ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਬੋਹਰ ਦੇ ਅਕਾਲੀ ਆਗੂਆਂ ਦੀ ਫਾਜ਼ਿਲਕਾ ਜੇਲ੍ਹ ਵਿੱਚ ਸ਼ਿਵ ਲਾਲ ਡੋਡਾ ਨਾਲ ਮੀਟਿੰਗ ਅਧਿਕਾਰੀਆਂ ਦੀ ਅੱਖਾਂ ਖੋਲਣ ਵਾਲੀ ਹੈ। ਆਪ ਆਗੂ ਨੇ ਕਿਹਾ ਕਿ ਡੋਡਾ ਵੱਲੋਂ ਜੇਲ ਵਿੱਚ ਖੁੱਲੇ ਤੌਰ ਉਤੇ ਸੰਗਤ ਦਰਸ਼ਨ ਲਗਾਇਆ ਜਾਂਦਾ ਸੀ, ਪਰ ਅਫਸਰਾਂ ਵੱਲੋਂ ਬਾਦਲਾਂ ਦੇ ਦਬਾਅ ਕਾਰਨ ਉਨਾਂ ਖਿਲਾਫ ਕੋਈ ਕਾਰਵਾਈ ਕਰਨ ਤੋਂ ਪਾਸਾ ਵੱਡਿਆ ਜਾਂਦਾ ਸੀ।
ਸੁਖਬੀਰ ਬਾਦਲ ਵੱਲੋਂ ਜਲਾਲਾਬਾਦ ਤੋਂ ਚੋਣ ਲੜਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਆਖਿਰਕਾਰ ਸੁਖਬੀਰ ਬਾਦਲ ਨੇ ਆਪਣੀ ਉਮੀਦਵਾਰੀ ਐਲਾਨ ਕੇ ਹਿੰਮਤ ਵਿਖਾਈ ਹੈ ਅਤੇ ਹੁਣ ਭਗਵੰਤ ਮਾਨ ਆਪਣੇ ਪੋਸਟਰ ਛਪਵਾਉਣ ਲਈ ਆਰਡਰ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ਅਤੇ ਕਾਂਗਰਸੀਆਂ ਨੂੰ ਇਸ ਵਾਰ ਵੋਟਰਾਂ ਵੱਲੋਂ ਬਾਹਰ ਦਾ ਰਸਤਾ ਵਿਖਾਇਆ ਜਾਵੇਗਾ। ਸੰਜੇ ਸਿੰਘ ਨੇ ਕਿਹਾ ਕਿ ਅਮਰਿੰਦਰ ਸਿੰਘ ਆਪਣੀ ਲੋਕਪ੍ਰਿਅਤਾ ਦੀਆਂ ਫੜਾਂ ਮਾਰਦੇ ਰਹਿੰਦੇ ਹਨ ਅਤੇ ਇਹ ਉਨ੍ਹਾਂ ਲਈ ਢੁਕਵਾਂ ਸਮਾਂ ਹੈ ਕਿ ਉਹ ਜਲਾਲਾਬਾਤ ਤੋਂ ਚੋਣ ਲੜਨ ਤੇ ਆਪਣੀ ਲੋਕਪ੍ਰਿਅਤਾ ਚੈਕ ਕਰਨ। ਉਨ੍ਹਾਂ ਕਿਹਾ ਕਿ ਸੁਖਬੀਰ, ਮਜੀਠੀਆ ਅਤੇ ਕੈਪਟਨ ਵੱਲੋਂ ਕੇਜਰੀਵਾਲ ਨੂੰ ਉਨਾਂ ਖਿਲਾਫ ਚੋਣ ਲੜਨ ਲਈ ਕਿਹਾ ਜਾਂਦਾ ਹੈ, ਜਦਕਿ ਉਹ ਇੱਕ-ਦੂਜੇ ਖਿਲਾਫ ਚੋਣ ਲੜਨ ਦੀ ਸੋਚਦੇ ਵੀ ਨਹੀਂ।
ਸਰਵੇਖਣ ਰਿਪੋਰਟਾਂ ਬਾਰੇ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਸੰਜੇ ਸਿੰਘ ਨੇ ਕਿਹਾ ਕਿ ਇਹ ਸਾਡੇ ਲਈ ਕੋਈ ਨਵੀਂ ਗੱਲ ਨਹੀਂ ਹੈ। ਦਿੱਲੀ ਵਿੱਚ ਸਾਡੇ ਬਾਰੇ 10 ਸੀਟਾਂ ਤੋਂ ਘੱਟ ਦੀ ਭਵਿੱਖਬਾਣੀ ਕੀਤੀ ਗਈ ਸੀ, ਪਰ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਹੂੰਝਾ ਫੇਰ ਜਿੱਤ ਹਾਸਿਲ ਹੋਈ ਅਤੇ ਪਾਰਟੀ ਨੇ 70 ਵਿੱਚੋਂ 67 ਸੀਟਾਂ ਹਾਸਿਲ ਕੀਤੀਆਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਤਿਹਾਸ ਦੁਹਰਾਏਗੀ ਅਤੇ ਪੰਜਾਬ ਵਿੱਚ ਦਿੱਲੀ ਵਾਲਾ ਰਿਕਾਰਡ ਵੀ ਤੋੜਿਆ ਜਾਵੇਗਾ। ਸੰਜੇ ਸਿੰਘ ਨੇ ਕਿਹਾ ਕਿ ਪੰਜਾਬੀਆਂ ਦੀ ਹਮਾਇਤ ਅਤੇ ਰੈਲੀਆਂ ਵਿੱਚ ਭਾਰੀ ਭੀੜ ਦਰਸਾਉਂਦੀ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਹੂੰਝਾ ਫੇਰ ਜਿੱਤ ਹਾਸਿਲ ਕਰੇਗੀ।
ਜਰਨੈਲ ਸਿੰਘ ਦੀ ਉਮੀਦਵਾਰੀ ਬਾਰੇ ਗੱਲ ਕਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ ਅਤੇ ਪੰਜਾਬ ਵਿੱਚ ਵੋਟ ਲਈ ਅਪਲਾਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਰਨੈਲ ਸਿੰਘ ਹਰ ਹਾਲਤ ਵਿੱਚ ਲੰਬੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਗੇ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣਗੇ।
ਸੰਜੇ ਸਿੰਘ ਨੇ ਕਿਹਾ ਕਿ ਕਾਂਗਰਸੀ ਆਗੂਆਂ ਵੱਲੋਂ ਲੋਕਾਂ ਨਾਲ ਮੀਟਿੰਗ ਕਰਨ ਦੀ ਬਜਾਏ ਟਿਕਟ ਲੈਣ ਵਿੱਚ ਦਿਲਚਸਪੀ ਵਿਖਾਈ ਜਾ ਰਹੀ ਹੈ। ਕਈ ਮਹੀਨਿਆਂ ਤੋਂ ਸਾਰੇ ਕਾਂਗਰਸੀ ਆਗੂਆਂ ਨੇ ਦਿੱਲੀ ਵਿੱਚ ਡੇਰੇ ਲਗਾਏ ਹੋਏ ਹਨ ਅਤੇ ਲੋਕਾਂ ਨਾਲੋਂ ਉਨਾਂ ਦਾ ਸੰਪਰਕ ਟੁੱਟ ਚੁੱਕਿਆ ਹੈ।