲਾ ਤੋਂ ਚੋਣ ਲੜਨ ਲਈ ਕਦੇ ਨਹੀਂ ਵੰਗਾਰਿਆ। ਕੇਜਰੀਵਾਲ ਨੇ ਕਿਹਾ ਕਿ ਇਸੇ ਤਰ੍ਹਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਦੇ ਵੀ ਆਪਣੇ ਹਲਕਿਆਂ ਲੰਬੀ ਜਾਂ ਜਲਾਲਾਬਾਦ ਤੋਂ ਚੋਣ ਲੜਨ ਲਈ ਕੈਪਟਨ ਨੂੰ ਚੁਣੌਤੀ ਨਹੀਂ ਦਿੱਤੀ।

ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਸਾਰਿਆਂ ਵੱਲੋਂ ਮੈਨੂੰ ਉਨ੍ਹਾਂ ਦੇ ਖਿਲਾਫ ਚੋਣ ਲੜਨ ਦੀ ਚੁਣੌਤੀ ਦਿੱਤੀ ਜਾਂਦੀ ਹੈ। ਇਸ ਤੋਂ ਸਾਬਿਤ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ ਨੇ ਇੱਕ ਦੂਜੇ ਦੇ ਹਿਤਾਂ ਨੂੰ ਬਚਾਉਣ ਲਈ ਇੱਕ ਗੁਪਤ ਸਿਆਸੀ ਸਮਝੌਤਾ ਕਰ ਲਿਆ ਹੈ ਅਤੇ ਦੋਵੇਂ ਅਕਾਲੀ ਅਤੇ ਕਾਂਗਰਸੀ ਸਾਂਝੇ ਤੌਰ ਉਤੇ ਆਮ ਆਦਮੀ ਪਾਰਟੀ ਦੇ ਖਿਲਾਫ ਚੋਣ ਲੜ ਰਹੇ ਹਨ।

ਕੇਜਰੀਵਾਲ ਨੇ ਲੋਕਾਂ ਨੂੰ ਚੇਤਾਵਨੀ ਦਿੰਦਿਆਂ ਧਿਆਨ ਰੱਖਣ ਲਈ ਕਿਹਾ ਕਿ ਦੋਵੇਂ ਪਾਰਟੀਆਂ ਵੱਲੋਂ ਕੈਪਟਨ ਅਮਰਿੰਦਰ, ਬਾਦਲ ਅਤੇ ਮਜੀਠੀਆ ਦੇ ਖਿਲਾਫ ਕਮਜ਼ੋਰ ਉਮੀਦਵਾਰ ਉਤਾਰੇ ਜਾਣਗੇ ਤਾਂ ਜੋ ਉਹ ਆਪਣੀਆਂ ਸੀਟਾਂ ‘ਤੇ ਆਸਾਨੀ ਨਾਲ ਜਿੱਤ ਸਕਣ।

ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਉਨ੍ਹਾਂ ਸਾਰੇ ਦੋਸ਼ੀਆਂ ਨੂੰ ਮਿਸਾਲੀ ਸਜਾਵਾਂ ਦੇਵੇਗੀ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ੀ ਹਨ, ਤਾਂ ਜੋ ਅੱਗੇ ਤੋਂ ਕੋਈ ਪੰਜਾਬ ਵਿੱਚ ਅਜਿਹਾ ਕਰਨ ਦੀ ਹਿੰਮਤ ਨਾ ਕਰ ਸਕੇ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ, ਲੋਕ ਸਭਾ ਮੈਂਬਰ ਭਗਵੰਤ ਮਾਨ, ਸੰਜੇ ਸਿੰਘ, ਜਰਨੈਲ ਸਿੰਘ, ਕੰਵਰ ਸੰਧੂ, ਸੁਖਪਾਲ ਖਹਿਰਾ ਅਤੇ ਸਿਮਰਜੀਤ ਸਿੰਘ ਬੈਂਸ ਮੌਜੂਦ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: