ਲੁਧਿਆਣਾ: ਆਮ ਆਦਮੀ ਪਾਰਟੀ ਦੇ ਆਗੂ ਕੰਵਰ ਸੰਧੂ ਨੂੰ ਅੱਜ ਲੁਧਿਆਣਾ ਦੀ ਅਦਾਲਤ ਨੇ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਕੰਵਰ ਸੰਧੂ ਖਿਲਾਫ ਫਾਸਟਵੇਅ ਕੰਪਨੀ ਨੇ ਮਾਣਹਾਨੀ ਦਾ ਕੇਸ ਕੀਤਾ ਹੋਇਆ ਹੈ। ਇਸ ਮਾਮਲੇ ਵਿਚ ਲੁਧਿਆਣਾ ਦੀ ਅਦਾਲਤ ਵਲੋਂ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ।
ਸੋਮਵਾਰ ਨੂੰ ਕੰਵਰ ਸੰਧੂ ਦੇ ਵਕੀਲ ਹਰਪ੍ਰੀਤ ਸੰਧੂ ਨੇ ਲੁਧਿਆਣਾ ਦੀ ਅਦਾਲਤ ਵਿਚ ਪੇਸ਼ ਹੋ ਕੇ ਐਡੀਸ਼ਨਲ ਸੈਸ਼ਨ ਜੱਜ ਜਸਪਿੰਦਰ ਸਿੰਘ ਸਾਹਮਣੇ ਪੂਰਾ ਮਾਮਲਾ ਰੱਖਿਆ ਅਤੇ ਦੱਸਿਆ ਕਿ ਸੰਧੂ ਨੇ ਜਾਣਬੁੱਧ ਕੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਨਹੀਂ ਕੀਤੀ ਬਲਕਿ ਉਹ ਤਰੀਕ ਭੁੱਲ ਗਏ ਸਨ। ਅਦਾਲਤ ਨੇ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਉਨ੍ਹਾਂ ਦੀ ਅੰਤਰਿਮ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ। ਅਦਾਲਤ ਨੇ ਨਿਰੇਸ਼ ਦਿੱਤੇ ਹਨ ਕਿ ਕੰਵਰ ਸੰਧੂ ਇਕ ਹਫਤੇ ਦੇ ਅੰਦਰ ਅਦਾਲਤ ਵਿਚ ਪੇਸ਼ ਹੋਣ।