ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਦਿੱਲੀ ਹਾਈਕੋਰਟ ਦੇ ਇਕ ਡਵੀਜਨ ਬੈਂਚ ਦੇ ਦੋ ਵੱਖ ਵੱਖ ਜੱਜਾਂ ਵਲੋਂ ਸਿੱਖ ਨਸਲਕੁਸ਼ੀ 1984 ਮਾਮਲੇ ਦੇ ਦੋਸ਼ੀ ਮੰਨੇ ਜਾਂਦੇ ਸਾਬਕਾ ਕਾਂਗਰਸੀ ਸਾਂਸਦ ਸੱਜਣ ਕੁਮਾਰ ਦੀ ਜਮਾਨਤ ਦੀ ਅਰਜੀ ਸੁਣਵਾਈ ਤੋਂ ਕੁਝ ਦਿਨ ਪਹਿਲਾਂ ਖੁਦ ਨੂੰ ਵੱਖ ਕਰ ਲਿਆ ਗਿਆ।
ਸਿੱਖ ਨਸਲਕੁਸ਼ੀ ਦੌਰਾਨ ਦਿੱਲੀ ਵਿੱਚ ਵਾਪਰੇ ਕਲਤੇਆਮ ਦੀ ਪ੍ਰਮੁਖ ਗਵਾਹ ਤੇ ਸੱਜਣ ਕੁਮਾਰ ਖਿਲਾਫ ਮੁਦਈ ਬੀਬੀ ਜਗਦੀਸ਼ ਕੌਰ ਨੇ ਭਾਰਤੀ ਜੱਜਾਂ ਵਲੋਂ ਲਏ ਇਸ ਫੈਸਲੇ ਤੇ ਡਾਢੀ ਚਿੰਤਾ ਦਾ ਇਜ਼ਹਾਰ ਕੀਤਾ ਹੈ। ਸਿੱਖ ਸਿਆਸਤ ਨਾਲ ਗੱਲਬਾਤ ਕਰਦਿਆਂ ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਨਵੰਬਰ 1984 ਵਿੱਚ ਦਿੱਲੀ ਦੀਆਂ ਗਲੀਆਂ ਬਾਜਾਰਾਂ ਤੇ ਸੜਕਾਂ ਉਪਰ ਵਹਾਏ ਸਿੱਖਾਂ ਦੇ ਖੂਨ ਨੂੰ ਪਿਛਲੇ 32 ਸਾਲ ਤੋਂ ਅਖੋਂ ਪਰੋਖੇ ਹੀ ਕੀਤਾ ਗਿਆ ਹੈ ।
ਕਤਲੇਆਮ ਅੰਜ਼ਾਮ ਦੇਣ ਵਾਲੇ ਤਾਕਤਵਰ ਤੇ ਸਿਆਸੀ ਪਨਾਹ ਹਾਸਿਲ ਲੋਕਾਂ ਨੇ ਕਾਨੂੰਨ ਦੀਆਂ ਚੋਰ ਮੋਰੀਆਂ ਦਾ ਰੱਜਕੇ ਲਾਭ ਉਠਾਇਆ ਪ੍ਰੰਤੂ ਕਤਲੇਆਮ ਪੀੜਤਾਂ ਨੇ ਇਨਸਾਫ ਦੀ ਆਸ ਨਹੀ ਛੱਡੀ ਤੇ ਹਰ ਹਾਲ ਕਾਨੂੰਨ ਦਾ ਰਾਹ ਅਖਤਿਆਰ ਕਰੀ ਰੱਖਿਆ।
ਉਨ੍ਹਾਂ ਕਿਹਾ ਕਿ ਜਦੋਂ ਬੰਦਾ ਹਰ ਪਾਸਿਉਂ ਹਾਰ ਜਾਵੇ ਤਾਂ ਅਦਾਲਤਾਂ ਤੇ ਨਿਗਾਹ ਟਿੱਕ ਜਾਂਦੀ ਹੈ ਕਿ ਇਨਸਾਫ ਜਰੂਰ ਮਿਲੇਗਾ ਪ੍ਰੰਤੂ ਇਸ ਮਾਮਲੇ ਵਿੱਚ ਜੱਜ ਸਾਹਿਬਾਨ ਦੁਆਰਾ ਲਿਆ ਫੈਸਲਾ ਦੁਖਦਾਈ ਹਨ ਜੋ ਇਨਸਾਫ ਦੀ ਆਸ ਨੂੰ ਮੱਧਮ ਕਰਦੇ ਹਨ।
ਬੀਬੀ ਜਗਦੀਸ਼ ਕੌਰ ਨੇ ਭਰੇ ਮਨ ਨਾਲ ਕਿਹਾ ਕਿ ਜੇਕਰ ਕਿਸੇ ਦੋਸ਼ੀ ਕਾਤਲ ਖਿਲਾਫ ਜੱਜ ਸਾਹਿਬ ਦਾ ਅਜੇਹਾ ਹੀ ਰਵਈਆ ਰਿਹਾ ਤਾਂ ਅਦਾਲਤਾਂ ਤੋਂ ਵੀ ਲੋਕਾਂ ਦਾ ਵਿਸ਼ਵਾਸ਼ ਖਤਮ ਕਰ ਦੇਵੇਗਾ ।