ਅਰਵਿੰਦ ਕੇਜਰੀਵਾਲ, ਰਾਹੁਲ ਗਾਂਧੀ, ਸੀਤਾਰਾਮ ਯੇਚੁਰੀ ਤੇ ਦੇਸ਼ ਧ੍ਰੋਹ ਦਾ ਕੇਸ ਦਰਜ

ਆਮ ਖਬਰਾਂ

ਜੇ. ਐੱਨ. ਯੂ ਵਿਵਾਦ: ਰਾਹੁਲ ਗਾਂਧੀ, ਅਰਵਿੰਦ ਕੇਜਰੀਵਾਲ, ਸੀਤਾਰਾਮ ਯੇਚੁਰੀ ਸਮੇਤ 9 ਲੋਕਾਂ ‘ਤੇ ਦੇਸ਼ ਧ੍ਰੋਹ ਦਾ ਕੇਸ ਦਰਜ

By ਸਿੱਖ ਸਿਆਸਤ ਬਿਊਰੋ

February 29, 2016

ਹੈਦਰਾਬਾਦ (28 ਫਰਵਰੀ, 2016): ਦਿੱਲੀ ਦੀ ਜਾਵਹਰ ਲਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਖਿਲਾਫ ਦੇਸ਼ ਧਰੋਹ ਦੇ ਪਰਚੇ ਦਰਜ਼ ਹੋਣ ਤੋਂ ਬਾਅਦ ਉਠੇ ਵਿਵਾਦ ਦਰਮਿਆਨ ਹੁਣ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮਾਕਪਾ ਦੇ ਸਕੱਤਰ ਸੀਤਾਰਾਮ ਯੇਚੁਰੀ ਸਮੇਤ 9 ਲੋਕਾਂ ‘ਤੇ ਦੇਸ਼ ਧ੍ਰੋਹ ਦਾ ਕੇਸ ਦਰਜ ਦੀਆਂ ਖ਼ਬਰਾਂ ਮਿਲੀਆਂ ਹਨ।

ਜਨਾਰਦਨ ਗੌਡ ਨਾਂਅ ਦੇ ਇਕ ਵਕੀਲ ਦੀ ਸ਼ਿਕਾਇਤ ‘ਤੇ ਹੈਦਰਾਬਾਦ ਦੀ ਇਕ ਸਥਾਨਕ ਅਦਾਲਤ ਵਲੋਂ ਦਿੱਤੇ ਗਏ ਆਦੇਸ਼ ਦੇ ਆਧਾਰ ‘ਤੇ ਰਾਹੁਲ, ਕੇਜਰੀਵਾਲ, ਯੇਚੁਰੀ, ਕਾਂਗਰਸ ਨੇਤਾਵਾਂ ਆਨੰਦ ਸ਼ਰਮਾ ਤੇ ਅਜੇ ਮਾਕਨ, ਸੀ. ਪੀ. ਆਈ. ਨੇਤਾ ਡੀ. ਰਾਜਾ, ਜਨਤਾ ਦਲ ਯੂਨਾਈਟਿਡ ਦੇ ਬੁਲਾਰੇ ਕੇ. ਸੀ. ਤਿਆਗੀ, ਜੇ. ਐਨ. ਯੂ. ਐਸ. ਯੂ. ਦੇ ਪ੍ਰਧਾਨ ਕਨ੍ਹਈਆ ਕੁਮਾਰ ਤੇ ਜੇ. ਐਨ. ਯੂ. ਦੇ ਵਿਦਿਆਰਥੀ ਓਮਰ ਖਾਲਿਦ ਦੇ ਖਿਲਾਫ ਐਫ. ਆਈ. ਆਰ. ਦਰਜ ਕੀਤੀ ਗਈ ।

ਸਰੋਰਨਗਰ ਪੁਲਿਸ ਥਾਣੇ ਦੇ ਇੰਸਪੈਕਟਰ ਐਸ ਲਿੰਗਿਆ ਨੇ ਦੱਸਿਆ ਕਿ ਅਦਾਲਤ ਦੇ ਆਦੇਸ਼ ਤੋਂ ਬਾਅਦ ਉਕਤ ਸਾਰਿਆਂ ਜਣਿਆਂ ‘ਤੇ ਆਈ. ਪੀ. ਸੀ. ਦੀ ਧਾਰਾ 124-ਏ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ । ਅਦਾਲਤ ਨੇ ਮਾਮਲੇ ਦੀ ਸੁਣਵਾਈ ਲਈ 4 ਮਾਰਚ ਦੀ ਤਰੀਕ ਤੈਅ ਕੀਤੀ ਹੈ ।

ਵਕੀਲ਼ ਗੌਡ ਨੇ ਆਪਣੀ ਪਟੀਸ਼ਨ ਵਿਚ ਕਿਹਾ ਕਿ ਰਾਹੁਲ ਤੇ ਹੋਰਨਾਂ ਨੇਤਾਵਾਂ ਨੂੰ ਕਨੱ੍ਹਈਆ ਖਿਲਾਫ ਦਿੱਲੀ ਪੁਲਿਸ ਵੱਲੋਂ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤੇ ਜਾਣ ਦੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਜੇ. ਐਨ. ਯੂ. ਕੈਂਪਸ ਦਾ ਦੌਰਾ ਕੀਤਾ, ਲਿਹਾਜਾ ਇਹ ‘ਦੇਸ਼ ਧ੍ਰੋਹ ਦੀ ਤਰਾਂ’ ਹੀ ਹੈ ।

ਜ਼ਿਕਰਯੋਗ ਹੈ ਕਿ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ 9 ਫਰਵਰੀ ਵਾਲੇ ਦਿਨ ਅਫਜਲ ਗੁਰੂ ਦੀ ਬਰਸੀ ਮਨਾਉਣ ਸਮੇਂ ਹੋਰ ਰੋਸ ਮੁਜ਼ਾਹਰੇ ਦੌਰਾਨ ਭਾਰਤ ਵਿਰੋਧੀ ਨਾਅਰੇ ਲਾਉਣ ਦੇ ਦੋਸ਼ ਵਿੱਚ ਦਿੱਲੀ ਪੁਲਿਸ ਨੇ ਵਿਦਿਆਰਥੀ ਆਗੂ ਕਨ੍ਹਈਆ ਕੁਮਾਰ ਅਤੇ ਹੋਰਾਂ ਨੂੰ ਦੇਸ਼ ਧਰੋਹ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: