ਸ਼੍ਰੀ ਅੰਮ੍ਰਿਤਸਰ, ਪੰਜਾਬ (20 ਮਈ, 2012): ਸ਼੍ਰੀ ਦਰਬਾਰ ਸਾਹਿਬ ਉੱਤੇ ਭਾਰਤੀ ਫੌਜ ਵੱਲੋਂ ਜੂਨ 1984 ਵਿਚ ਕੀਤੇ ਗਏ ਹਮਲੇ ਮੌਕੇ ਵਾਪਰੇ ਘੱਲੂਘਾਰੇ ਦੀ ਯਾਦਗਾਰ ਉਸਾਰਨ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਜਦੀਕ ਮੀਰੀ-ਪੀਰੀ ਦੇ ਨਿਸ਼ਾਨ ਸਾਹਿਬਾਨ ਦੇ ਕੋਲ ਅੱਜ ਟੱਕ ਲਾਇਆ ਗਿਆ। ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕੀਤਾ।
ਇਸ ਤੋਂ ਬਾਅਦ ਵੱਖ-ਵੱਖ ਧਾਰਮਕ ਸਖਸ਼ੀਅਤਾਂ ਵੱਲੋਂ ਟੱਕ ਲਾ ਕੇ ਯਾਦਗਾਰ ਦੀ ਉਸਾਰੀ ਦੀ ਸ਼ੁਰੂਆਤ ਕੀਤੀ ਗਈ।
ਆਪਣੇ ਸੰਬੋਧਨ ਦੌਰਾਨ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਤਿਹਾਸ ਕੌਮਾਂ ਦਾ ਸਿਰਮਾਇਆ ਹੁੰਦਾ ਹੈ ਤੇ ਯਾਦ ਇਤਿਹਾਸ ਨੂੰ ਜਿੰਦਾ ਰੱਖਦੀ ਹੈ। ਇਸ ਮੌਕੇ ਅਨੇਕਾਂ ਸਿੱਖ ਸਖਸ਼ੀਅਤਾਂ ਤੇ ਆਗੂ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਜਾਂ ਬਾਬਾ ਹਰਨਾਮ ਸਿੰਘ ਧੁੰਮਾ ਜਿਨ੍ਹਾਂ ਨੂੰ ਇਸ ਯਾਦਗਾਰ ਦੀ ਸੇਵਾ ਸੌਂਪੀ ਗਈ ਹੈ, ਅਜੇ ਤੱਕ ਯਾਦਗਾਰ ਦੀ ਰੂਪ-ਰੇਖਾ ਸਪਸ਼ਟ ਨਹੀਂ ਕਰ ਸਕੇ।
ਅੱਜ ਪੰਥਕ ਜਥੇਬੰਦੀਆਂ ਵੱਲੋਂ ਬਣਾਈ ਗਈ “ਘੱਲੂਘਾਰਾ ਯਾਦਗਾਰ ਕਮੇਟੀ” ਨੇ ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਮਦਮੀ ਟਕਸਾਲ ਤੇ ਮਹਿਤ ਧੜੇ ਤੱਕ ਪਹੁੰਚ ਕਰਕੇ ਘੱਲੂਘਾਰਾ ਯਾਦਗਾਰ ਦੀ ਰੂਪ ਰੇਖਾ ਤੈਅ ਕਰਨ ਲਈ ਕਮੇਟੀ ਬਣਾਉਣ ਲਈ ਕਿਹਾ ਹੈ। ਘੱਲੂਘਾਰਾ ਯਾਦਗਾਰ ਕਮੇਟੀ ਨੇ ਇਸ ਯਾਦਗਾਰ ਦੀ ਰੂਪਰੇਖਾਂ ਮਿੱਥਣ ਲਈ ਬਣਨ ਵਾਲੀ ਕਿਸੇ ਵੀ ਕਮੇਟੀ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।