ਫਤਿਹਗੜ੍ਹ ਸਾਹਿਬ – ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਦੇ ਪੰਜਾਬੀ ਵਿਭਾਗ ਵੱਲੋਂ “ਜੂਨ ਚੁਰਾਸੀ ਦੇ ਨੀਤੀਗਤ ਅਸਰ” ਵਿਸ਼ੇ ’ਤੇ ਅੱਜ 3 ਜੂਨ 2026 ਨੂੰ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਕੀਤੀ, ਜਦਕਿ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ, ਡੀਨ ਅਕਾਦਮਿਕ ਮਾਮਲੇ, ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਸੈਮੀਨਾਰ ਵਿੱਚ ਸ. ਪਰਮਜੀਤ ਸਿੰਘ ਗਾਜੀ (ਸੰਪਾਦਕ, ਸਿੱਖ ਸਿਆਸਤ), ਡਾ. ਗੁਰਪ੍ਰੀਤ ਸਿੰਘ ਬਰਾੜ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਅਤੇ ਡਾ. ਹਰਨੀਤ ਕੌਰ ਬਿਲਿੰਗ ਨੇ ਬੁਲਾਰਿਆਂ ਵਜੋਂ ਹਾਜ਼ਰੀ ਭਰੀ। ਸੈਮੀਨਾਰ ਦਾ ਮੁੱਖ ਮੰਤਵ ਜੂਨ 1984 ਦੀਆਂ ਘਟਨਾਵਾਂ ਨੂੰ ਨਵੇਂ ਨਜ਼ਰੀਏ ਨਾਲ ਸਮਝਣਾ ਅਤੇ ਉਸ ਦੇ ਨੀਤੀਗਤ ਪ੍ਰਭਾਵਾਂ ਬਾਰੇ ਵਿਚਾਰ-ਚਰਚਾ ਕਰਨਾ ਸੀ।

ਪੰਜਾਬੀ ਵਿਭਾਗ ਦੇ ਮੁਖੀ ਡਾ. ਸਿਕੰਦਰ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਜੂਨ 1984 ਦੇ ਸੱਭਿਆਚਾਰਕ, ਭਾਸ਼ਾਈ ਅਤੇ ਸਿੱਖਿਆ ਖੇਤਰਾਂ ’ਤੇ ਪਏ ਪ੍ਰਭਾਵਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਸ. ਪਰਮਜੀਤ ਸਿੰਘ ਗਾਜੀ ਨੇ “ਜੂਨ ਚੁਰਾਸੀ: ਸੰਚਾਰ ਨੀਤੀ ਅਤੇ ਸਾਧਨਾਂ ਵਿੱਚ ਬਦਲਾਅ” ਵਿਸ਼ੇ ’ਤੇ ਬੋਲਦਿਆਂ ਕਿਹਾ ਕਿ ਜੰਗ ਸਿਰਫ਼ ਧਰਤੀ, ਜਲ ਅਤੇ ਆਕਾਸ਼ ਵਿੱਚ ਹੀ ਨਹੀਂ, ਸਗੋਂ ਮਨ ਅਤੇ ਦਿਮਾਗ਼ਾਂ ’ਤੇ ਵੀ ਲੜੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ 1984 ਦੌਰਾਨ ਸਰਕਾਰੀ ਸੰਚਾਰ ਮਾਧਿਅਮਾਂ ਰਾਹੀਂ ਘਟਨਾਵਾਂ ਨੂੰ ਇੱਕ ਖਾਸ ਢੰਗ ਨਾਲ ਪੇਸ਼ ਕੀਤਾ ਗਿਆ।
ਡਾ. ਗੁਰਪ੍ਰੀਤ ਸਿੰਘ ਬਰਾੜ ਨੇ “ਜੂਨ 84 ਮਗਰੋਂ ਭਾਰਤੀ ਨੀਤੀ ਅਤੇ ਅਮਲ” ਵਿਸ਼ੇ ’ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ 1984 ਦੀਆਂ ਘਟਨਾਵਾਂ ਨੂੰ ਸਮਝਣ ਲਈ ਪੰਜਾਬੀ ਸੂਬਾ ਅੰਦੋਲਨ ਅਤੇ ਉਸ ਤੋਂ ਬਾਅਦ ਦੇ ਰਾਜਨੀਤਿਕ ਪ੍ਰਸੰਗ ਨੂੰ ਸਮਝਣਾ ਲਾਜ਼ਮੀ ਹੈ। ਡਾ. ਹਰਨੀਤ ਕੌਰ ਬਿਲਿੰਗ ਨੇ ਜੂਨ 1984 ਤੋਂ ਬਾਅਦ ਸਿੱਖਿਆ ਨੀਤੀ, ਪਾਠ ਪੁਸਤਕਾਂ ਅਤੇ ਭਾਸ਼ਾਈ ਮਾਹੌਲ ’ਤੇ ਪਏ ਪ੍ਰਭਾਵਾਂ ਬਾਰੇ ਚਰਚਾ ਕੀਤੀ।
ਪ੍ਰਧਾਨਗੀ ਭਾਸ਼ਣ ਦਿੰਦਿਆਂ ਵਾਈਸ-ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਕਿਹਾ ਕਿ ਜੂਨ 1984 ਦੇ ਇਤਿਹਾਸਕ, ਸਮਾਜਿਕ ਅਤੇ ਮਨੋਵਿਗਿਆਨਕ ਪ੍ਰਭਾਵਾਂ ਨੂੰ ਸਮਝਣ ਲਈ ਗੰਭੀਰ ਅਧਿਐਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੈਮੀਨਾਰ ਨੌਜਵਾਨ ਪੀੜ੍ਹੀ ਨੂੰ ਇਤਿਹਾਸ ਨਾਲ ਜੋੜਨ ਅਤੇ ਗੰਭੀਰ ਸੰਵਾਦ ਲਈ ਮਹੱਤਵਪੂਰਨ ਮੰਚ ਪ੍ਰਦਾਨ ਕਰਦੇ ਹਨ।
ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਨੇ ਕਿਹਾ ਕਿ ਜੂਨ 1984 ਨਾਲ ਸਬੰਧਤ ਵਿਸ਼ਿਆਂ ’ਤੇ ਯੂਨੀਵਰਸਿਟੀਆਂ ਵਿੱਚ ਅਕਾਦਮਿਕ ਸੰਵਾਦ ਜਾਰੀ ਰਹਿਣਾ ਸਮੇਂ ਦੀ ਲੋੜ ਹੈ। ਸੈਮੀਨਾਰ ਦੌਰਾਨ ਖੋਜਾਰਥੀਆਂ ਅਤੇ ਵਿਦਿਆਰਥੀਆਂ ਵੱਲੋਂ ਬੁਲਾਰਿਆਂ ਨਾਲ ਵਿਸ਼ੇ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਹਰਦੇਵ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਸਿੱਖ ਦੀ ਪਰਿਭਾਸ਼ਾ ਬਾਰੇ ਚਰਚਾ ਕੀਤੀ।
Comments
comments