ਅੰਮ੍ਰਿਤਸਰ: ਪੰਜਾਬ ਵਿੱਚ ਇੰਡੀਆ ਦੀ ਹਕੂਮਤ ਵੱਲੋਂ ਜ਼ਬਰੀ ਲਾਪਤਾ ਕੀਤੇ ਗਏ ਹਜ਼ਾਰਾਂ ਸਿੱਖਾਂ ਦੀ ਆਵਾਜ਼ ਬਣਨ ਵਾਲੇ ਮਨੁੱਖੀ ਹੱਕਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਦਿਹਾੜਾ ਅੱਜ ਅੰਮ੍ਰਿਤਸਰ ਵਿਖੇ ਮਨਾਇਆ ਗਿਆ। ਅੱਜ ਹੀ ਦੇ ਦਿਨ, 6 ਸਤੰਬਰ 1995 ਨੂੰ ਇੰਡੀਆ ਦੀ ਪੁਲਿਸ ਵੱਲੋਂ ਭਾਈ ਜਸਵੰਤ ਸਿੰਘ ਖਾਲੜਾ ਨੂੰ ਉਹਨਾਂ ਦੀ ਕਬੀਰ ਪਾਰਕ, ਅੰਮ੍ਰਿਤਸਰ ਸਥਿਤ ਰਿਹਾਇਸ਼ ਤੋਂ ਗੈਰਕਾਨੂੰਨੀ ਤਰੀਕੇ ਨਾਲ ਚੁੱਕ ਕੇ ਜ਼ਬਰੀ ਲਾਪਤਾ ਕਰ ਦਿੱਤਾ ਗਿਆ ਸੀ। ਪੁਲਿਸ ਵੱਲੋਂ ਭਾਈ ਜਸਵੰਤ ਸਿੰਘ ਖਾਲੜਾ ਨੂੰ ਜ਼ਬਰੀ ਲਾਪਤਾ ਕਰਨ ਤੋਂ ਬਾਅਦ ਸ਼ਹੀਦ ਕਰ ਦਿੱਤਾ ਗਿਆ ਸੀ। ਉਹਨਾਂ ਦੀ ਸ਼ਹੀਦੀ ਕਦੋਂ ਅਤੇ ਕਿਵੇਂ ਹੋਈ ਇਹ ਗੱਲ ਰਹੱਸ ਹੀ ਬਣੀ ਰਹੀ ਹੈ। ਉਹਨਾ ਦੇ ਪਰਿਵਾਰ, ਅਤੇ ਉਹਨਾ ਦੇ ਵਿੱਢੇ ਕਾਰਜ ਨੂੰ ਅੱਗੇ ਤੋਰਨ ਵਾਲੀ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਭਾਈ ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਦਿਹਾੜਾ ਉਹਨਾਂ ਨੂੰ ਪੁਲਿਸ ਵੱਲੋਂ ਚੁੱਕੇ ਜਾਣ ਵਾਲੇ ਦਿਨ, ਭਾਵ 6 ਸਤੰਬਰ ਨੂੰ ਮਨਾਇਆ ਜਾਂਦਾ ਹੈ।
ਅੱਜ ਦੇ ਸਮਾਗਮ ਵਿੱਚ ਵੱਖ-ਵੱਖ ਸਖਸ਼ੀਅਤਾਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਅਤੇ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਸਿਜਦਾ ਕੀਤਾ।