ਚੰਡੀਗੜ੍ਹ : ਬੁੜੈਲ ਜੇਲ੍ਹ ਕੇਸ ਦੀ ਸੁਣਵਾਈ ਦੌਰਾਨ ਭਾਈ ਜਗਤਾਰ ਸਿੰਘ ਤਾਰਾ ਨੇ ਕੇਸ ਲੜਨ ਤੋਂ ਮੁੜ ਨਾਂਹ ਕਰ ਦਿੱਤੀ ਹੈ। ਉਨ੍ਹਾਂ ਨੇ ਕੇਸ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਚੱਲ ਰਹੀ ਸੁਣਵਾਈ ਦੌਰਾਨ ਅਦਾਲਤ ਨੂੰ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਉਹ ਆਪਣੇ ਵਕੀਲ ਸਿਮਰਜੀਤ ਸਿੰਘ ਕੋਲ ਵੀ ਅਜਿਹੀ ਇੱਛਾ ਪ੍ਰਗਟ ਕਰਦੇ ਰਹੇ ਹਨ।
ਦੱਸਣਯੋਗ ਹੈ ਕਿ ਭਾਈ ਜਗਤਾਰ ਸਿੰਘ ਤਾਰਾ ਦਾ ਨਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਵੀ ਸ਼ਾਮਲ ਹੈ ਅਤੇ ਉਸ ਕੇਸ ਦੀ ਸੁਣਵਾਈ ਵੱਖਰੇ ਤੌਰ ‘ਤੇ ਸ਼ੁਰੂ ਹੋਣੀ ਹੈ। ਉਹ ਜਨਵਰੀ 2004 ਵਿੱਚ ਬੇਅੰਤ ਸਿੰਘ ਕਤਲ ਕੇਸ ਦੇ ਤਿੰਨ ਸਾਥੀਆਂ ਸਮੇਤ ਜੇਲ੍ਹ ਵਿਚੋਂ ਫਰਾਰ ਹੋ ਗਏ ਸੀ, ਜਿਸ ਕਰਕੇ ਉਨ੍ਹਾਂ ਵਿਰੁੱਧ ਦੋਹਾਂ ਕੇਸਾਂ ਵਿੱਚ ਵੱਖਰੀ ਸੁਣਵਾਈ ਸ਼ੁਰੂ ਹੋ ਰਹੀ ਹੈ।
ਜੇਲ੍ਹ ਬਰੇਕ ਕੇਸ ਵਿੱਚ ਦੋ ਹੋਰ ਮੁਲਜ਼ਮ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਪਰਮਜੀਤ ਸਿੰਘ ਭਿਉਰਾ ਨੂੰ ਸਜ਼ਾ ਹੋ ਚੁੱਕੀ ਹੈ। ਇਹ ਦੋਵੇਂ ਮੁਲਜ਼ਮ ਵੀ ਜੇਲ੍ਹ ਵਿਚੋਂ ਨਾਲ ਹੀ ਫਰਾਰ ਹੋਏ ਸਨ ਪਰ ਉਹ ਪੁਲੀਸ ਦੀ ਗ੍ਰਿਫ਼ਤ ਵਿੱਚ ਪਹਿਲਾਂ ਆ ਗਏ ਸਨ ਜਦੋਂਕਿ ਭਾਈ ਜਗਤਾਰ ਸਿੰਘ ਤਾਰਾ ਨੂੰ ਪੁਲੀਸ ਨੇ ਥਾਈਲੈਂਡ ਤੋਂ ਜਨਵਰੀ ਵਿੱਚ ਗ੍ਰਿਫ਼ਤਾਰ ਕੀਤਾ ਹੈ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 14 ਅਕਤੂਬਰ ਮੁਕੱਰਰ ਕਰ ਦਿੱਤੀ ਹੈ।