ਚੰਡੀਗੜ੍ਹ : ਪੰਥ ਸੇਵਕ ਜੁਝਾਰੂ ਸ਼ਖ਼ਸੀਅਤਾਂ ਨੇ ਅੱਜ ਇਕ ਸਾਂਝੇ ਬਿਆਨ ਰਾਹੀਂ ਕਿਹਾ ਕਿ ‘ਕਨੇਡਾ ਦੀ ਧਰਤੀ ਉੱਤੇ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਵਾਰਦਾਤ ਵਿਚ ਇੰਡੀਆ ਦੀ ਸ਼ਮੂਲੀਅਤ ਦੇ ਕੀਤੇ ਖੁਲਾਸੇ ਅਤੇ ਅਮਰੀਕਾ ਵਿਚ ਇੰਡੀਆ ਵੱਲੋਂ ਗੁਰਪਤਵੰਤ ਸਿੰਘ ਪੰਨੂੰ ਦੇ ਕਤਲ ਦੀ ਸਾਜਿਸ਼ ਰਚਣ ਤੋਂ ਬਾਅਦ ਅਮਰੀਕਾ ਸਰਕਾਰ ਵੱਲੋਂ ਭਾਰਤ ਸਰਕਾਰ ਨੂੰ ਦਿੱਤੀ ਗਈ ਚਿਤਾਵਨੀ ਤੇ ਕੀਤੀ ਗਈ ਕਾਰਵਾਈ ਨਾਲ ਇੰਡੀਅਨ ਸਟੇਟ ਦੀ ਗੈਰ-ਨਿਆਇਕ ਕਤਲਾਂ ਦੀ ਦਹਿਸ਼ਤਵਾਦੀ ਨੀਤੀ ਅਤੇ ਕੌਮਾਂਤਰੀ ਪੱਧਰ ਉੱਤੇ ਲਾਗੂ ਕੀਤੀ ਜਾ ਰਹੀ ਸਿੱਖਾਂ ਦੇ ਕਤਲਾਂ ਦੀ ਯੋਜਨਾਬੱਧ ਮੁਹਿੰਮ ਦੁਨੀਆ ਸਾਹਮਣੇ ਬੇਪਰਦ ਹੋਈ ਹੈ’।
ਇਸ ਬਿਆਨ ਵਿਚ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਮਨਜੀਤ ਸਿੰਘ ਫਗਵਾੜਾ ਅਤੇ ਭਾਈ ਸੁਖਦੇਵ ਸਿੰਘ ਡੋਡ ਨੇ ਕਿਹਾ ਕਿ ‘ਹਾਲੀਆ ਘਟਨਾਵਾਂ ਦਰਸਾਉਂਦੀਆਂ ਹਨ ਕਿ ਬੀਤੇ ਵਿਚ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਅਤੇ ਪੰਜਾਬ ਵਿਚ ਕੀਤੇ ਗਏ ਮਨੁੱਖਤਾ ਖਿਲਾਫ ਜ਼ੁਰਮਾਂ ਪਿੱਛੇ ਕੰਮ ਕਰਦੀ ਇੰਡੀਆ ਸਟੇਟ ਵਿਚਲੀ ‘ਨਸਲਕੁਸ਼ੀ ਦੀ ਤਰੰਗ’ (ਜਿਨੋਸਾਈਲ ਇਮਪਲਸ) ਅਜੇ ਵੀ ਸਰਗਰਮ ਹੈ’।
ਉਹਨਾ ਕਿਹਾ ਕਿ ਸਿੱਖ ਇਹ ਗੱਲ ਲੰਮੇ ਸਮੇਂ ਤੋਂ ਕਹਿ ਰਹੇ ਹਨ ਕਿ ਇੰਡੀਅਨ ਸਟੇਟ ਧਰਮ ਨਿਰਪੱਖ ਰਾਸ਼ਟਰ ਦੇ ਛਲਾਵੇ ਹੇਠ ਬਿਪਰਵਾਦੀ ਹਿੰਦੂ ਰਾਸ਼ਟਰ ਵੱਲ ਵਧ ਰਹੀ ਹੈ, ਖਿੱਤੇ ਦੇ ਸੰਘਾਤਮਿਕ ਢਾਂਚੇ ਨੂੰ ਏਕਾਤਮਿਕ ਢਾਂਚੇ ਵਿੱਚ ਬਦਲਿਆ ਜਾ ਰਿਹਾ ਹੈ, ਖੇਤਰ ਦੀਆਂ ਕੌਮਾਂ ਦੀ ਅਜ਼ਾਦ, ਵਿਲੱਖਣ, ਨਿਆਰੀ ਤੇ ਅੱਡਰੀ ਹੋਂਦ ਹਸਤੀ ਨੂੰ ਮਿਟਾਉਣ ਤੇ ਉਹਨਾ ਨੂੰ ਹਿੰਦੁਤਵ ਵਿੱਚ ਜਜ਼ਬ ਕਰਨ ਲਈ ਵਿਧਾਨਪਾਲਿਕਾ, ਨਿਆਂਪਾਲਿਕਾ ਅਤੇ ਕਾਰਜਪਾਲਿਕਾ ਦੀ ਗੈਰ-ਸੰਵਿਧਾਨਕ ਵਰਤੋਂ ਕੀਤੀ ਜਾ ਰਹੀ ਹੈ।
ਸਾਂਝੇ ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਪੰਜਾਬ ਦੇ ਖਿੱਤੇ ਵਿਚ ਆਪਣੀ ਮਹੱਤਵਪੂਰਨ ਭੂ-ਰਣਨੀਤਕ ਸਥਿਤੀ, ਸਾਂਝੀਵਾਲਤਾ ਵਾਲੇ ਆਦਰਸ਼ਾਂ, ਨਿਆਂਕਾਰੀ ਰਾਜ ਪ੍ਰਬੰਧ ਦੇਣ ਦੇ ਇਤਿਹਾਸ ਅਤੇ ਸਾਂਝੇ ਸੰਘਰਸ਼ ਦੀ ਅਗਵਾਈ ਕਰਨ ਦੀ ਮੌਜੂਦਾ ਸਮਰੱਥਾ, ਜਿਸ ਨੂੰ ਹਾਲ ਵਿਚ ਹੋਏ ਕਿਰਸਾਨੀ ਅੰਦੋਲਨ ਨੇ ਸਪਸ਼ਟ ਕਰ ਦਿੱਤਾ ਹੈ, ਕਾਰਨ ਸਿੱਖ ਇੰਡੀਆ ਦੀ ਫਾਸ਼ੀਵਾਦੀ ਹਕੂਮਤ ਲਈ ਇਕ ਵੱਡੀ ਚੁਣੌਤੀ ਹਨ। ਸਿੱਖਾਂ ਦੀ ਇਸੇ ਸਮਰੱਥਾ ਤੋਂ ਭੈਭੀਤ ਹੋਈ ਇੰਡੀਆ ਸਟੇਟ ਸਿੱਖਾਂ ਉੱਤੇ ਹਮਲਾਵਰ ਹੋ ਰਹੀ ਹੈ।
ਪੰਥ ਸੇਵਕਾਂ ਨੇ ਕਿਹਾ ਕਿ ਨਿੱਝਰ ਅਤੇ ਪੰਨੂ ਮਾਮਲੇ ਤੋਂ ਸਾਫ ਹੁੰਦਾ ਹੈ ਇਕ ਜਿੱਥੇ ਇਕ ਪਾਸੇ ਭਾਰਤ ਸਰਕਾਰ ਜਰਾਇਮਪੇਸ਼ਾਂ ਲੋਕਾਂ ਤੇ ਸੰਗਠਤ ਤੌਰ ਉੱਤੇ ਮੁਜ਼ਰਮਾਨਾਂ ਕਾਰਵਾਈਆਂ ਕਰਨ ਵਾਲੇ ਅਨਸਰਾਂ ਤੋਂ ਭਾੜੇ ਉੱਤੇ ਸਿੱਖਾਂ ਵਿਰੁਧ ਦਹਿਸ਼ਤੀ ਕਾਰਵਾਈਆਂ ਕਰਵਾ ਰਹੀ ਹੈ ਓਥੇ ਦੂਜੇ ਪਾਸੇ ਖਾਲਿਸਤਾਨ ਦੇ ਸੰਘਰਸ਼ ਨੂੰ ਇਹਨਾ ਮੁਜਰਿਮ ਅਨਸਰਾਂ ਨਾਲ ਜੋੜ ਕੇ ਬਦਨਾਮ ਕਰਨ ਲਈ ਭੰਡੀਪਰਚਾਰ ਦੀ ਦੂਹਰੀ ਨੀਤੀ ਵੀ ਲਾਗੂ ਕਰ ਰਹੀ ਹੈ।
ਸਾਂਝੇ ਬਿਆਨ ਰਾਹੀਂ ਪੰਥਕ ਸ਼ਖ਼ਸੀਅਤਾਂ ਨੇ ਕਿਹਾ ਕਿ ਪਾਤਿਸ਼ਾਹੀ ਦਾਅਵਾ ਸਿੱਖਾਂ ਦਾ ਜਨਮ ਸਿੱਧ ਕੁਦਰਤੀ ਅਧਿਕਾਰ ਤੇ ਗੁਰੂ ਸਾਹਿਬਾਨ ਦੀ ਬਖਸ਼ਸ਼ ਹੈ। ਆਪਣੇ ਸੁਤੰਤਰ ਰਾਜ ਦੀ ਪ੍ਰਾਪਤੀ ਲਈ ਅੰਤਰਰਾਸ਼ਟਰੀ ਕਾਨੂੰਨਾਂ ਸੰਧੀਆਂ-ਸਮਝੌਤਿਆਂ ਤਹਿਤ ਸਵੈਨਿਰਣੇ ਦੇ ਹੱਕ ਨੂੰ ਲਾਗੂ ਕਰਨ ਲਈ ਲੋਕਤੰਤਰੀ ਤਰੀਕਿਆਂ ਅਤੇ ਆਪਣੇ ਸਿਧਾਤਾਂ ਤੇ ਰਵਾਇਤਾਂ ਅਨੁਸਾਰ ਸੰਘਰਸ਼ ਕਰਨਾ ਸਿੱਖਾਂ ਦਾ ਹੱਕ ਅਤੇ ਫਰਜ਼ ਹੈ।
ਉਹਨਾ ਕਿਹਾ ਕਿ ਇਸ ਵੇਲੇ ਦੱਖਣੀ ਏਸ਼ੀਆ ਦਾ ਖਿੱਤਾ ਵੱਡੀਆਂ ਸੰਸਾਰ ਤਾਕਤਾਂ ਦੇ ਮੁਫਾਦਾਂ ਦੇ ਭੇੜ ਦਾ ਇਕ ਧੁਰਾ ਬਣ ਰਿਹਾ ਹੈ ਅਤੇ ਪੰਜਾਬ ਤੇ ਸਿੱਖ ਇਸ ਕੇਂਦਰ ਵਿਚ ਆਉਂਦੇ ਹਨ। ਲੰਘੇ ਸਮੇਂ ਤੋਂ ਕੌਮਾਂਤਰੀ ਖਬਰਖਾਨੇ ਵਿਚ ਜਿਵੇਂ ਸਿੱਖਾਂ ਦੀ ਚਰਚਾ ਹੋ ਰਹੀ ਹੈ ਅਤੇ ਪੱਛਮੀ ਤਾਕਤਾਂ ਦੀ ਇੰਡੀਆ ਨਾਲ ਕੂਟਨੀਤੀ ਵਿਚ ਸਿੱਖਾਂ ਤੇ ਖਾਲਿਸਤਾਨ ਦੇ ਮਸਲੇ ਕੇਂਦਰ ਵਿਚ ਹਨ। ਇਸ ਬਣ ਰਹੇ ਮਹੌਲ ਵਿਚ ਸਿੱਖਾਂ ਦੇ ਪ੍ਰਭੂਸੱਤਾ ਸੰਪਨ ਦੇਸ਼ ਦੀ ਕਾਇਮੀ ਸਰਬਤ ਦੇ ਭਲੇ ਤੇ ਕੌਮਾਂਤਰੀ ਤਵਾਜ਼ਨ ਲਈ ਅਹਿਮ ਸਾਕਾਰਾਤਮਿਕ ਭੂਮਿਕਾ ਨਿਭਾਏਗੀ।
ਮੌਜੂਦਾ ਸਮੇਂ ਵਿਚ ਸਿੱਖਾਂ ਦੇ ਕਰਨਯੋਗ ਕਾਰਜਾਂ ਬਾਰੇ ਪੰਥ ਸੇਵਕਾਂ ਨੇ ਕਿਹਾ ਕਿ ਇਸ ਵੇਲੇ ਸਿੱਖਾਂ ਨੂੰ ਆਪਸੀ ਇਤਫਾਕ ਬਣਾ ਕੇ ਮਜਬੂਤੀ ਨਾਲ ਇੰਡੀਅਨ ਸਟੇਟ ਦੀਆਂ ਵਿਓਂਤਬੰਦੀਆਂ ਦਾ ਟਾਕਰਾ ਕਰਨ ਦੀ ਲੋੜ ਹੈ। ਸਿੱਖਾਂ ਨੂੰ ਆਪਣੀ ਅੰਦਰੂਨੀ ਕਤਾਰਬੰਦੀ ਗੁਰਮਤੇ ਅਤੇ ਪੰਚ ਪ੍ਰਧਾਨੀ ਪ੍ਰਣਾਲੀ ਅਨੁਸਾਰ ਕਾਇਦਾਬੱਧ ਕਰਨ ਦੀ ਲੋੜ ਹੈ। ਅਸੀਂ ਇਸ ਦਿਸ਼ਾ ਵਿਚ ਯਤਨਸ਼ੀਲ ਹਾਂ ਅਤੇ ਸਮੂਹ ਸੁਹਿਰਦ ਸਿੱਖ ਧਿਰਾਂ ਨੂੰ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਆਪਸੀ ਇਤਫਾਕ ਬਣਾ ਕੇ ਮੌਜੂਦਾ ਹਾਲਾਤ ਵਿਚ ਸਿੱਖਾਂ ਦੀ ਬਿਹਤਰੀ ਯਕੀਨੀ ਬਣਾਉਣ ਲਈ ਏਕਾ ਸਿਰਜਣ ਦੀ ਬੇਨਤੀ ਕਰਦੇ ਹਾਂ।