December 23, 2011 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ (23 ਦਸੰਬਰ, 2011): ਸਿੱਖ ਗੁਰੂਦੁਆਰਾ ਜੁਡੀਸ਼ੀਅਲ ਕਮਿਸ਼ਨ ਵੱਲੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ 58 ਸਾਲ ਤੋਂ ਉਮਰ ਤੋਂ ਵੱਧ ਨੌਕਰੀ ਕਰਦੇ ਮੁਲਾਜ਼ਮਾਂ ਦੀ ਛਾਂਟੀ ਕਰਨ ਦੇ ਕੇ ਦਿੱਤੇ ਗਏ ਝਟਕੇ ਤੋਂ ਬਾਅਦ ਕਮਿਸ਼ਨ ਨੇ ਸਰੋਮਣੀ ਕਮੇਟੀ ਨੂੰ ਰਾਹਤ ਦਿੰਦਿਆ ਸ੍ਰੀ ਦਰਬਾਰ ਸਾਹਿਬ ਤੋ ਪੀ.ਟੀ.ਸੀ ਵੱਲੋਂ ਰੀਲੇਅ ਕੀਤੇ ਜਾਂਦੀ ਬਾਣੀ ਨੂੰ ਬੰਦ ਕਰਾਉਣ ਲਈ ਪਾਈ ਗਈ ਰਿੱਟ ਨੂੰ ਖਾਰਜ ਕਰ ਦਿੱਤਾ ਹੈ ਕਿਉਕਿ ਪਟੀਸ਼ਨਰ ਵੱਲੋਂ ਲਗਾਏ ਗਏ ਦੋਸ਼ ਸਹੀ ਸਿੱਧ ਨਹੀ ਹੋਏ।
ਕਮਿਸ਼ਨ ਦੇ ਚੇਅਰਮੈਨ ਸ੍ਰੀ ਮਨਮੋਹਨ ਸਿੰਘ ਬਰਾੜ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ ) ਦੇ ਵਿਸ਼ੇਸ਼ ਸਕੱਤਰ ਸ੍ਰੀ ਬਲਦੇਵ ਸਿੰਘ ਸਿਰਸਾ ਸਮੇਤ ਕੁਝ ਹੋਰ ਵਿਅਕਤੀਆ ਨੇ ਕਮਿਸ਼ਨ ਕੋਲ ਇੱਕ ਰਿੱਟ ਦਾਇਰ ਕੀਤੀ ਸੀ ਕਿ ਪੀ.ਟੀ.ਸੀ ਨੂੰ ਦਿੱਤਾ ਗਿਆ ਕੰਟੈਕਟ ਗਲਤ ਹੈ ਅਤੇ ਈ.ਟੀ.ਸੀ ਤੋਂ ਗੈਰ ਕਨੂੰਨੀ ਢੰਗ ਨਾਲ ਖੋਹ ਕੇ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਰਿੱਟ ਪਟੀਸ਼ਨ ਤੇ ਕਈ ਤਰੀਕਾਂ ਪਈਆ ਸਨ । ਉਹਨਾਂ ਕਿਹਾ ਕਿ ਪਟੀਸ਼ਨਰ ਨੇ ਦੋਸ਼ ਲਾਇਆ ਸੀ ਕਿ ਈ.ਟੀ.ਸੀ. ਕੋਲ ਜਬਰੀ ਖੋਹ ਕੇ ਸਿੱਧ ਪ੍ਰਸਾਰਨ ਕਰਨ ਦਾ ਕੰਟੇਕਟ ਪੀ.ਟੀ.ਸੀ ਨੂੰ ਦਿੱਤਾ ਗਿਆ ਸੀ ਅਤੇ ਪੀ.ਟੀ.ਸੀ ਨੇ ਹੁਣ ਤੱਕ ਬਕਾਏ ਵੀ ਅਦਾ ਨਹੀ ਕੀਤੇ। ਉਹਨਾਂ ਕਿਹਾ ਕਿ ਦੋਹਾਂ ਧਿਰਾਂ ਦੇ ਵਕੀਲਾਂ ਦੀ ਲੰਮੀ ਬਹਿਸ ਸੁਨਣ ਤੋਂ ਉਪਰੰਤ ਲਾਏ ਗਏ ਦੋਵੇ ਦੋਸ਼ ਨਿਰਮੂਲ ਸਾਬਤ ਹੋਏ ਹਨ ਅਤੇ ਇਹਨਾਂ ਦੋਸ਼ਾਂ ਦੇ ਸਬੰਧ ਵਿੱਚ ਸ਼ਰੋਮਣੀ ਕਮੇਟੀ ਵੱਲੋਂ ਪੇਸ਼ ਕੀਤੇ ਗਏ ਸਬੂਤ ਪੇਸ਼ ਕੀਤੇ ਦਰੁਸਤ ਪਾਏ ਗਏ ਹਨ। ਉਹਨਾਂ ਦੱਸਿਆ ਕਿ ਈ.ਟੀ.ਸੀ ਤੋਂ ਲੈ ਕੇ ਸਿੱਧਾ ਪ੍ਰਸਾਰਨ ਕਰਨ ਦੇ ਹੱਕ ਕਿਸੇ ਵਿਅਕਤੀ ਨੇ ਨਹੀ ਸਗੋਂ ਸ੍ਰੋਮਣੀ ਕਮੇਟੀ ਦੀ ਕਾਰਜਕਰਨੀ ਕਮੇਟੀ ਤੋਂ ਪ੍ਰਵਾਨਗੀ ਲੈਣ ਉਪਰੰਤ ਹੀ ਦਿੱਤੇ ਗਏ ਸਨ। ਸ੍ਰੋਮਣੀ ਕਮੇਟੀ ਨੇ ਜਿਹੜਾ ਰਿਕਾਰਡ ਪੇਸ਼ ਕੀਤਾ ਹੈ ਉਸ ਅਨੁਸਾਰ ਹੁਣ ਤੱਕ ਕਿਸੇ ਵੀ ਕਿਸਮ ਦਾ ਪੀ.ਟੀ.ਸੀ ਵੱਲ ਬਕਾਇਆ ਨਹੀ ਹੈ। ਉਹਨਾਂ ਦੱਸਿਆ ਕਿ ਸਾਰੇ ਸਬੂਤਾਂ ਤੇ ਗਵਾਹੀਆ ਨੂੰ ਮੱਦੇ ਨਜ਼ਰ ਰੱਖਦਿਆ ਉਹਨਾਂ ਨੇ ਪਟੀਸ਼ਨਰ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ 58 ਸਾਲ ਤੋਂ ਵੱਧ ਉਮਰ ਦੇ ਮੁਲਾਜ਼ਮਾਂ ਦੀ ਛੁੱਟੀ ਕਰਨ ਦਾ ਫੈਸਲਾ ਬਿਲਕੁਲ ਸਹੀ ਹੈ ਅਤੇ ਇੱਕ ਦੋ ਦਿਨਾਂ ਤੱਕ ਫੈਸਲਾ ਲਿਖ ਕੇ ਸ਼ਰੋਮਣੀ ਕਮੇਟੀ ਨੂੰ ਭੇਜ ਦਿੱਤਾ ਜਾਵੇਗਾ ਜੇਕਰ ਫਿਰ ਵੀ ਸ੍ਰੋਮਣੀ ਕਮੇਟੀ ਕੋਈ ਕਾਰਵਾਈ ਨਹੀ ਕਰਦੀ ਤਾਂ ਕਮਿਸ਼ਨ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਫੌਜਦਾਰੀ ਕੇਸ ਸਬੰਧਿਤ ਅਧਿਕਾਰੀਆ ਦੇ ਖਿਲਾਫ ਦਰਜ ਕਰਵਾਏਗਾ।
ਦੂਸਰੇ ਪਾਸੇ ਪਟੀਸ਼ਨ ਕਰਤਾ ਸ੍ਰੀ ਬਲਦੇਵ ਸਿੰਘ ਸਿਰਸਾ ਨੇ ਕਮਿਸ਼ਨ ਦੇ ਚੇਅਰਮੈਨ ਤੇ ਮੈਂਬਰਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਗੁਲਾਮ ਦੱਸਦਿਆ ਕਿਹਾ ਕਿ ਕਮਿਸ਼ਨ ਨੇ ਤਾਂ ਆਪਣੇ ਆਕਾ ਦੀ ਖੁਸ਼ਨੰਦੀ ਹਾਸਲ ਕਰਨ ਲਈ ਇਹ ਫੈਸਲਾ ਸੁਣਾਇਆ ਹੈ। ਉਹਨਾਂ ਕਿਹਾ ਕਿ ਉਹਨਾਂ ਕੋਲ ਠੋਸ ਸਬੂਤ ਹਨ ਅਤੇ ਪੰਜ ਗਵਾਹੀਆ ਵੀ ਉਹਨਾਂ ਦੀਆ ਕਾਫੀ ਮਜਬੂਤ ਸਨ ਜੋ ਸ਼੍ਰੋਮਣੀ ਕਮੇਟੀ ਦੇ ਖਿਲਾਫ ਭੁਗਤੀਆ ਸਨ ਪਰ ਫਿਰ ਵੀ ਕਮਿਸ਼ਨ ਉਹਨਾਂ ਨੇ ਖਿਲਾਫ ਗਲਤ ਫੈਸਲਾ ਦਿੱਤਾ ਹੈ ਜੋ ਕਿਸੇ ਵੀ ਤਰੀਕੇ ਗਵਾਰਾ ਨਹੀ ਰਿਹਾ ਜਾ ਸਕਦਾ। ਉਹਨਾਂ ਕਿਹਾ ਕਿ ਉਹ ਇਸ ਫੈਸਲੇ ਨੂੰ ਪੰਜਾਬ ਐੰਡ ਹਰਿਆਣਾ ਹਾਈਕੋਰਟ ਵਿੱੇਚ ਚੈਲਿੰਜ ਕਰਨਗੇ ਅਤੇ ਜਿੰਨਾ ਚਿਰ ਤੱਕ ਉਹ ਪੀ.ਟੀ.ਸੀ ਨੂੰ ਪੈਵੈਲੀਅਨ ਦਾ ਰਸਤਾ ਨਹੀ ਵਿਖਾ ਲੈਦੇ ਉਨਾ ਚਿਰ ਤੱਕ ਚੁੱਪ ਕਰਕੇ ਨਹੀ ਬੈਠਣਗੇ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆ ਨਲਾਇਕੀਆ ਸਦਕਾ ਹੀ ਅੱਦ ਗੁਰੂ ਦੇ ਗੋਲਕ ਦੀ ਕਰੀਬ ਇੱਕ ਕਰੋੜ ਤੋਂ ਵਧੇਰੇ ਰਕਮ ਵਕੀਲਾਂ ਦੇ ਖੀਸੀਆ ਵਿੱਚ ਜਾ ਰਹੀ ਹੈ। ਉਹਨਾਂ ਕਿਹਾ ਕਿ ਸਹਿਜਧਾਰੀਆ ਦੇ ਹੱਕ ਵਿੱਚ ਜਿਹੜਾ ਅਦਾਲਤ ਨੇ ਫੈਸਲਾ ਸੁਣਾਇਆ ਹੈ ਉਹ ਵੀ ਬਾਦਲਕਿਆ ਤੇ ਸ਼ਰੋਮਣੀ ਕਮੇਟੀ ਪਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਦੇ ਆਰ.ਐਸ.ਐਸ ਨਾਲ ਮਿਲੇ ਹੋਣ ਦਾ ਹੀ ਨਤੀਜਾ ਹੈ।
ਇਸੇ ਤਰਾ ਇੱਕ ਸ਼ਰੋਮਣੀ ਕਮੇਟੀ ਦੇ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਤੋਂ ਹਰ ਰੋਜ਼ ਸਵੇਰੇ ਸ੍ਰੋਮਣੀ ਕਮੇਟੀ ਦੀ ਵੈਬਸਾਈਟ ਤੋਂ ਕੀਰਤਨ ਦਾ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ ਪਰ ਇਹ ਪ੍ਰਸਾਰਣ ਕੇਵਲ ਸਿਰਫ ਅਵਾਜ ਤੱਕ ਹੀ ਸੀਮਤ ਹੈ ਤਸਵੀਰ ਪੇਸ਼ ਨਹੀ ਕੀਤੀ ਜਾਂਦੀ ਜਦ ਕਿ ਕਨੇਡਾ ਅਤੇ ਅਮਰੀਕਾ ਵਿੱਚ ਪੀ.ਟੀ.ਸੀ ਵੱਲੋਂ 12 ਘੰਟੇ ਬਾਅਦ ਰਿਕਾਰਡਿੰਗ ਹੀ ਪੇਸ਼ ਕੀਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਵਿਦੇਸ਼ੀ ਸੰਗਤਾਂ ਦੀ ਮੰਗ ਤੇ ਜਦੋਂ ਇੱਕ ਦਾਨੀ ਆਪਣੇ ਕੋਲੇ ਪੈਸੇ ਖਰਚ ਕਰਕੇ ਕੈਮਰੇ ਲਗਾਉਣ ਦੀ ਪੇਸ਼ਕਸ਼ ਕੀਤੀ ਤਾਂ ਦਫਤਰ ਨੇ ਉਸ ਦੀ ਪੇਸ਼ਕਸ਼ ਨੂੰ ਇਸ ਕਰਕੇ ਰੱਦ ਕਰ ਦਿੱਤਾ ਕਿਉਕਿ ਇਹ ਸਿੱਧਾ ਪੰਗਾ ਬਾਦਲਾਂ ਦੇ ਪੀ.ਟੀ.ਸੀ ਨਾਲ ਸੀ। ਜੇਕਰ ਇੰਟਰਨੈ¤ਟ ਤੇ ਸ੍ਰੀ ਦਰਬਾਰ ਸਾਹਿਬ ਤੋਂ ਪ੍ਰਸਾਸਨ ਸ਼ੁਰੂ ਹੋ ਜਾਂਦਾ ਤਾਂ ਪੀ.ਟੀ.ਸੀ ਕਿਸੇ ਨੇ ਵੀ ਨਹੀ ਵੇਖਣਾ ਸੀ।
ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪੀ.ਟੀ.ਸੀ ਚੈਨਲ ਵਲੋਂ ਪ੍ਰਸਾਰਤ ਕੀਤੇ ਜਾਂਦੇ ਗੁਰਬਾਣੀ ਦੇ ਪ੍ਰਗਰਾਮ ਦੇ ਮੁੱਦੇ ਬਾਰੇ, ਜੋ ਕੇਸ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਬਲਦੇਵ ਸਿੰਘ ਸਰਸਾ ਵਲੋਂ ਅੰਮ੍ਰਿਤਸਰ ਦੀ ਸਿੱਖ ਦੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਵਿਚ ਕੀਤਾ ਗਿਆ ਸੀ।ਅੱਜ ਅਦਾਲਤ ਵਲੋਂ ਇਹ ਕੇਸ ਖਾਰਜ ਕਰ ਦਿੱਤਾ ਗਿਆ ਹੈ। ਇਹ ਵਰਣਨ ਯੋਗ ਹੈ ਕਿ ਸੰਨ ੨੦੦੦ ਵਿਚ ਉਸ ਵਕਤ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਈ.ਟੀ.ਸੀ ਨਾਂ ਦੇ ਚੈਨਲ ਤੋਂ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਹੋ ਰਹੇ ਗੁਰਬਾਣੀ ਦੇ ਕੀਰਤਨ ਨੂੰ ਸੱਮੁਚੇ ਵਿਸ਼ਵ ਵਿਚ ਸਿੱਖ ਜਨਤਾ ਤੱਕ ਟੀ.ਵੀ.ਚੈਨਲ ਰਾਹੀਂ ਪਹੁੰਚਾਉਣ ਲਈ ੧੫ ਸਤੰਬਰ ੨੦੦੦ ਨੂੰ ਈ.ਟੀ.ਸੀ ਚੈਨਲ ਦੀ ਪ੍ਰਬੰਧਕ ਕਮੇਟੀ ਨਾਲ ਸਮਝੌਤਾ ਕੀਤਾ ਸੀ੮। ਸ਼੍ਰੋਮਣੀ ਕਮੇਟੀ ਦੀ ਕਾਰਜ ਕਾਰਣੀ ਵਲੋਂ ਬੀਬੀ ਜਗੀਰ ਕੌਰ ਤੇ ਈ.ਟੀ.ਸੀ ਨੈਟਵਰਕ ਦੇ ਵਲੋਂ ਜਗਜੀਤ ਸਿੰਘ ਕੌਹਲੀ ਨੇ ਇਸ ਇਤਿਹਾਸਕ ਦਸਤਾਵੇਜ਼ ਤੇ ਦਸਤਖਤ ਕੀਤੇ ਸਨ।
ਉਸ ਵਕਤ ਇਸ ਸਮਝੌਤੇ ਦੀਆਂ ਸ਼ਰਤਾਂ ਅਨੁਸਾਰ ਗੁਰਬਾਣੀ ਦੇ ਪ੍ਰੋਗਰਾਮ, ਕੀਰਤਨ ਤੇ ਗੁਰਬਾਣੀ ਦਾ ਉਚਾਰਨ ਆਦਿ ਪ੍ਰੋਗਰਾਮ ਈ.ਟੀ.ਸੀ ਚੈਨਲ ਤੋਂ ੧੧ ਸਾਲ ਦੇ ਸਮੇਂ ਤੱਕ ਦਿਖਾਏ ਜਾਣਗੇ ਤੇ ਇਸ ਸਮਝੌਤੇ ਦਾ ਇਕਰਾਰ ਨਾਮਾ ਹਰ ੫ ਸਾਲ ਬਾਅਦ ਰਨਿਊ ਕੀਤਾ ਜਾਵੇਗਾ। ਇਸ ਸਮਝੌਤੇ ਦੇ ਤਹਿਤ ਕੀਤੀਆਂ ਗਈਆਂ ਸ਼ਰਤਾਂ ਅਨੁਸਾਰ, ਈ.ਟੀ.ਸੀ ਕੰਪਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ੩੧ ਮਾਰਚ ੨੦੦੩ ਤੱਕ ੨ ਕਰੋੜ ਤੇ ਇਕ ਲੱਖ ਰੁਪਇਆ ਦੇਵੇਗੀ ਤੇ ਜਿਸ ਵਿਚੋਂ ਇਕਰਾਰ ਨਾਮੇ ਲਿਖਣ ਸਮੇਂ ੧੧ ਲੱਖ ਰੁਪਏ ਨਗਦ ਦੇ ਦਿੱਤੇ ਗਏ ਅਤੇ ਬਾਕੀ ਪੈਸਾ ਹਰ ਸਾਲ ਪੰਜਾਹ ਲੱਖ ਰੁਪਏ ਦੀ ਕਿਸ਼ਤ ਵਿਚ ਦਿੱਤਾ ਜਾਣਾ ਤਹਿ ਹੋਇਆ। ਇਸ ਸਮਝੌਤੇ ਮੁਤਾਬਕ ਇਹ ਵੀ ਫੈਂਸਲਾ ਕੀਤਾ ਗਿਆ ਸੀ ਕਿ ਈ.ਟੀ.ਸੀ ਚੈਨਲ ਵਲੋਂ ਸ਼੍ਰੀ ਹਰਿਮੰਦਰ ਸਾਹਿਬ ਵਿਚਲੇ ਕੀਰਤਨ ਪ੍ਰਸਾਰਿਤ ਕਰਨ ਤੋਂ ਪਹਿਲਾਂ ਤੇ ਬਾਅਦ ਵਿਚ ਦਿਖਾਈਆਂ ਜਾਣ ਵਾਲੀਆਂ ਮਸ਼ਹੂਰੀਆਂ ਦੀ ਕਮਾਈ ਵਿਚੋਂ ਈ.ਟੀ.ਸੀ ਕੰਪਨੀ ਆਪਣਾ ਦਸਵੰਧ ਸ਼੍ਰੋਮਣੀ ਕਮੇਟੀ ਨੂੰ ਦੇਵੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਜੇ ਤੱਕ ਈ.ਟੀ.ਸੀ ਕੰਪਨੀ ਵਲੋਂ ਅਜੇ ਤੱਕ ਕੋਈ ਵੀ ਪੈਸਾ ਜਮਾ ਹੋਣ ਬਾਰੇ ਕੋਈ ਵੇਰਵਾ ਨਹੀਂ ਦਿੱਤਾ ਜਾ ਰਿਹਾ ਸੀ।
ਇਸ ਸਮਝੌਤੇ ਦੀ ਧਾਰਾ ਨੰਬਰ ੧੦ ਮੁਤਾਬਿਕ ਈ.ਟੀ.ਸੀ ਕੰਪਨੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਨੂੰ ਲਾਈਵ ਦਿਖਾਉਣ ਦੇ ਅਧਿਕਾਰ, ਕਿਸੇ ਵੀ ਹੋਰ ਕੰਪਨੀ ਨੂੰ ਤਬਦੀਲ ਨਹੀਂ ਕਰ ਸਕਦੀ ਸੀ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ੧ ਨਵੰਬਰ ੨੦੦੭ ਨੂੰ ਗੈਰ ਕਾਨੂੰਨੀ ਤੌਰ ਤੇ ਇਹਨਾਂ ਲਾਈਵ ਪ੍ਰੋਗਰਾਮਾਂ ਨੂੰ ਈ.ਟੀ.ਸੀ ਕੰਪਨੀ ਨੂੰ ਹੋਰ ਕਿਸੇ ਤੀਜੀ ਪਾਰਟੀ ਨੂੰ ਤਬਦੀਲ ਕਰਨ ਦੇ ਅਧਿਕਾਰ ਦੇ ਦਿੱਤੇ ਸਨ। ਇਹ ਸਾਰਾ ਕੁਝ ਤੀਸਰੀ ਕੰਪਨੀ ਜਿਸ ਨੂੰ ਕਿ ਜ਼ੀ.ਨੈਕਸਟ ਕੰਪਨੀ ਜਿਸ ਕੋਲ ਪੀ.ਟੀ.ਸੀ ਕੰਪਨੀ ਦਾ ਲੋਗੋ ਸੀ, ਨੂੰ ਇਹ ਸਾਰੇ ਅਧਿਕਾਰ ੨੭ ਅਕਤੂਬਰ ੨੦੦੭ ਨੂੰ ਪੀ.ਟੀ.ਸੀ ਕੰਪਨੀ ਨੂੰ ਤਬਦੀਲ ਕਰ ਦਿੱਤੇ ਸਨ। ਪੀ.ਟੀ.ਸੀ ਕੰਪਨੀ ਨੇ ਪੀ.ਟੀ.ਸੀ ਪੰਜਾਬੀ ਤੇ ਪੀ.ਟੀ.ਸੀ ਨਿਊਜ਼ ਨਾ ਦੇ ੨ ਚੈਨਲ ਸ਼ੁਰੂ ਕਰ ਦਿੱਤੇ, ਜਿਥੋਂ ਕਿ ਸ਼੍ਰੀ ਹਰਿਮੰਦਰ ਸਾਹਿਬ ਦੇ ਸਾਰੇ ਪ੍ਰੋਗਰਾਮ ਈ.ਟੀ.ਸੀ ਤੋਂ ਖੋਹ ਕੇ ਪੀ.ਟੀ.ਸੀ ਰਾਹੀਂ ਟੈਲੀਕਾਸਟ ਕਰਵਾਉਣੇ ਸ਼ੁਰੂ ਕਰ ਦਿਤੇ। ਇਸ ਸਾਰੇ ਘਪਲੇ ਨੂੰ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸੱਕਤਰ ਬਲਦੇਵ ਸਿੰਘ ਸਰਸਾ ਨੇ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਵਿਚ ਲਿਜਾ ਕੇ, ਇਸ ਘਪਲੇ ਨੂੰ ਨੰਗਾ ਕੀਤਾ ਸੀ। ਬਾਦਲ ਪਰਿਵਾਰ ਅੱਜ ਤੱਕ ਪੀ.ਟੀ.ਸੀ ਚੈਨਲ ਦੇ ਨਾਲ ਆਪਣਾ ਨਾਤਾ ਹੋਣ ਤੋਂ ਟਾਲ ਮਟੋਲ ਕਰਦਾ ਆਇਆ ਹੈ। ਇਸੇ ਹੀ ਤਰ੍ਹਾਂ ਚੰਡੀਗੜ੍ਹ ਹਾਈਕੋਰਟ ਵਿਚ ਜਸਟਿਸ ਐਮ.ਐਮ ਕੁਮਾਰ ਤੇ ਜਸਟਿਸ ਆਰ. ਐਨ ਰੈਣਾ ਦੀ ਅਦਾਲਤ ਵਿਚ ਵਕੀਲ ਹਿੰਮਤ ਸਿੰਘ ਸ਼ੇਰਗਿੱਲ ਵਲੋਂ ਇਹ ਸਾਬਿਤ ਕਰਨ ਦਾ ਯਤਨ ਕੀਤਾ ਹੈ ਕਿ ਪੰਜਾਬ ਸਰਕਾਰ ਦੇ ਮੁੱਖੀ ਬਾਦਲ ਵਲੋਂ ਪੀ.ਟੀ.ਸੀ ਚੈਨਲ ਤੇ ਦਿਖਾਏ ਜਾਂਦੇ ਇਸ਼ਤਿਹਾਰਾਂ ਤੇ ਖਰਚਿਆ ਗਿਆ ਪੈਸਾ, ਮੁੜ ਕੇ ਬਾਦਲ ਦੀ ਜੇਬ ਵਿਚ ਹੀ ਵਾਪਸ ਆ ਜਾਂਦਾ ਸੀ। ਜ਼ੀ.ਨੈਕਸਟ ਮੀਡੀਆ ਪ੍ਰਾਈਵੇਟ ਲਿਮਿਟਿਡ ਜਿਸ ਨੂੰ ਕਿ ਈ.ਟੀ.ਸੀ ਚੈਨਲ ਨੇ ਸ਼੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਿਤ ਹੋਣ ਵਾਲੇ ਅਧਿਕਾਰ ਤਬਦੀਲ ਕੀਤੇ ਹਨ ਉਹ ਗੁਰ-ਬਾਜ਼ ਮੀਡੀਆ ਦੀ ਸਹਾਇਕ ਕੰਪਨੀ ਹੈ ਤੇ ਗੁਰ-ਬਾਜ਼ ਮੀਡੀਆ ਪ੍ਰਾਈਵੇਟ ਲਿਮਿਟਿਡ, ਆਰਬਿਟ ਪ੍ਰਾਈਵੇਟ ਲਿਮਿਟਿਡ ਦੀ ਸਹਾਇਕ ਕੰਪਨੀ ਹੈ। ਆਰਬਿਟ ਰਿਜ਼ੋਰਟਸ ਦੀ ਹਿੱਸੇ ਦਾਰੀ ਵਿਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੀ ਸੱਸ ਸੁਖਮਨਜਸ ਮਜੀਠੀਆ, ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਅਤੇ ਉਸਦਾ ਪਿਤਾ ਸਤਿਆਜੀਤ ਸਿੰਘ ਮਜੀਠੀਆ ਤੇ ਸੁਖਬੀਰ ਬਾਦਲ ਦੀ ਭੈਣ ਪ੍ਰਨੀਤ ਕੌਰ ਹਨ। ਇਸ ਆਰਬਿਟ ਰਿਜ਼ੋਰਟ ਪ੍ਰਾਈਵੇਟ ਲਿਮਿਟਿਡ ਦੀ ਮੈਨੇਜਿੰਗ ਡਾਇਰੈਕਟਰ ਹਰਸਿਮਰਤ ਕੌਰ ਬਾਦਲ ੩ ਕਰੋੜ ੬੦ ਲੱਖ ਦੀ ਤਨਖਾਹ ਦੇ ਤੌਰ ਤੇ ਇਸ ਫਰਮ ਤੋਂ ਕਢਵਾ ਰਹੇ ਹਨ। ਇਹ ਕੇਸ ਅਜ ਤੱਕ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਲੰਬਿਤ ਹੈ।
ਹੁਣ ਜਦੋਂ ਕਿ ਇਹ ਕੇਸ ਸਿੱਖ ਗੁਦੁਆਰਾ ਜੁਡੀਸ਼ਅਲ ਕਮਿਸ਼ਨ ਵਿਚ ਖਾਰਜ ਹੋ ਚੁੱਕਾ ਹੈ ਤਾਂ ਇਸ ਦੇ ਉਤੇ ਪ੍ਰਤੀਕਰਮ ਕਰਦੇ ਹੋਏ, ਬਲਦੇਵ ਸਿੰਘ ਸਰਸਾ ਨੇ ਇਸ ਪਤੱਰਕਾਰ ਨੂੰ ਦੱਸਿਆ ਕਿ ਬਾਦਲ ਦੀ ਸਰਕਾਰ ਵਿਚ ਕਿਸ ਨੂੰ ਵੀ ਇਨਸਾਫ ਨਹੀਂ ਮਿਲ ਸਕਦਾ ਤੇ ਉਹ ਇਸ ਕੇਸ ਦੀ ਫੈਂਸਲੇ ਦੀ ਕਾਪੀ ਲੈਣ ਤੋਂ ਬਾਅਦ ਇਸਨੂੰ ਉੱਚ ਅਦਾਲਤ ਵਿਚ ਚੈਲੇਂਜ ਕਰਨਗੇ।
Related Topics: Akali Dal Panch Pardhani, Badal Dal, Baldev Singh Sirsa, ਬਲਦੇਵ ਸਿੰਘ ਸਿਰਸਾ