ਸ਼੍ਰੀਨਗਰ: ਅਫਜਲ ਗੁਰੂ ਦੀ ਬਰਸੀ ਮਨਾਉਣ ਕਾਰਨ ਗ੍ਰਿਫਤਾਰ ਕੀਤੇ ਗਏ ਜੇਐਨਯੂ ਦੇ ਵਿਦਿਆਰਥੀਆਂ ਅਤੇ ਪ੍ਰੋ. ਗਿਲਾਨੀ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਅੱਜ ਕਸ਼ਮੀਰ ਘਾਟੀ ਵਿੱਚ ਮੁਕੰਮਲ ਬੰਦ ਨਜਰ ਆਇਆ।
ਹੁਰੀਅਤ ਕਾਨਫਰੰਸ (ਗਿਲਾਨੀ) ਅਤੇ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਵੱਲੋਂ ਅੱਜ ਵਿਦਿਆਰਥੀਆਂ ਅਤੇ ਪ੍ਰੋ. ਗਿਲਾਨੀ ਦੀ ਗ੍ਰਿਫਤਾਰੀ ਵਿਰੁੱਧ ਬੰਦ ਦਾ ਸੱਦਾ ਦਿੱਤਾ ਗਿਆ ਸੀ।
ਬੰਦ ਦੇ ਚਲਦਿਆਂ ਅੱਜ ਕਸ਼ਮੀਰ ਘਾਟੀ ਵਿੱਚ ਸੜਕਾਂ ਤੇ ਆਵਾਜਾਈ ਠੱਪ ਰਹੀ ਜਿਸ ਕਾਰਨ ਸਰਕਾਰੀ ਅਦਾਰਿਆਂ ਵਿੱਚ ਵੀ ਨਾਮਾਤਰ ਹੀ ਹਾਜਰੀ ਨਜਰ ਆਈ।
ਦੁਕਾਨਾਂ, ਪਟਰੋਲ ਪੰਪ ਅਤੇ ਹੋਰ ਕਾਰੋਬਾਰੀ ਅਦਾਰੇ ਵੀ ਮੁਕੰਮਲ ਤੌਰ ਤੇ ਬੰਦ ਰਹੇ।
ਸ਼੍ਰੀਨਗਰ ਸ਼ਹਿਰ ਵਿੱਚ ਜੇਐਨਯੂ ਦੇ ਵਿਦਿਆਰਥੀਆਂ ਅਤੇ ਪ੍ਰੋ. ਗਿਲਾਨੀ ਦੇ ਹੱਕ ਵਿੱਚ ਮੁਜ਼ਾਹਰੇ ਕੀਤੇ ਗਏ।ਮੁਜ਼ਾਹਰਾਕਾਰੀਆਂ ਵੱਲੋਂ ਗ੍ਰਿਫਤਾਰ ਕੀਤੇ ਗਏ ਵਿਦਿਆਰਥੀਆਂ ਅਤੇ ਪ੍ਰੋ. ਗਿਲਾਨੀ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਜਾ ਰਹੀ ਸੀ।