ਅੰਮ੍ਰਿਤਸਰ: ਦਰਬਾਰ ਸਾਹਿਬ ਸਮੂਹ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਦੀ ਸਾਂਭ-ਸੰਭਾਲ ਤੇ ਰੰਗ ਰੋਗਨ ਦਾ ਕੰਮ ਲਗਭਗ ਸਾਢੇ ਤਿੰਨ ਦਹਾਕਿਆਂ ਮਗਰੋਂ 2 ਜੁਲਾਈ ਨੂੰ ਸ਼ੁਰੂ ਹੋਣਾ ਹੈ। ਜੂਨ 1984 ਵਿੱਚ ਵਾਪਰੇ ਘੱਲੂਘਾਰੇ ਸਮੇਂ ਅੱਗ ਲੱਗਣ ਅਤੇ ਗੋਲੀਬਾਰੀ ਨਾਲ ਪ੍ਰਭਾਵਿਤ ਹੋਈ ਇਸ ਇਮਾਰਤ ਨੂੰ ਸ਼੍ਰੋਮਣੀ ਕਮੇਟੀ ਨੇ ਯਾਦਗਾਰ ਵਜੋਂ ਸੰਭਾਲਿਆ ਹੋਇਆ ਹੈ।
1937 ਵਿੱਚ ਬਣੀ ਇਸ ਇਮਾਰਤ ਨੂੰ ਗੁਰਦੁਆਰਾ ਸੁਧਾਰ ਲਹਿਰ ਦੇ ਆਗੂ ਸ. ਤੇਜਾ ਸਿੰਘ ਸਮੁੰਦਰੀ ਨੂੰ ਸਮਰਪਿਤ ਕੀਤਾ ਗਿਆ ਸੀ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਨੀ ਮੈਂਬਰਾਂ ਵਿੱਚੋਂ ਸਨ। ਉਨ੍ਹਾਂ ਦੇ ਨਾਂ ‘ਤੇ ਬਣੀ ਇਸ ਇਮਾਰਤ ਨੇ ਹੁਣ ਤਕ ਲਗਭਗ 40 ਸ਼੍ਰੋਮਣੀ ਕਮੇਟੀ ਪ੍ਰਧਾਨਾਂ ਨੂੰ ਦੇਖਿਆ ਅਤੇ ਇਸ ਹਾਲ ਵਿੱਚ ਸਿੱਖ ਕੌਮ ਲਈ ਕਈ ਅਹਿਮ ਫੈਸਲੇ ਕੀਤੇ ਗਏ। ਇਸ ਇਮਾਰਤ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ, ਸਕੱਤਰ ਤੇ ਹੋਰ ਅਮਲੇ ਦੇ ਅਹਿਮ ਦਫ਼ਤਰ ਹਨ। ਪ੍ਰਧਾਨ ਦਾ ਦਫ਼ਤਰ ਹੁਣ ਨਵੀਂ ਇਮਾਰਤ ਵਿੱਚ ਸਥਾਪਤ ਕੀਤਾ ਗਿਆ ਹੈ। ਜੂਨ 1984 ਵਿੱਚ ਵਾਪਰੇ ਸਾਕਾ ਨੀਲਾ ਤਾਰਾ ਸਮੇਂ ਇਸ ਇਮਾਰਤ ਦੀ ਤੀਜੀ ਮੰਜ਼ਿਲ ਵਿੱਚ ਅੱਗ ਲੱਗ ਗਈ ਸੀ, ਜਿਸ ਨਾਲ ਇਮਾਰਤ ਦਾ ਉੱਪਰਲਾ ਹਿੱਸਾ ਤਬਾਹ ਹੋ ਗਿਆ ਸੀ। ਇਸ ਵਿੱਚ ਰੱਖਿਆ ਰਿਕਾਰਡ ਤੇ ਹੋਰ ਸਾਮਾਨ ਵੀ ਨਸ਼ਟ ਹੋ ਗਿਆ ਸੀ। ਦੁਵੱਲੀ ਗੋਲੀਬਾਰੀ ਕਾਰਨ ਵੀ ਇਮਾਰਤ ਪ੍ਰਭਾਵਿਤ ਹੋਈ ਸੀ। ਉਸ ਵੇਲੇ ਤੋਂ ਲੈ ਕੇ ਹੁਣ ਤਕ ਇਸ ਇਮਾਰਤ ਦੇ ਬਾਹਰੀ ਹਿੱਸੇ ਵਿੱਚ ਰੰਗ ਰੋਗਨ ਨਹੀਂ ਕੀਤਾ ਗਿਆ ਅਤੇ ਗੋਲੀਆਂ ਦੇ ਨਿਸ਼ਾਨ ਵੀ ਪਹਿਲਾਂ ਵਾਂਗ ਮੌਜੂਦ ਹਨ। ਇਸ ਇਮਾਰਤ ਨੂੰ ਸਾਕਾ ਨੀਲਾ ਤਾਰਾ ਫੌਜੀ ਹਮਲੇ ਦੀ ਯਾਦ ਵਜੋਂ ਸੰਭਾਲਿਆ ਹੋਇਆ ਹੈ। ਇਸ ਆਧਾਰ ‘ਤੇ ਹੀ ਸ਼੍ਰੋਮਣੀ ਕਮੇਟੀ ਨੇ ਕੇਂਦਰ ਸਰਕਾਰ ਖ਼ਿਲਾਫ਼ ਸੌ ਕਰੋੜ ਰੁਪਏ ਮੁਆਵਜ਼ੇ ਦਾ ਕੇਸ ਵੀ ਦਾਇਰ ਕੀਤਾ ਹੋਇਆ ਹੈ। ਸ਼੍ਰੋਮਣੀ ਕਮੇਟੀ ਨੇ ਕੁਝ ਸਮਾਂ ਪਹਿਲਾਂ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਇਸ ਇਮਾਰਤ ਦੀ ਸਾਂਭ ਸੰਭਾਲ ਦਾ ਫੈਸਲਾ ਕੀਤਾ ਸੀ, ਜਿਸ ਤਹਿਤ ਇਸ ਦੀ ਸਾਂਭ ਸੰਭਾਲ ਦੀ ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੌਂਪੀ ਗਈ, ਜੋ 2 ਜੁਲਾਈ ਨੂੰ ਰਸਮੀ ਤੌਰ ‘ਤੇ ਸਾਂਭ ਸੰਭਾਲ ਦਾ ਕੰਮ ਸ਼ੁਰੂ ਕਰਨਗੇ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਇਮਾਰਤ ਦੀ ਸਾਂਭ-ਸੰਭਾਲ ਅਤੇ ਰੰਗ ਰੋਗਨ ਕੀਤਾ ਜਾਵੇਗਾ ਲੇਕਿਨ ਇਮਾਰਤ ਦੇ ਪੁਰਾਤਨ ਸਰੂਪ ਨਾਲ ਕੋਈ ਛੇੜਛਾੜ ਨਹੀਂ ਹੋਵੇਗੀ। ਭਾਰਤੀ ਫੌਜੀ ਹਮਲੇ ਸਮੇਂ ਦੇ ਗੋਲੀਆਂ ਦੇ ਨਿਸ਼ਾਨ ਵੀ ਆਧੁਨਿਕ ਤਕਨੀਕ ਨਾਲ ਸੰਭਾਲੇ ਜਾਣਗੇ, ਜਿਨ੍ਹਾਂ ਥਾਵਾਂ ‘ਤੇ ਗੋਲੀਆਂ ਦੇ ਨਿਸ਼ਾਨ ਹਨ, ਉਨ੍ਹਾਂ ਚੁਫੇਰੇ ਨਿਸ਼ਾਨ ਲਾ ਕੇ ਅਤੇ ਇਸ ਉਪਰ ਸ਼ੀਸ਼ਾ ਲਾਇਆ ਜਾਵੇਗਾ। ਇਸ ਤਕਨੀਕ ਨਾਲ ਹੀ ਪਹਿਲਾਂ ਵੀ ਆਟਾ ਮੰਡੀ ਵਾਲੇ ਪਾਸੇ ਅਤੇ ਦਰਸ਼ਨੀ ਡਿਉਢੀ ਵਿੱਚ ਵੀ ਗੋਲੀਬਾਰੀ ਦੇ ਨਿਸ਼ਾਨ ਸੰਭਾਲੇ ਗਏ ਹਨ।
ਸਾਕਾ ਨੀਲਾ ਤਾਰਾ ਦੌਰਾਨ ਹੋਈ ਗੋਲੀਬਾਰੀ ਦੇ ਨਿਸ਼ਾਨ ਆਧੁਨਿਕ ਤਕਨੀਕ ਨਾਲ ਸੰਭਾਲੇ ਜਾਣਗੇ
ਇਸ ਇਮਾਰਤ ਦੇ ਬਾਹਰਲੇ ਹਿੱਸੇ ‘ਤੇ ਇਸ ਵੇਲੇ 70 ਤੋਂ 80 ਦੀ ਗਿਣਤੀ ਵਿੱਚ ਗੋਲੀਆਂ ਦੇ ਨਿਸ਼ਾਨ ਹਨ, ਜਦੋਂ ਕਿ ਇਮਾਰਤ ਦੇ ਦੋਵੇਂ ਪਾਸੇ ਵੀ ਗੋਲੀਆਂ ਦੇ ਨਿਸ਼ਾਨ ਹਨ। ਇਮਾਰਤ ਦੀ ਤੀਜੀ ਮੰਜ਼ਿਲ ਵਿੱਚ ਅੱਗ ਲੱਗਣ ਦੇ ਵੀ ਨਿਸ਼ਾਨ ਹਨ। ਭਾਰਤੀ ਫੌਜ ਦੇ ਹਮਲੇ ਸਮੇਂ ਗੋਲੀਬਾਰੀ ਨਾਲ ਅਕਾਲ ਤਖ਼ਤ ਤੇ ਦਰਬਾਰ ਸਾਹਿਬ ਤੋਂ ਇਲਾਵਾ ਤੇਜਾ ਸਿੰਘ ਸਮੁੰਦਰੀ ਹਾਲ, ਗੁਰੂ ਨਾਨਕ ਨਿਵਾਸ, ਸ੍ਰੀ ਗੁਰੂ ਰਾਮਦਾਸ ਸਰਾਂ, ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਹੋਰ ਇਮਾਰਤਾਂ ਨੂੰ ਭਾਰੀ ਨੁਕਸਾਨ ਪੁੱਜਿਆ ਸੀ।