ਫਰੀਦਕੋਟ (3 ਜੁਲਾਈ, 2010 – ਗੁਰਭੇਜ ਸਿੰਘ ਚੌਹਾਨ ): ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਜੰਮੂ ਕਸ਼ਮੀਰ ਵਿੱਚ ਚੱਲ ਰਹੇ ਸੰਘਰਸ਼ ਦੇ ਮੱਦੇਨਜ਼ਰ ਪੁਲਿਸ ਤੇ ਪ੍ਰਸ਼ਾਸਨ ਵੱਲੋ ਅਖਬਾਰਾਂ ਦੇ ਦਫਤਰ ਜਬਰੀ ਬੰਦ ਕਰਨ ਅਤੇ ਅਖਬਾਰਾਂ ਦੀ ਛਪਾਈ ਤੇ ਵੰਡ ਨੂੰ ਰੋਕਣ ਦੀਆਂ ਕਾਰਵਾਈਆਂ ਨੂੰ ਗੈਰ-ਜਮਹੂਰੀ ਕਰਾਰ ਦਿੰਦਿਆਂ ਇਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸ. ਪਰਮਜੀਤ ਸਿੰਘ ਗਾਜ਼ੀ ਅਤੇ ਮੀਤ ਪ੍ਰਧਾਨ ਸ. ਮੱਖਣ ਸਿੰਘ ਗੰਢੂਆਂ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਇਹ ਕਾਰਵਾਈ ਕਸ਼ਮੀਰੀ ਲੋਕਾਂ ਉੱਤੇ ਕੀਤੇ ਜਾ ਰਹੇ ਫੌਜੀ ਤਸ਼ੱਦਦ ਦਾ ਸੱਚ ਦਬਾਉਣ ਲਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੀਡੀਆ ਦੀ ਅਜ਼ਾਦੀ ਉੱਤੇ ਕੀਤੇ ਗਏ ਇਸ ਹਮਲੇ ਦਾ ਵਿਰੋਧ ਕਰਨਾ ਹਰ ਇਨਸਾਫ ਪਸੰਦ ਧਿਰ ਦਾ ਨੈਤਿਕ ਫਰਜ਼ ਬਣਦਾ ਹੈ। ਆਗੂਆਂ ਨੇ ‘ਭਾਰਤੀ ਜਮਹੂਰੀਅਤ’ ਵਿੱਚ ਸੰਘਰਸ਼ਸ਼ੀਲ ਕੌਮਾਂ ਦੇ ਇਤਿਹਾਸਕ ਤਜ਼ੁਰਬੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਜਦੋਂ ਸ਼ਹਿਰੀ ਹੱਕਾਂ ਦਾ ਵੱਡੇ ਪੱਧਰ ਉੱਤੇ ਘਾਣ ਕੀਤਾ ਜਾਂਦਾ ਹੈ ਤਾਂ ਸੱਚ ਨੂੰ ਸਾਹਮਣੇ ਆਉਣ ਤੋਂ ਰੋਕਣ ਲਈ ਹੀ ਅਜਿਹੀਆਂ ਕੋਝੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ। ਫੈਡਰੇਸ਼ਨ ਆਗੂਆਂ ਨੇ ਕਸ਼ਮੀਰੀ ਲੋਕਾਂ ਵੱਲੋਂ ਆਪਣੇ ਹੱਕਾਂ ਅਤੇ ਅਜ਼ਾਦੀ ਲਈ ਕੀਤੇ ਜਾ ਰਹੇ ਸੰਘਰਸ਼ ਦੀ ਹਿਮਾਇਤ ਕੀਤੀ ਅਤੇ ‘ਫੌਜ ਨੂੰ ਖਾਸ ਤਾਕਤਾਂ ਦੇਣ ਵਾਲੇ ਕਾਨੂੰਨ’ ਨੂੰ ਖਤਮ ਕਰਨ ਮੰਗ ਦਾ ਵੀ ਪੁਰਜ਼ੋਰ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਫੌਜ ਨੂੰ ਦਿੱਤੇ ਗਏ ਖਾਸ ਅਧਿਕਾਰ ਕਸ਼ਮੀਰ ਵਿੱਚ ਮਨੁੱਖੀ ਜਾਨਾਂ ਦਾ ਖੌਅ ਬਣ ਚੁੱਕੇ ਹਨ।