ਸ੍ਰੀਨਗਰ (10 ਅਪ੍ਰੈਲ, 2015): ਅੱਜ ਇੱਥੇ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ (ਜੇ. ਕੇ. ਐਲ. ਐਫ.) ਨੇ ਕਸ਼ਮੀਰੀ ਪੰਡਿਤਾਂ ਨੂੰ ਵਾਦੀ ‘ਚ ਵੱਖਰੀਆਂ ਕਾਲੋਨੀਆਂ ‘ਚ ਵਸਾਉਣ ਦੇ ਸਰਕਾਰ ਦੇ ਮਨਸੂਬੇ ਦੇ ਵਿਰੋਧ ‘ਚ ਭਾਰੀ ਮਾਰਚ ਕੱਢਿਆ, ਜਿਸ ਨੂੰ ਪੁਲਿਸ ਨੇ ਅਸਫ਼ਲ ਬਣਾ ਕੇ ਯਾਸੀਨ ਮਲਿਕ ਸਮੇਤ ਕਈ ਫਰੰਟ ਆਗੂਆਂ ਨੂੰ ਹਿਰਾਸਤ ‘ਚ ਲੈ ਲਿਆ ।
ਯਾਸੀਨ ਦੀ ਗਿ੍ਫ਼ਤਾਰੀ ਦੇ ਬਾਅਦ ਸ੍ਰੀਨਗਰ ਦੇ ਮਾਈਸੂਮਾ ਇਲਾਕੇ ‘ਚ ਪਥਰਾਅ ਲਾਠੀਚਾਰਜ ਦੀਆਂ ਘਟਨਾਵਾਂ ਦੌਰਾਨ ਕਾਰੋਬਾਰੀ ਸਰਗਰਮੀਆਂ ਪ੍ਰਭਾਵਿਤ ਹੋਈਆਂ । ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਨੇ ਕਸ਼ਮੀਰ ਵਿਖੇ ਸਰਕਾਰ ਵਲੋਂ ਉਜੜੇ ਪੰਡਿਤਾਂ ਦੇ ਵਾਦੀ ‘ਚ ਪੁਨਰਵਾਸ ਲਈ ਵੱਖਰੀਆਂ ਕਾਲੋਨੀਆਂ ਸਥਾਪਿਤ ਕਰਨ ਦੀ ਯੋਜਨਾ ਦਾ ਕਸ਼ਮੀਰੀ ਜੱਥੇਬੰਦੀਆਂ ਤੇ ਭਾਰਤ ਪੱਖੀ ਰਾਜਨੀਤਕ ਪਾਰਟੀਆਂ ਜਿਸ ‘ਚ ਪ੍ਰਮੁੱਖ ਤੌਰ ‘ਤੇ ਮੁੱਖ ਵਿਰੋਧੀ ਧਿਰ ਨੈਸ਼ਨਲ ਕਾਨਫਰੰਸ ਵੀ ਖੁੱਲ੍ਹ ਕੇ ਵਿਰੋਧ ਕਰ ਰਹੀ ਹੈ ।
ਜੇ.ਕੇ.ਐਲ.ਐਫ. ਚੇਅਰਮੈਨ ਯਾਸੀਨ ਮਲਿਕ ਨੇ ਪੰਡਿਤਾਂ ਲਈ ਵੱਖਰੀਆਂ ਕਾਲੋਨੀਆਂ ਦੀ ਸਰਕਾਰ ਦੀ ਯੋਜਨਾ ਦੇ ਵਿਰੋਧ ‘ਚ ਸ੍ਰੀਨਗਰ ਵਿਖੇ ਬੰਦ ਦਾ ਸੱਦਾ ਦਿੱਤਾ ਸੀ ।
ਸ਼ੁੱਕਰਵਾਰ ਨੂੰ ਨਮਾਜ਼ ਦੇ ਬਾਅਦ ਜਦ ਫਰੰਟ ਕਾਰਕੁਨ ਯਾਸੀਨ ਮਲਿਕ ਦੀ ਅਗਵਾਈ ਜਿਸ ‘ਚ ਕੁਝ ਸਥਾਨਕ ਕਸ਼ਮੀਰੀ ਪੰਡਿਤ, ਮੰਦਿਰਾਂ ਦੇ ਪੁਜਾਰੀ ਤੇ ਮਹੰਤ ਵੀ ਸ਼ਾਮਿਲ ਸਨ ‘ਸੰਗਸੰਗ ਰਹੇਂਗੇ ਸੰਗਸੰਗ ਮਰੇਗੇ’ ਅਤੇ ਵੱਖਰੀਆਂ ਕਾਲੋਨੀਆਂ ‘ਮਨਜ਼ੂਰ ਨਹੀਂ-ਮਨਜ਼ੂਰ ਨਹੀਂ’ ਦੇ ਨਾਅਰੇ ਲਾਉਂਦੇ ਲਾਲ ਚੌਕ ਵੱਲ ਮਾਰਚ ਕਰਦੇ ਮਾਈਸੂਮਾ ਇਲਾਕੇ ‘ਚੋਂ ਨਿਕਲ ਕੇ ਜਦ ਅਖਾੜਾ ਬਿਲਡਿੰਗ ਕੋਲ ਪਹੁੰਚੇ ਉਥੇ ਪਹਿਲਾਂ ਤੋਂ ਤਾਇਨਾਤ ਭਾਰੀ ਗਿਣਤੀ ‘ਚ ਪੁਲਿਸ ਨੇ ਹਰਕਤ ‘ਚ ਆਉਂਦੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਿਆ ।
ਯਾਸੀਨ ਮਲਿਕ ਨਾਲ ਕੁਝ ਦੇਰ ਤਕਰਾਰ ਦੇ ਬਾਅਦ ਪੁਲਿਸ ਨੇ ਲਾਠੀਚਾਰਜ ਕਰਦੇ ਹੋਏ ਅੱਥਰੂ ਗੈਸ ਦੇ ਗੋਲੇ ਛੱਡ ਕੇ ਪ੍ਰਦਰਸ਼ਨਕਾਰੀਆਂ ਨੂੰ ਭਜਾਉਣ ਦੀ ਕਾਰਵਾਈ ਕਰਦੇ ਫਰੰਟ ਚੇਅਰਮੈਨ ਯਾਸੀਨ ਮਲਿਕ ਸਮੇਤ ਦਰਜਨਾਂ ਫਰੰਟ ਕਾਰਕੁਨਾਂ ਨੂੰ ਗਿ੍ਫ਼ਤਾਰ ਕਰ ਕੇ ਕੋਠੀ ਬਾਗ ਥਾਣੇ ‘ਚ ਨਜ਼ਰਬੰਦ ਕਰ ਦਿੱਤਾ ।