ਸਿਆਸੀ ਖਬਰਾਂ

ਕਸ਼ਮੀਰ: ਮੀਰਵਾਇਜ਼ ਨੇ ਚਿੱਠੀ ਲਿਖ ਕੇ ਕੌਮਾਂਤਰੀ ਭਾਈਚਾਰੇ ਨੂੰ ਕੀਤੀ ਮਦਦ ਦੀ ਅਪੀਲ

By ਸਿੱਖ ਸਿਆਸਤ ਬਿਊਰੋ

August 24, 2016

ਸ੍ਰੀਨਗਰ: ਆਲ ਪਾਰਟੀ ਹੁਰੀਅਤ ਕਾਨਫਰੰਸ ਦੇ ਚੇਅਰਮੈਨ ਮੀਰਵਾਇਜ਼ ਉਮਰ ਫਾਰੂਕ ਨੇ ਕਈ ਮਹੱਤਵਪੂਰਣ ਸ਼ਖਸੀਅਤਾਂ ਨੂੰ ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਹਾਲਾਤ ਬਾਰੇ ਚਿੱਠੀ ਲਿਖੀ ਹੈ ਅਤੇ ਮਦਦ ਦੀ ਅਪੀਲ ਕੀਤੀ ਹੈ।

ਵੈਟੀਕਨ ਦੇ ਪੋਪ ਫ੍ਰਾਂਸਿਸ, ਤਿੱਬਤੀ ਧਰਮਗੁਰੂ ਦਲਾਈ ਲਾਮਾ, ਕਾਬਾ ਦੇ ਇਮਾਮ, ਸ਼ੰਕਰਾਚਾਰੀਆ, ਕਈ ਦੇਸ਼ਾਂ ਦੇ ਰਾਜਦੂਤ, ਸੰਯੁਕਤ ਰਾਸ਼ਟਰ ਅਤੇ ਯੂਰੋਪੀ ਫੈਡਰੇਸ਼ਨ ਨੂੰ ਲਿਖੀ ਚਿੱਠੀ ਵਿਚ ਮੀਰਵਾਇਜ਼ ਨੇ ਕਿਹਾ, “ਹੁਰੀਅਤ ਕਾਨਫਰੰਸ ਇੰਝ ਮੰਨਦੀ ਹੈ ਕਿ ਸਾਰੀਆਂ ਜਮਹੂਰੀ ਕਦਰਾਂ ਕੀਮਤਾਂ ਨੂੰ ਇਕ ਪਾਸੇ ਰੱਖਦੇ ਹੋਏ ਭਾਰਤ ਦੀ ‘ਲੋਕਤੰਤਰਿਕ’ ਸਰਕਾਰ ਸਾਡੇ ਖਿਲਾਫ ਜੰਗ ਲੜ ਰਹੀ ਹੈ।”

ਆਪਣੀ ਚਿੱਠੀ ‘ਚ ਹੁਰੀਅਤ ਆਗੂ ਨੇ ਕੌਮਾਂਤਰੀ ਭਾਈਚਾਰੇ ਤੋਂ ਕਸ਼ਮੀਰ ਦੇ ਹਾਲਾਤ ‘ਤੇ ਮਦਦ ਮੰਗੀ ਹੈ ਅਤੇ ਕਿਹਾ ਹੈ ਕਿ ਇੰਨੇ ਵੱਡੇ ਦੁਖਾਂਤ ‘ਤੇ ਵੀ ਉਹ ਚੁੱਪ ਕਿਉਂ ਹਨ?

ਆਪਣੀ ਲੰਮੀ ਚਿੱਠੀ ‘ਚ ਉਨ੍ਹਾਂ ਨੇ ਇਹ ਵੀ ਲਿਖਿਆ, “ਕਸ਼ਮੀਰ ਦਾ ਮਸਲਾ ਇਥੋਂ ਦੇ ਲੋਕਾਂ ਵਲੋਂ ਆਪਣੇ ਫੈਸਲੇ ਖੁਦ ਲੈਣ ਦੇ ਅਧਿਕਾਰ ਦਾ ਮਸਲਾ ਹੈ। ਪਾਕਿਸਤਾਨ ਅਤੇ ਭਾਰਤ ‘ਕੱਲੇ ਇਸ ਨੂੰ ਹੱਲ ਨਹੀਂ ਕਰ ਸਕਦੇ। ਇਸ ਲਈ ਕੌਮਾਂਤਰੀ ਸੰਸਥਾਵਾਂ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।”

ਜ਼ਿਕਰਯੋਗ ਹੈ ਕਿ ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਹਿਜ਼ਬੁਲ ਕਮਾਂਡਰ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਕਸ਼ਮੀਰ ਦੇ ਹਾਲਾਤ ਹੋਰ ਵੀ ਵਿਗੜ ਗਏ ਸਨ ਅਤੇ ਲਗਾਤਾਰ ਰੋਸ ਪ੍ਰਦਰਸ਼ਨਾਂ, ਭਾਰਤੀ ਪੁਲਿਸ ਅਤੇ ਨੀਮ ਫੌਜੀ ਦਸਤਿਆਂ ਦੀਆਂ ਗੋਲੀਆਂ ਨਾਲ ਹੁਣ ਤਕ 100 ਦੇ ਕਰੀਬ ਨੌਜਵਾਨ ਮਾਰੇ ਗਏ ਹਨ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਜ਼ਖਮੀ ਹਨ। ਪਿਛਲੇ ਤਕਰੀਬਨ 50 ਦਿਨਾਂ ਤੋਂ ਕਸ਼ਮੀਰ ਵਿਚ ਕਰਫਿਊ ਜਾਰੀ ਹੈ।

(ਧੰਨਵਾਦ: ਬੀਬੀਸੀ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: