ਵਿਧਾਇਕ ਜਰਨੈਲ ਸਿੰਘ, ਸੁੱਚਾ ਸਿੰਘ ਛੋਟੇਪੁਰ (ਪੁਰਾਣੀ ਤਸਵੀਰ)

ਪੰਜਾਬ ਦੀ ਰਾਜਨੀਤੀ

ਵਿਧਾਇਕ ਜਰਨੈਲ ਸਿੰਘ ਨੂੰ ਪੰਜਾਬ ਲਿਆ ਕੇ ਛੋਟੇਪੁਰ ਨੂੰ ਦਿੱਤੇ ਗਏ ਸੰਕੇਤ

By ਸਿੱਖ ਸਿਆਸਤ ਬਿਊਰੋ

August 21, 2016

ਚੰਡੀਗੜ੍ਹ (ਤਰਲੋਚਨ ਸਿੰਘ): ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਤੋਂ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ ਨੂੰ ਪੰਜਾਬ ਇਕਾਈ ਦਾ ਸਹਾਇਕ ਇੰਚਾਰਜ ਨਿਯੁਕਤ ਕਰਨਾ ਸਿੱਧੇ ਤੌਰ ’ਤੇ ‘ਆਪ’ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਲਈ ਖ਼ਤਰੇ ਦੀ ਘੰਟੀ ਹੈ।

ਭਰੋਸੇਯੋਗ ਸੂਤਰਾਂ ਅਨੁਸਾਰ ਹਾਈਕਮਾਂਡ ਵੱਲੋਂ ਕਈ ਮਾਮਲਿਆਂ ਵਿੱਚ ਪਾਰਟੀ ਦੇ ਫ਼ੈਸਲਿਆਂ ਦਾ ਵਿਰੋਧ ਕਰਦੇ ਆ ਰਹੇ ਛੋਟੇਪੁਰ ਨੂੰ ਹਾਸ਼ੀਏ ’ਤੇ ਕਰਨ ਦੀ ਰਣਨੀਤੀ ਬਣਾ ਲਈ ਹੈ ਅਤੇ ਉਸੇ ਦੀ ਪਹਿਲੀ ਕੜੀ ਵਜੋਂ ਆਪਣੇ ਸਿੱਖ ਵਿਧਾਇਕ ਅਤੇ ਪੰਥਕ ਹਲਕਿਆਂ ਵਿੱਚ ਸਰਗਰਮ ਜਰਨੈਲ ਸਿੰਘ ਨੂੰ ਪੰਜਾਬ ਭੇਜਿਆ ਹੈ। ਦੱਸਣਯੋਗ ਹੈ ਕਿ ਛੋਟੇਪੁਰ ਨੇ ਜਿੱਥੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਮੌਕੇ ਗੈਰਹਾਜ਼ਰ ਰਹਿ ਕੇ ਇਸ ’ਤੇ ਇਤਰਾਜ਼ ਉਠਾਏ ਸਨ ਉਥੇ ਉਮੀਦਵਾਰਾਂ ਦੀ ਦੂਸਰੀ ਸੂਚੀ ਜਾਰੀ ਕਰਨ ਮੌਕੇ ਵੀ ਉਹ ਗੈਰਹਾਜ਼ਰ ਸਨ। ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਛੋਟੇਪੁਰ ਦਾ ਗੁਣਗਾਣ ਕਰਦੇ ਆ ਰਹੇ ਹਨ। ਭਾਵੇਂ ਛੋਟੇਪੁਰ ਨੇ ਪਹਿਲਾਂ ਹੀ ਸਪੱਸ਼ਟ ਕੀਤਾ ਹੈ ਕਿ ਪਾਰਟੀ ਬਣਾਉਣ ਵਿੱਚ ਉਨ੍ਹਾਂ ਨੇ ਵੱਡੀ ਘਾਲਣਾ ਘਾਲੀ ਹੈ, ਜਿਸ ਕਾਰਨ ਉਹ ‘ਆਪ’ ਦੇ ਹੀ ਬਣੇ ਰਹਿਣਗੇ ਪਰ ਪਿਛਲੇ ਦਿਨਾਂ ਦੀਆਂ ਸਰਗਰਮੀਆਂ ਤੋਂ ਸੰਕੇਤ ਮਿਲੇ ਹਨ ਕਿ ‘ਆਪ’ ਵਿੱਚ ਕਿਸੇ ਵੇਲੇ ਵੀ ਵੱਡੀ ਆਪੋਧਾਪੀ ਪੈਦਾ ਹੋ ਸਕਦੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਛੋਟੇਪੁਰ ਵੱਲੋਂ ਯੂਥ ਮੈਨੀਫੈਸਟੋ ਦੀ ਗਲਤੀ ਸਬੰਧੀ ਆਪਣੇ-ਆਪ ਨੂੰ ਵੱਖ ਕਰਨ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਨੂੰ ਸਜ਼ਾਯਾਫਤਾ ਕਹਿਣ ਆਦਿ ਦੇ ਬਿਆਨ ਦੇਣ ਤੋਂ ਬਾਅਦ ਹੀ ਹਾਈਕਮਾਂਡ ਨੇ ਇਸ ਆਗੂ ਤੋਂ ਪਾਸਾ ਵੱਟਣਾ ਸ਼ੁਰੂ ਕਰ ਦਿੱਤਾ ਸੀ। ਫਿਰ ਛੋਟੇਪੁਰ ਵੱਲੋਂ ਐਲਾਨੇ ਉਮੀਦਵਾਰਾਂ ’ਤੇ ਉਂਗਲ ਉਠਾਉਣ ਦੀ ਕਾਰਵਾਈ ਪਾਰਟੀ ਨੂੰ ਹਜ਼ਮ ਨਹੀਂ ਹੋਈ, ਸ਼ਾਇਦ ਇਸੇ ਕਾਰਨ 12 ਅਗਸਤ ਨੂੰ ਕੇਜਰੀਵਾਲ ਨੇ ਅੱਜ ਤੱਕ ਛੋਟੇਪੁਰ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ।

ਪਹਿਲਾਂ ਕੇਜਰੀਵਾਲ ਨੇ ਸੀਨੀਅਰ ਵਕੀਲ ਐਚ.ਐਸ. ਫੂਲਕਾ ਨੂੰ ਪੰਜਾਬ ਵਿੱਚ ਸਰਗਰਮ ਕਰਕੇ ਤੇ ਫਿਰ ਟਿਕਟ ਦੇ ਕੇ ਛੋਟੇਪੁਰ ਦਾ ਖੱਪਾ ਭਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਹੁਣ ਜਰਨੈਲ ਸਿੰਘ ਨੂੰ ਪੰਜਾਬ ਇਕਾਈ ਦੀ ਅਹਿਮ ਜ਼ਿੰਮੇਵਾਰੀ ਦੇ ਕੇ ਪਾਰਟੀ ਦੇ ਪ੍ਰਮੁੱਖ ਆਗੂਆਂ ਉਪਰ ਬਾਹਰੀ ਬੰਦੇ ਹੋਣ ਦੇ ਲੱਗ ਰਹੇ ਦੋਸ਼ਾਂ ਦਾ ਜਵਾਬ ਦੇਣ ਦਾ ਰਾਹ ਲੱਭਿਆ ਹੈ। ਪਾਰਟੀ ਵੱਲੋਂ ਉਮੀਦਵਾਰਾਂ ਦੀਆਂ ਐਲਾਨੀਆਂ ਗਈਆਂ ਦੋ ਸੂਚੀਆਂ ਵਿਚਲੇ 32 ਉਮੀਦਵਾਰਾਂ ਵਿਚੋਂ ਅਮਨ ਅਰੋੜਾ ਅਤੇ ਬ੍ਰਿਗੇਡੀਅਰ ਰਾਜ ਕੁਮਾਰ ਨੂੰ ਛੱਡ ਕੇ ਬਾਕੀ ਸਾਰੇ ਸਿੱਖ ਉਮੀਦਵਾਰ ਹਨ। ਇਸ ਤਰ੍ਹਾਂ ਪਾਰਟੀ ਨੇ 30 ਸਿੱਖ ਉਮੀਦਵਾਰ ਐਲਾਨ ਕੇ ਅਤੇ ਦਿੱਲੀ ਦੇ ਸਿੱਖ ਵਿਧਾਇਕ ਜਰਨੈਲ ਸਿੰਘ ਨੂੰ ਪੰਜਾਬ ਵਿੱਚ ਭੇਜ ਕੇ ਖਾਸ ਕਰਕੇ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਪੰਜਾਬ ਇਕਾਈ ਉਪਰ ਬਾਹਰੀ ਆਗੂਆਂ ਦੇ ਭਾਰੂ ਹੋਣ ਦੇ ਲਾਏ ਜਾ ਰਹੇ ਦੋਸ਼ਾਂ ਦਾ ਜਵਾਬ ਦਿੱਤਾ ਜਾਪਦਾ ਹੈ। ਸੂਤਰਾਂ ਅਨੁਸਾਰ ਹਾਈਕਮਾਂਡ ਨੇ ਪੰਜਾਬ ਇਕਾਈ ਲਈ ਉਮੀਦਵਾਰਾਂ ਨੂੰ ਹੀ ਆਗੂਆਂ ਵਜੋਂ ਉਭਾਰ ਕੇ ਛੋਟੇਪੁਰ ਦੀ ਅਹਿਮੀਅਤ ਘਟਾਉਣ ਦੀ ਰਣਨੀਤੀ ਵੀ ਬਣਾਈ ਹੈ ਕਿਉਂਕਿ ਹੁਣ ਤੱਕ ਐਲਾਨੇ ਉਮੀਦਵਾਰਾਂ ਵਿਚੋਂ ਛੋਟੇਪੁਰ ਦੇ ਖੇਮੇ ਵਿੱਚੋਂ ਇੱਕ ਵੀ ਆਗੂ ਸ਼ਾਮਲ ਨਹੀਂ ਕੀਤਾ ਗਿਆ, ਸਗੋਂ ਉਨ੍ਹਾਂ ਦੇ ਵਿਰੋਧੀਆਂ ਨੂੰ ਉਭਾਰਿਆ ਗਿਆ ਹੈ।

ਧੰਨਵਾਦ ਸਹਿਤ: ਪੰਜਾਬੀ ਟ੍ਰਿਬਿਊਨ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: