January 28, 2011 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ (27 ਜਨਵਰੀ, 2011): ਅਮਰੀਕਾ ਵਿਚ ਮੰਤਰੀ ਕਮਲ ਨਾਥ ਨੂੰ ਮੁਕੱਦਮੇ ਤੋਂ ਬਚਾਉਣ ਲਈ ਭਾਰਤ ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਦੇ ਖਿਲਾਫ ਨਵੰਬਰ 1984 ਦੇ ਸੈਂਕੜੇ ਪੀੜਤਾਂ ਤੇ ਵਿਧਵਾਵਾਂ ਨੇ ਰੋਸ ਪ੍ਰਦਰਸ਼ਨ ਕੀਤਾ ਤੇ ਮੰਗ ਕੀਤੀ ਕਿ ਕਮਲ ਨਾਥ ਨੂੰ ਮੰਤਰੀ ਮੰਡਲ ਵਿਚੋਂ ਕੱਢ ਦਿੱਤਾ ਜਾਵੇ। ਰੋਸ ਪ੍ਰਦਰਸ਼ਨ ਦੌਰਾਨ ਪੀੜਤਾਂ ਨੇ ਤਖਤੀਆਂ ਚੁਕੀਆਂ ਹੋਈਆਂ ਸੀ ਤੇ ਉਹ ਕਮਲ ਨਾਥ ਨੂੰ ਮੰਤਰੀ ਮੰਡਲ ਵਿਚੋਂ ਕੱਢਣ ਅਤੇ ਨਵੰਬਰ 1984 ਵਿਚ ਗੁਰਦੁਆਰਾ ਰਕਾਬ ਗੰਜ ’ਤੇ ਹਮਲਾ ਕਰਨ ਵਾਲੀ ਭੀੜ ਦੀ ਅਗਵਾਈ ਕਰਨ ਅਤੇ ਸਿਖਾਂ ਦਾ ਕਤਲ ਕਰਨ ਲਈ ਉਸ ’ਤੇ ਮੁਕੱਦਮਾ ਚਲਾਉਣ ਦੀ ਮੰਗ ਕਰਦੇ ਹੋਏ ਨਾਅਰੇ ਲਗਾ ਰਹੇ ਸੀ।
ਪੀੜਤਾਂ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਇਕ ਮੰਗ ਪੱਤਰ ਵੀ ਦਿੱਤਾ ਜਿਸ ਵਿਚ ਮੰਗ ਕੀਤੀ ਗਈ ਕਿ ਸਿਖਾਂ ਦੇ ਕਾਤਲਾਂ ਨੂੰ ਬਚਾਉਣ ਬੰਦ ਕਰੋ ਤੇ ਅਮਰੀਕਾ ਦੀ ਅਦਾਲਤ ਵਿਚ ਨਸਲਕੁਸ਼ੀ ਦੇ ਮੁਕੱਦਮੇ ਵਿਚ ਕੂਟਨੀਟਿਕ ਛੋਟ ਹਾਸਿਲ ਕਰਨ ਵਿਚ ਕਮਲ ਨਾਥ ਦੀ ਮਦਦ ਕਰਨਾ ਛੱਡ ਦੇਣ।
ਰੈਲੀ ਦਾ ਪ੍ਰਬੰਧ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ (ਏ ਆਈ ਐਸ ਐਸ ਐਫ), ਨੈਸ਼ਨਲ 1984 ਵਿਕਟਿਸਮ ਜਸਟਿਸ ਐਂਡ ਵੈਲਫੇਅਰ ਸੁਸਾਇਟੀ ਤੇ ਸਿਖਸ ਫਾਰ ਜਸਟਿਸ ਵਲੋਂ ਕੀਤਾ ਗਿਆ ਸੀ। ਇਕੱਠ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਸਿਖ ਸਟੂਡੈਂਟਸ ਫੈਡਕਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਮੰਗ ਕੀਤੀ ਕਿ ਭਾਰਤ ਨੂੰ ਸਿਖਾਂ ਦੇ ਕਾਤਲਾਂ ਨੂੰ ਬਚਾਉਣ ਤੇ ਉਨ੍ਹਾਂ ਦੀ ਪੈਰਵਾਈ ਕਰਨ ਦੀ ਨੀਤੀ ਨੂੰ ਛੱਡ ਦੇਣਾ ਚਾਹੀਦਾ ਹੈ ਤੇ ਕਮਲ ਨਾਥ ਨੂੰ ਮੰਤਰੀ ਮੰਡਲ ਵਿਚੋਂ ਕੱਢ ਦੇਣ ਤੇ ਅਮਰੀਕੀ ਅਦਾਲਤ ਵਿਚ ਚਲ ਰਹੇ 1984 ਸਿਖ ਨਸਲੁਕਸ਼ੀ ਦੇ ਮੁਕੱਦਮੇ ਵਿਚ ਕਮਲ ਨਾਥ ਲਈ ਕੂਟਨੀਤਿਕ ਛੋਟ ਹਾਸਿਲ ਨਹੀਂ ਕਰਨੀ ਚਾਹੀਦੀ ਹੈ।
ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਅਮਰੀਕਾ ਮਨੁੱਖੀ ਅਧਿਕਾਰਾਂ ਤੇ ਇਨਸਾਫ ਦੀ ਇਕ ਮਿਸਾਲ ਹੈ ਤੇ ਉਸ ਨੂੰ ਇਕ ਕਾਤਲ ਨੂੰ ਮੁਕੱਦਮੇ ਤੋਂ ਬਚਾਉਣਾ ਨਹੀਂ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਪੀੜਤ ਭਾਰਤ ਵਿਚ ਅਮਰੀਕੀ ਰਾਜਦੂਤ ਨੂੰ ਵੀ ਮੰਗ ਪੱਤਰ ਦੇਕੇ ਮੰਗ ਕਰਨਗੇ ਕਿ ਉਨ੍ਹਾਂ ਦੀ ਸਰਕਾਰ ਕਾਤਲ ਨੂੰ ਬਚਾਉਣ ਦੀ ਬਜਾਏ ਨਵੰਬਰ 1984 ਦੇ ਪੀੜਤਾਂ ਦਾ ਪੱਖ ਲਵੇ।
ਨੈਸ਼ਨਲ 1984 ਵਿਕਟਿਮਸ ਜਸਟਿਸ ਐਂਡ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਾਬੂ ਸਿੰਘ ਦੁਖੀਆ ਨੇ ਕਿਹਾ ਕਿ ਪਿਛਲੇ 26 ਸਾਲਾਂ ਤੋਂ ਭਾਰਤ ਵਿਚ 1984 ਦੇ ਪੀੜਤਾਂ ਨੂੰ ਇਨਸਾਫ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਤੇ ਹੁਣ ਜਦੋਂ ਕੌਮਾਂਤਰੀ ਪੱਧਰ ’ਤੇ ਇਨਸਾਫ ਲੈਣ ਲਈ ਯਤਨ ਕੀਤੇ ਜਾ ਰਹੇ ਹਨ ਤਾਂ ਕਾਂਗਰਸ (ਆਈ) ਦੇ ਆਗੂ ਉਨ੍ਹਾਂ ਦੇ ਯਤਨਾਂ ਨੂੰ ਢਾਹ ਲਾ ਰਹੇ ਹਨ।
ਉਨ੍ਹਾਂ ਨੇ ਕਿਹਾ ਅੱਗੇ ਕਿਹਾ ਕਿ ਜੇਕਰ ਕਮਲ ਨਾਥ ਨੂੰ ਮੰਤਰੀ ਮੰਡਲ ਵਿਚੋਂ ਨਾ ਕੱਢਿਆ ਗਿਆ ਤਾਂ ਨਵੰਬਰ 1984 ਦੇ ਪੀੜਤ ਭੁੱਖ ਹੜਤਾਲ ’ਤੇ ਚਲੇ ਜਾਣਗੇ ਤੇ ਸਾਡੀ ਮੌਤ ਲਈ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜ਼ਿੰਮੇਵਾਰ ਹੋਣਗੇ।
Related Topics: All India Sikh Students Federation (AISSF), Indian Satae, ਸਿੱਖ ਨਸਲਕੁਸ਼ੀ 1984 (Sikh Genocide 1984)