ਵਿਦੇਸ਼

ਘੱਲੂਘਾਰਾ ਜੂਨ 84 ਦੇ ਮੁਕਾਬਲੇ ਐਮਰਜੈਂਸੀ ਦੌਰਾਨ ਸਰਕਾਰੀ ਜ਼ੁਲਮ ਨਾਮਾਤਰ : ਯੂਨਾਈਟਿਡ ਖਾਲਸਾ ਦਲ ਯੂਕੇ

By ਸਿੱਖ ਸਿਆਸਤ ਬਿਊਰੋ

June 27, 2016

ਲੰਡਨ: 26 ਜੂਨ 1975 ਨੂੰ ਭਾਰਤ ਦੀ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਵਲੋਂ ਦੇਸ਼ ਭਰ ਵਿੱਚ ਲਗਾਈ ਗਈ ਐਮਰਜੈਂਸੀ ਦੇ 41 ਸਾਲ ਬਾਅਦ ਇਸ ਦੀ ਮੋਦੀ ਤੋਂ ਲੈਕ ਕੇ ਹਰ ਭਾਜਪਾਈ ਅਤੇ ਭਾਜਪਾਈਆਂ ਦੇ ਕੁੱਛੜ ਚੜ੍ਹੇ ਬਾਦਲ ਵਰਗੇ ਅਨੇਕਾਂ ਕੌਮ ਘਾਤਕਾਂ ਵਲੋਂ ਨਿਖੇਧੀ ਕੀਤੀ ਗਈ ਅਤੇ ਰੱਜ ਕੇ ਕੀਰਨੇ ਪਾਏ ਗਏ। ਪਰ ਹੈਰਾਨੀ ਦੀ ਗੱਲ ਕਿ ਇਹਨਾਂ ਲੋਕਾਂ ਨੇ 1984 ਦੇ ਜੂਨ ਮਹੀਨੇ ਦੀ ਪਹਿਲੀ ਤਰੀਕ ਤੋਂ ਲੈ ਕੇ ਅੱਜ ਤੱਕ ਯੋਜਨਾ ਬੱਧ ਤਰੀਕੇ ਨਾਲ ਸਿੱਖਾਂ ਦੇ ਸਰਕਾਰੀ ਤੌਰ ‘ਤੇ ਕੀਤੇ ਗਏ ਅਤੇ ਨਿਰੰਤਰ ਜਾਰੀ ਕਤਲੇਆਮ ਬਾਰੇ ਅਕਸਰ ਮੋਨ ਹੀ ਰੱਖਿਆ ਜਾਂਦਾ ਹੈ।

ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਦਲ ਦੇ ਜਨਰਲ ਸਕੱਤਰ ਲਵਸਿ਼ੰਦਰ ਸਿੰਘ ਡੱਲੇਵਾਲ ਨੇ ਇਹਨਾਂ ਦੇ ਇਸ ਦੋਹਰੇ ਵਿਵਹਾਰ ਦੀ ਨਿੰਦਾ ਕਰਦਿਆਂ ਆਖਿਆ ਕਿ ਇਹ ਗੱਲਾਂ ਪ੍ਰਤੱਖ ਪ੍ਰਣਾਮ ਹਨ ਕਿ ਸਿੱਖ ਕੌਮ ਦੀ ਅਣਖ, ਗੈਰਤ ਅਤੇ ਸ਼ਾਨ ਨੂੰ ਮਲੀਆਮੇਟ ਕਰਨ ਦੇ ਮਨਸੂਬਿਆਂ ਦਾ ਇਹਨਾਂ ਨੂੰ ਕੋਈ ਦਰਦ ਨਹੀਂ ਬਲਕਿ ਇਹਨਾਂ ਦੀ ਮੁੱਖ ਦੋਸ਼ਣ ਇੰਦਰਾ ਨਾਲ ਪੂਰੀ ਸਾਂਝ ਭਿਆਲਤਾ ਸੀ। ਗੌਰਤਲਬ ਹੈ ਕਿ ਐਮਰਜੈਂਸੀ ਦੌਰਾਨ ਜਿੰਨਾ ਕੁ ਧੱਕਾ ਅਤੇ ਜ਼ੁਲਮ ਕੁਲ ਮਿਲਾਕੇ ਹੋਇਆ ਸੀ ਉਹ ਜੂਨ 1984 ਦੌਰਾਨ ਸਿੱਖਾਂ ‘ਤੇ ਹੋਏ ਸਰਕਾਰੀ ਜ਼ੁਲਮ, ਤਸ਼ੱਦਦ ਅਤੇ ਧੱਕੇਸ਼ਾਹੀਆਂ ਦੇ ਮੁਕਾਬਲੇ ਕੱਖ ਵੀ ਨਹੀਂ ਸੀ।

ਇੰਦਰਾ ਦੇ ਹੁਕਮ ਨਾਲ ਬਾਦਲ, ਲੌਂਗੋਵਾਲ, ਬਲਵੰਤ, ਟੌਹੜੇ ਵਰਗਿਆਂ ਦੀ ਸ਼ਹਿ ਅਤੇ ਭਾਜਪਾਈਆਂ ਦੇ ਉਤਸ਼ਾਹਤ ਅਤੇ ਉਕਸਾਹਟ ਕਰਨ ‘ਤੇ ਭਾਰਤੀ ਫੌਜ ਵਲੋਂ ਇੰਦਰਾ ਦੇ ਹੁਕਮ ਨਾਲ ਪਹਿਲਾਂ ਤੋਂ ਹੀ ਤਿਆਰਸ਼ੁਦਾ ਸਕੀਮ ਤਹਿਤ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਅਤੇ ਤੋਪਾਂ ਦੇ ਗੋਲਿਆਂ ਨਾਲ ਢਹਿ ਢੇਰੀ ਕੀਤਾ ਗਿਆ, ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਦੁੱਧ ਚੁੰਘਦੇ ਬੱਚਿਆਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ। ਜਿਸ ਤਰਾਂ 41 ਸਾਲ ਪਹਿਲਾਂ ਐਮਰਜੈਂਸੀ ਦੌਰਾਨ ਅਖਬਾਰਾਂ ‘ਤੇ ਸੈਂਸਰ ਲਗਾਈ ਗਈ ਸੀ ਉਸੇ ਤਰ੍ਹਾਂ ਹੀ ਜੂਨ 84 ਵਿੱਚ ਵੀ ਕੀਤਾ ਗਿਆ ਬਲਕਿ ਉਸ ਤੋਂ ਅੱਗੇ ਸਾਰੇ ਵਿਦੇਸ਼ੀ ਪੱਤਰਕਾਰਾਂ ਨੂੰ ਪੰਜਾਬ ਵਿੱਚੋਂ ਕੱਢ ਦਿੱਤਾ ਗਿਆ ਅਤੇ ਅੱਜ ਤੱਕ ਐਮਨੈਸਟੀ ਇੰਟਰਨੈਸ਼ਨਲ ਨੂੰ ਪੰਜਾਬ ਜਾਣ ਦੀ ਭਾਰਤ ਸਰਕਾਰ ਵਲੋਂ ਆਗਿਆ ਨਹੀਂ। ਦੋ ਲੱਖ ਭਾਰਤ ਦੀ ਫੌਜ ਅਤੇ ਅਰਧ ਸੈਨਿਕ ਬਲਾਂ ਨੂੰ ਪੰਜਾਬ ਵਿੱਚ ਸਿੱਖਾਂ ‘ਤੇ ਜੁ਼ਲਮ ਕਰਨ ਲਈ ਤੋਪਾਂ ਅਤੇ ਮਸ਼ੀਨਗੰਨਾਂ ਨਾਲ ਲੈਸ ਕਰਕੇ ਭੇਜਿਆ ਗਿਆ ਜਿਹਨਾਂ ਨੇ ਪਿੰਡਾਂ-ਪਿੰਡਾਂ ਵਿੱਚੋਂ ਅੰਮ੍ਰਿਤਧਾਰੀ ਸਿੱਖ ਨੌਜਵਾਨਾਂ ਨੂੰ ਫੜ-ਫੜ ਕੇ ਸ਼ਹੀਦ ਕੀਤਾ। ਇਸ ਖੂਨੀ ਵਰਤਾਰੇ ਬਾਰੇ ਮੋਦੀ, ਅਮਿਤ ਸ਼ਾਹ ਅਤੇ ਇਹਨਾਂ ਦੇ ਬਗਲਗੀਰਾਂ ਦੇ ਮੂੰਹ ਕਿਉਂ ਬੰਦ ਹਨ।

ਜਦਕਿ ਮਾਲੇਗਾਉਂ ਬੰਬ ਧਮਾਕਿਆਂ ਵਿੱਚ ਸ਼ਾਮਲ ਹਿੰਦੂ ਅੱਤਵਾਦੀਆਂ ਦੀ ਮੋਦੀ ਸਰਕਾਰ ਵਲੋਂ ਪੁਸ਼ਤ ਪਨਾਹੀ ਕਰਨਾ ਜ਼ਾਹਰ ਹੋਇਆ ਹੈ। ਕਰਨਲ ਪ੍ਰੋਹਿਤ, ਪ੍ਰਗਿੱਆ ਠਾਕੁਰ ਅਤੇ ਸਵਾਮੀ ਦਇਆਨੰਦ ਸਮੇਤ ਗ੍ਰਿਫਤਾਰ ਇਹਨਾਂ ਵਿਅਕਤੀਆਂ ਪ੍ਰਤੀ ਸਰਕਾਰ ਵਲੋਂ ਨਰਮੀ ਦਿਖਾਈ ਗਈ ਹੈ। ਹਿੰਦੂਤਵੀਆਂ ਵਲੋਂ ਭਾਰਤ ਨੂੰ ਇਸਲਾਮ ਮੁਕਤ ਕਰਨ ਦੀ ਕੋਝੀ ਚਾਲ ਦਾ ਅਸਲ ਨਿਸ਼ਾਨਾ ਭਾਰਤ ਨੂੰ ਹਿੰਦੂ, ਹਿੰਦੀ, ਹਿੰਦੋਸਤਾਨ ਦੇ ਰੂਪ ਵਿੱਚ ਤਬਦੀਲ ਕਰਨਾ ਹੈ। ਹਿੰਦੂਤਵੀਆਂ ਦੀ ਇਸ ਫਿਰਕਾਪ੍ਰਸਤ ਚਾਲ ਨੂੰ ਮੱਦੇ ਨਜ਼ਰ ਰੱਖਦਿਆਂ ਭਾਰਤ ਦੀਆਂ ਵਸਨੀਕ ਸਮੂਹ ਘੱਟ ਗਿਣਤੀਆਂ (ਜਿਹਨਾਂ ਵਿੱਚ ਸਿੱਖ, ਈਸਾਈ, ਬੋਧੀ, ਜੈਨੀ ਆਦਿ) ਸ਼ਾਮਲ ਹਨ, ਉਹਨਾਂ ਨੂੰ ਹਿੰਦੂਤਵੀਆਂ ਦੀ ਗੁਲਾਮੀ ਦਾ ਜੂਲਾ ਲਾਹੁਣ ਲਈ ਸਾਂਝਾ ਸੰਘਰਸ਼ ਵਿੱਢਣ ਦੀ ਲੋੜ ਹੈ। ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਸਮੂਹ ਸਿੱਖ ਜਥੇਬੰਦੀਆਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਹਿੰਦੂਤਵੀਆਂ ਦੇ ਨਾਪਾਕ ਇਰਾਦਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਿੱਖ ਸਿਧਾਤਾਂ ਅਤੇ ਸਿੱਖ ਅਦਾਰਿਆਂ ਵਿੱਚ ਭਗਵਾਂ ਧਾਰੀਆਂ ਦੀ ਹੋ ਰਹੀ ਘੁਸਪੈਠ ਨੂੰ ਰੋਕਣ ਲਈ ਇੱਕ ਮੁੱਠ ਹੋਣ।

ਪਾਕਿਸਤਾਨ ਦੇ ਬਾਨੀ ਕਾਇਦੇ ਆਜ਼ਮ ਜਿਨਾਹ ਵਲੋਂ ਤੱਤਕਾਲੀ ਸਿੱਖ ਲੀਡਰਾਂ ਨੂੰ ਦਿੱਤੀ ਗਈ ਚਿਤਾਵਨੀ ਸੱਚ ਸਾਬਤ ਹੋ ਰਹੀ ਹੈ ਕਿ ਤੁਸੀਂ ਹਿੰਦੂ ਨੂੰ ਗੁਲਾਮੀ ਹੰਢਾਉਂਦਿਆਂ ਦੇਖਿਆ ਹੈ ਪਰ ਜਦੋਂ ਅਜ਼ਾਦ ਦੇਖੋਂਗੇ ਪਤਾ ਤੁਹਾਨੂੰ ਫੇਰ ਲੱਗਣਾ ਹੈ, ਉਦੋਂ ਕੇਵਲ ਪਛਤਾਵੋਂਗੇ। ਸਿੱਖ ਕੌਮ ਦਾ ਬੇੜਾ ਗਰਕ ਕਰਨ ਵਾਲੇ ਅਨਪੜ੍ਹ ਅਤੇ ਨਿੱਜੀ ਲਾਲਸਾਵਾਂ ਨਾਲ ਲਬਰੇਜ਼ ਕੌਮ ਘਾਤਕ ਸਿੱਖ ਆਗੂਆਂ ਨੇ ਜਿਨਾਹ ਦੀ ਚਿਤਾਵਨੀ ਵੱਲ ਧਿਆਨ ਨਹੀਂ ਦਿੱਤਾ ਅਤੇ ਸਿੱਖ ਕੌਮ ਨੂੰ ਹਿੰਦੂਆਂ ਦੀ ਗੁਲਾਮ ਬਣਾ ਦਿੱਤਾ, ਜਿਸਦਾ ਸੰਤਾਪ ਸਿੱਖ 1947 ਤੋਂ ਲਗਾਤਾਰ ਭੋਗ ਰਹੀ ਹੈ। ਅੱਜ ਵੀ ਇਹੋ ਜਿਹੇ ਲੀਡਰਾਂ ਅਤੇ ਸ਼ੋਸ਼ੇਬਾਜ਼ਾਂ ਤੋਂ ਬਚਣ ਦੀ ਲੋੜ ਹੈ ਅਤੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਵਲੋਂ ਅਰੰਭੇ ਸੰਘਰਸ਼ ਵਿੱਚ ਤਨ, ਮਨ ਅਤੇ ਧਨ ਨਾਲ ਯੋਗਦਾਨ ਪਾ ਕੇ ਹਰ ਸਿੱਖ ਨੂੰ ਆਪਣਾ ਫਰਜ਼ ਸਿਰ ਫਰਜ਼ ਅਦਾ ਕਰਨ ਦੀ ਬੇਹੱਦ ਜ਼ਰੂਰਤ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: