ਜਲੰਧਰ/ਬਲਾਚੌਰ – ਕਾਂਗਰਸ ਸਰਕਾਰ ਦਾ ਚੋਣ ਮੈਨੀਫੈਸਟੋ ਪੂਰੇ ਕਰਨ ਦਾ ਬਿਆਨ ਬਚਕਾਨਾ ਤੇ ਝੂਠਾ ਹੈ। ਪੰਜਾਬ ਦੀ 35% ਅਨੁਸੂਚਿਤ ਜਾਤੀਆਂ ਅਤੇ 35% ਓਬੀਸੀ ਜਮਾਤਾਂ ਕਾਂਗਰਸ ਦੇ ਚੋਣ ਵਾਅਦਿਆਂ ਦੇ ਪੂਰੇ ਹੋਣ ਤੋਂ ਮਹਿਦੂਦ ਹਨ। ਇਹਨਾਂ ਸ਼ਬਦਾਂਦਾ ਪ੍ਰਗਟਾਵਾ ਕਰਦੇ ਹੋਏ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, ਗਰੀਬਾਂ ਦੇ 50 ਹਜ਼ਾਰ ਤੱਕ ਦੇ ਕਰਜੇ, ਦਲਿਤਾਂ ਦੀਆ ਪੰਚਾਇਤੀ ਜਮੀਨਾਂ ਵਿਚ ਤੀਜਾ ਹਿੱਸਾ, ਗਰੀਬ ਦੇ ਨੀਲੇ ਕਾਰਡ, 51000 ਸ਼ਗਨ ਸਕੀਮ, ਬਿਜਲੀ ਯੂਨਿਟ 5 ਰੁਪਏ, ਬੇਰੁਜ਼ਗਾਰੀ ਭੱਤਾ 2500 ਰੁਪਏ, ਹਰ ਘਰ ਨੌਕਰੀ, ਓਬੀਸੀ ਵਰਗਾਂ ਲਈ 27% ਰਿਜ਼ਰਵੇਸ਼ਨ ਮੰਡਲ ਕਮਿਸਨ ਰਿਪੋਰਟ, ਪੰਜ ਪੰਜ ਮਰਲੇ ਦੇ ਪਲਾਟ, 85ਵੀ ਸੰਵਿਧਾਨਿਕ ਸੋਧ, , ਇਸਾਈ ਭਾਈਚਾਰੇ ਲਈ ਕਬਰਸਤਾਨ, ਆਦਿ ਮੁੱਦਿਆ ਉਪਰ ਕਾਂਗਰਸ ਸਰਕਾਰ ਬੁਰੀ ਤਰ੍ਹਾ ਫੇਲ ਹੋ ਚੁੱਕੀ ਹੈ। ਪੰਜਾਬ ਦੇ ਦਲਿਤ ਤੇ ਪਛੜੇ ਵਰਗਾਂ ਦੀ 70 ਪ੍ਰਤੀਸ਼ਤ ਆਬਾਦੀ ਜੋਕਿ 114 ਜਾਤਾਂ ਵਿੱਚ ਵੰਡੀ ਹੋਈ ਹੈ ਨੂੰ ਕਾਂਗਰਸ ਦੇ ਚਾਰ ਸਾਲਾਂ ਦੇ ਕਾਰਜਕਾਲ ਵਿਚ ਲਾਰਿਆ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਮਿਲਿਆ।
ਗੜ੍ਹੀ ਨੇ ਕਿਹਾ ਕਿ ਕਿਸਾਨਾਂ ਨੇ ਕਰਜੇ ਤੋਂ ਪਰੇਸ਼ਾਨ ਹੋਕੇ ਮੌਤ ਨੂੰ ਗਲੇ ਲਾਇਆ ਹੈ, ਜਿਸਦੀ ਉਦਾਹਰਣ ਦਸੂਹਾ ਦੇ ਕਿਸਾਨ ਪਿਓ- ਪੁੱਤਰ ਹਨ। ਅਜਿਹੇ ਭਿਆਨਕ ਹਾਲਾਤਾਂ ਵਿਚ ਬਹੁਜਨ ਸਮਾਜ ਪਾਰਟੀ ਨੇ 2 ਅਪ੍ਰੈਲ ਨੂੰ ਬੇਗਮਪੁਰਾ ਪਾਤਸਾਹੀ ਬਣਾਓ ਰੈਲੀ ਖੁਆਸਪੁਰਾ ਰੋਪੜ ਵਿਖੇ ਰੱਖੀ ਹੈ, ਜਿੱਥੇ ਕਾਂਗਰਸ ਦੇ ਚੋਣ ਮੈਨੀਫੈਸਟੋ ਦੀ ਪੋਲ ਖੋਲ੍ਹ ਕੇ ਪੰਜਾਬੀਆਂ ਨੂੰ ਬਸਪਾ ਦੇ ਨੀਲੇ ਝੰਡੇ ਹੇਠਾ ਲਾਮਬੰਦ ਕੀਤਾ ਜਾਵੇਗਾ। ਬਸਪਾ ਪੰਜਾਬ ਦਲਿਤਾਂ ਪਛੜਿਆ ਤੇ ਗਰੀਬ ਨੂੰ ਪੰਜਾਬ ਦੀ ਸੱਤਾ ਦੇ ਵਾਰਿਸ ਬਣਾਉਣ ਲਈ ਚੇਤੰਨ ਕਰਨ ਦਾ ਅਭਿਆਨ ਚਲਾਕੇ ਮਜ਼ਬੂਤ ਸੰਗਠਨ ਦੀ ਨੀਂਹ ਤਿਆਰ ਕਰ ਰਹੀ ਹੈ। ਇਸ ਮੌਕੇ ਪੰਜਾਬ ਦੇ ਪ੍ਰਧਾਨ ਸ ਗੜ੍ਹੀ, ਸਾਬਕਾ ਪੰਜਾਬ ਪ੍ਰਧਾਨ ਸ਼੍ਰੀ ਗੁਰਲਾਲ ਸੈਲਾ ਅਤੇ ਸਾਬਕਾ ਪੰਜਾਬ ਪ੍ਰਧਾਨ ਸ਼੍ਰੀ ਰਸ਼ਪਾਲ ਰਾਜੂ ਨੇ 2 ਅਪ੍ਰੈਲ ਦੀ ਰੈਲੀ ਦਾ ਪੋਸਟਰ ਵੀ ਜਾਰੀ ਕੀਤਾ।