ਡੇਰਾ ਬਾਬਾ ਨਾਨਕ: ਕਰਤਾਰਪੁਰ ਸਾਹਿਬ ਦੇ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ (ਲਹਿੰਦਾ ਪੰਜਾਬ) ਦੇ ਦਰਸ਼ਨਾਂ ਵਾਸਤੇ ਜਾਣ ਵਾਲੀਆਂ ਸਿੱਖ ਸੰਗਤਾਂ ਭਲਕੇ ਤੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਨਹੀਂ ਜਾ ਸਕਣਗੀਆਂ ਕਿਉਂਕਿ ਭਾਰਤ ਸਰਕਾਰ ਨੇ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਉੱਪਰ ਅਣਮਿੱਥੇ ਸਮੇਂ ਲਈ ਰੋਕ ਲਗਾ ਦਿੱਤੀ ਹੈ।
ਭਾਰਤ ਸਰਕਾਰ ਦਾ ਕਹਿਣਾ ਹੈ ਕਿ ਇਹ ਰੋਕ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਦੀ ਲੜੀ ਤਹਿਤ ਲਗਾਈ ਗਈ ਹੈ।
ਸ਼੍ਰੋ.ਗੁ.ਪ੍ਰ.ਕ. ਨੇ ਇਤਰਾਜ਼ ਪ੍ਰਗਟ ਕੀਤਾ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਉਪਰ ਰੋਕ ਲਾਉਣ ਦੇ ਫੈਸਲੇ ਉੱਤੇ ਇਤਰਾਜ ਪ੍ਰਗਟ ਕੀਤਾ ਗਿਆ ਹੈ।
ਸ਼੍ਰੋ.ਗੁ.ਪ੍ਰ.ਕ. ਨੇ ਕਿਹਾ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਉੱਪਰ ਰੋਕ ਨਹੀਂ ਸੀ ਲਗਾਈ ਜਾਣੀ ਚਾਹੀਦੀ ਬਲਕਿ ਇਹਤਿਆਤ ਵਿੱਚ ਵਾਧਾ ਕਰਕੇ ਕਰੋਨਾ ਵਾਇਰਸ ਦੀ ਰੋਕਥਾਮ ਕੀਤੀ ਜਾ ਸਕਦੀ ਸੀ। ਸ਼੍ਰੋ.ਗੁ.ਪ੍ਰ.ਕ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸਿੱਖ ਸੰਗਤਾਂ ਬਹੁਤ ਸ਼ਰਧਾ ਭਾਵਨਾ ਨਾਲ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੀਆਂ ਹਨ ਉਨ੍ਹਾਂ ਨੂੰ ਇੰਝ ਰੋਕਣਾ ਸਹੀ ਨਹੀਂ ਹੈ ਅਤੇ ਸਰਕਾਰ ਨੂੰ ਚਾਹੀਦਾ ਸੀ ਕਿ ਮੈਡੀਕਲ ਟੀਮਾਂ ਤਾਇਨਾਤ ਕਰਕੇ ਲੋਕਾਂ ਨੂੰ ਕਰੋਨਾ ਵਾਇਰਸ ਪ੍ਰਤੀ ਸੁਚੇਤ ਕੀਤਾ ਜਾਂਦਾ ਅਤੇ ਇਸ ਦੀ ਰੋਕਥਾਮ ਲਈ ਇਹਤਿਆਤ ਵਾਲੇ ਕਦਮ ਚੁੱਕੇ ਜਾਂਦੇ।
ਖਬਰਖਾਨਾਂ ਅਤੇ ਅਫਸਰਸ਼ਾਹੀ ਯਾਤਰਾ ਪ੍ਰਤੀ ਮੰਦ ਭਾਵਨਾ ਰੱਖਦੀ ਸੀ:
ਜਿਕਰਯੋਗ ਹੈ ਕਿ ਪਹਿਲਾਂ ਵੀ ਭਾਰਤੀ ਖਬਰਖਾਨੇ ਅਤੇ ਅਫਸਰਸ਼ਾਹੀ ਵੱਲੋਂ ਕਰਤਾਰਪੁਰ ਸਾਹਿਬ ਦੀ ਯਾਤਰਾ ਵਿਰੁੱਧ ਭੰਡੀ ਪ੍ਰਚਾਰ ਕੀਤਾ ਜਾਂਦਾ ਰਿਹਾ ਸੀ ਜਿਸ ਕਾਰਨ ਸਿੱਖ ਸਫਾਂ ਵਿੱਚ ਇਸ ਗੱਲ ਪ੍ਰਤੀ ਧਾਰਨਾ ਬਣ ਰਹੀ ਸੀ ਕਿ ਭਾਰਤ ਸਰਕਾਰ ਆਨੇ ਬਹਾਨੇ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਉੱਪਰ ਰੋਕ ਲਾਉਣਾ ਚਾਹੁੰਦੀ ਹੈ।
ਪੰਜਾਬ ਪੁਲੀਸ ਮੁਖੀ ਦੀ ਮੰਦ-ਬਿਆਨੀ:
ਦੱਸ ਦੇਈਏ ਕਿ ਕੁਝ ਹਫਤੇ ਪਹਿਲਾਂ ਪੰਜਾਬ ਪੁਲਿਸ ਮੁਖੀ ਦਿਨੇਸ਼ ਗੁਪਤਾ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਬਾਰੇ ਮੰਦ ਬਿਆਨੀ ਕੀਤੀ ਗਈ ਸੀ ਜਿਸ ਦਾ ਕਿ ਸਿੱਖ ਜਗਤ ਵੱਲੋਂ ਡਟਵਾਂ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਮੁਖੀ ਨੂੰ ਆਪਣੇ ਬਿਆਨ ਉੱਪਰ ਅਫਸੋਸ ਪ੍ਰਗਟ ਕਰਨਾ ਪਿਆ ਸੀ।